ਵੀਰਵਾਰ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਤੇਜ਼ ਹਵਾ ਨਾਲ ਪੈ ਸਕਦਾ ਹੈ ਮੀਂਹ

ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਗਰਮੀ ਦਾ ਕਹਿਰ ਜਾਰੀ ਹੈ। ਦਿੱਲੀ ਸਮੇਤ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ’ਚ ਪਾਰਾ 40 ਡਿਗਰੀ ਸੈਲਸੀਅਸ ਤੋਂ ਪਾਰ ਜਾ ਰਿਹਾ ਹੈ। ਉੱਧਰ ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਪੱਛਮੀ ਦਬਾਅ ਦੇ ਸਰਗਰਮ ਹੋਣ ਨਾਲ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਮੌਸਮ ਦਾ ਮਿਜਾਜ਼ ਬਦਲੇਗਾ। ਦਿੱਲੀ ਸਮੇਤ ਕੁਝ ਜਗ੍ਹਾ ’ਤੇ ਬੱਦਲ ਛਾਏ ਰਹਿਣਗੇ, ਤੇਜ਼ ਹਵਾ ਚੱਲਣ ਦੇ ਨਾਲ ਹਲਕਾ ਮੀਂਹ ਵੀ ਪੈ ਸਕਦਾ ਹੈ। 8 ਅਪ੍ਰੈਲ ਦਾ ਦਿਨ ਦਿੱਲੀ ’ਚ ਪਿਛਲੇ 3 ਸਾਲਾਂ ’ਚ ਸਭ ਤੋਂ ਗਰਮ ਰਿਹਾ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਦਰਜ ਕੀਤਾ ਗਿਆ। ਉੱਧਰ ਪੰਜਾਬ ’ਚ ਬਠਿੰਡਾ ਅਤੇ ਫਰੀਦਕੋਟ ’ਚ ਵੱਧ ਤੋਂ ਵੱਧ ਤਾਪਮਾਨ 43.1 ਡਿਗਰੀ ਤੱਕ ਪਹੁੰਚ ਗਿਆ।
ਪਹਾੜੀ ਸੂਬਿਆਂ ’ਚ ਬੱਦਲ, ਹਲਕਾ ਮੀਂਹ ਪਿਆ
ਮੰਗਲਵਾਰ ਨੂੰ ਦੇਹਰਾਦੂਨ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ’ਚ ਸਵੇਰੇ ਤੇਜ਼ ਧੁੱਪ ਨਿਕਲੀ। ਬਾਅਦ ਦੁਪਹਿਰ ਹਵਾ ਚੱਲਣ ਲੱਗੀ ਅਤੇ ਅੰਸ਼ਕ ਬੱਦਲ ਵੀ ਦਿਸੇ। ਪਹਾੜੀ ਇਲਾਕਿਆਂ ’ਚ ਕਿਤੇ-ਕਿਤੇ ਹਲਕੀ ਬੂੰਦਾਬਾਂਦੀ ਵੀ ਹੋਈ। ਸੂਬੇ ਦੇ ਮੈਦਾਨੀ ਇਲਾਕਿਆਂ ’ਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ।
ਇਹ ਵੀ ਪੜ੍ਹੋ…ਕੀ ਤੁਸੀਂ ਵੀ ਆਫਿਸ ‘ਚ ਘੰਟਿਆਂਬੱਧੀ ਬੈਠ ਕੇ ਕਰਦੇ ਹੋ ਕੰਮ? ਅਪਣਾਓ ਇਹ ਟਿਪਸ
ਉੱਧਰ ਜੰਮੂ-ਕਸ਼ਮੀਰ ’ਚ ਪੱਛਮੀ ਦਬਾਅ ਦਾ ਅਸਰ ਮੰਗਲਵਾਰ ਨੂੰ ਦਿਸਿਆ। ਪਹਾੜਾਂ ’ਤੇ ਮੀਂਹ ਪਿਆ ਅਤੇ ਸ਼੍ਰੀਨਗਰ ਸਮੇਤ ਜ਼ਿਆਦਾਤਰ ਹੇਠਲੇ ਖੇਤਰ ’ਚ ਬੱਦਲ ਛਾਏ ਰਹੇ। ਜੰਮੂ ’ਚ ਆਸਮਾਨ ਸਾਫ ਰਿਹਾ। ਮੌਸਮ ਵਿਭਾਗ ਅਨੁਸਾਰ ਜੰਮੂ ਅਤੇ ਸ਼੍ਰੀਨਗਰ ਸਮੇਤ ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਬੁੱਧਵਾਰ ਤੇ ਵੀਰਵਾਰ ਨੂੰ ਮੀਂਹ ਪੈ ਸਕਦਾ ਹੈ। ਹਿਮਾਚਲ ਪ੍ਰਦੇਸ਼ ’ਚ 2 ਦਿਨਾਂ ਤੋਂ ਪੈ ਰਹੀ ਗਰਮੀ ਨਾਲ ਲੋਕਾਂ ਨੂੰ ਚੋਟੀਆਂ ’ਤੇ ਹੋਈ ਬਰਫਬਾਰੀ ਨਾਲ ਥੋੜ੍ਹੀ ਰਾਹਤ ਮਿਲੀ।