ਬਿਨਾਂ ਪਰਾਲੀ ਸਾੜੇ ਬੀਜੀ ਗਈ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ
ਬਠਿੰਡਾ, 20 ਨਵੰਬਰ 2024 – ਬਿਨਾਂ ਪਰਾਲੀ ਸਾੜੇ ਬੀਜੀ ਗਈ ਕਣਕ ਦੀ ਫਸਲ ਉੱਪਰ ਹੁਣ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਹਾਲਾਂਕਿ ਕੁਝ ਥਾਵਾਂ ’ਤੇ ਹੀ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਲਈ ਮਿਲਿਆ ਹੈ ਪਰ ਅਗਲੇ ਦਿਨਾਂ ਵਿਚ ਇਹ ਹਮਲਾ ਹੋਰ ਵਧਣ ਦੀ ਸੁਭਾਵਨਾ ਹੈ। ਕਣਕ ਦੀ ਅਗੇਤੀ ਬੀਜੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਦਾ ਕਾਰਨ ਮੌਸਮ ਵਿਚ ਜਿਆਦਾ ਗਰਮਾਹਟ ਹੋਣਾ ਦੱਸਿਆ ਜਾ ਰਿਹਾ ਹੈ। ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨ ਚਿੰਤਾ ਵਿਚ ਨਜ਼ਰ ਆ ਰਹੇ ਹਨ। ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜਾ ਹਮਲਾ ਕਣਕ ਦੀ ਫਸਲ ’ਤੇ ਵੇਖਣ ਲਈ ਮਿਲ ਰਿਹਾ ਹੈ, ਇਹ ਝੋਨੇ ਉੱਪਰ ਹਮਲਾ ਕਰਨ ਵਾਲੀ ਗੁਲਾਬੀ ਸੁੰਡੀ ਹੈ, ਜਦੋਂ ਕਿ ਨਰਮੇ ਉੱਪਰ ਹਮਲਾ ਕਰਨ ਵਾਲੀ ਗੁਲਾਬੀ ਸੁੰਡੀ ਹੋਰ ਹੁੰਦੀ ਹੈ। ਜ਼ਿਲ੍ਹੇ ਦੇ ਪਿੰਡ ਪੂਹਲੀ ਦੇ ਕਿਸਾਨ ਜਸਪਾਲ ਸਿੰਘ ਤੇ ਇਕਬਾਲਜੀਤ ਸਿੰਘ ਨੇ ਦੱਸਿਆ ਕਿ ਉਸਨੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਸੁਪਰ ਸੀਡਰ ਨਾਲ ਪਰਾਲੀ ਦਾ ਪ੍ਰਬੰਧਨ ਕਰ ਕੇ ਕਣਕ ਦੀ ਸਿੱਧੀ ਬਿਜਾਈ ਕੀਤੀ ਸੀ, ਪਰ ਹੁਣ ਕਣਕ ਦੀ ਫਸਲ ਦੀਆਂ ਜੜਾਂ ਵਿਚ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਲਈ ਮਿਲ ਰਿਹਾ ਹੈ। ਉਸ ਨੇ ਦੱਸਿਆ ਕਿ ਉਸਨੇ ਕਰੀਬ 12, 13 ਦਿਨ ਪਹਿਲਾਂ ਸੁਪਰ ਸੀਡਰ ਰਾਹੀਂ ਕਣਕ ਦੀ ਬਿਜਾਈ ਕੀਤੀ ਸੀ। ਉਸ ਦੇ ਖੇਤ ਵਿਚ ਬੀਜੀ ਗਈ ਕਣਕ ਉੱਘ ਚੁੱਕੀ ਹੈ, ਪਰ ਜਦੋਂ ਉਸਨੇ ਆਪਣੀ ਕਣਕ ਦਾ ਚੰਗੀ ਤਰਾਂ ਨਿਰੀਖਣ ਕੀਤਾ ਤਾਂ ਵੇਖਿਆ ਕਿ ਕਣਕ ਦੀ ਫਸਲ ਦੀਆਂ ਜੜਾਂ ਵਿਚ ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਾ ਹੈ, ਜਿਸ ਕਾਰਨ ਕਣਕ ਦੀ ਫ਼ਸਲ ਸੁਕਣੀ ਸ਼ੁਰੂ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਉਹ ਫਸਲ ਨੂੰ ਪਾਣੀ ਲਗਾਵੇਗਾ ਤਾਂ ਕਣਕ ਦਾ ਵਾਧਾ ਰੁਕ ਜਾਵੇਗਾ। ਕਿਸਾਨ ਦਾ ਕਹਿਣਾ ਸੀ ਕਿ ਉਹ ਗੁਲਾਬੀ ਸੁੰਡੀ ਦੇ ਹਮਲੇ ਨੂੰ ਲੈ ਕੇ ਕੀੜੇਮਾਰ ਜ਼ਹਿਰਾਂ ਦਾ ਛਿੜਕਾ ਕਰ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਪੂਹਲੀ ਦੇ ਕੁਝ ਖੇਤਾਂ ਵਿਚ ਕਣਕ ਦੀ ਫਸਲ ਦੀਆਂ ਜੜਾਂ ਵਿਚ ਗੁਲਾਬੀ ਸੁੰਡੀ ਦੇ ਹਮਲੇ ਨੂੰ ਦੇਖਦਿਆਂ ਹੋਰ ਕਿਸਾਨ ਵੀ ਚੌਕਸ ਹੋ ਗਏ ਹਨ। ਅਗੇਤੀ ਬੀਜੀ ਫਸਲ ਦਾ ਕਿਸਾਨਾਂ ਵੱਲੋਂ ਆਪਣੇ ਤੌਰ ’ਤੇ ਨਿਰੀਖਣ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਕਿਹਾ ਕਿ ਇਸ ਵਿਚ ਘਬਰਾਉਣ ਦੀ ਕੋਈ ਲੋੜ ਨਹੀਂ, ਸਗੋਂ ਉਹ ਕਣਕ ਦੀ ਫਸਲ ਨੂੰ ਪਾਣੀ ਲਗਾ ਦੇਣ ਅਤੇ ਜੇਕਰ ਹੋਵੇ ਤਾਂ ਉਹ ਕੀੜੇਮਾਰ ਜਹਿਰਾਂ ਦਾ ਛਿੜਕਾ ਕਰ ਦੇਣ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੀ ਪਰਾਲੀ ਦਾ ਹੱਲ ਕਰੇ।
ਵੱਧ ਗਰਮੀ ਕਾਰਨ ਹੋਇਆ ਸੁੰਡੀ ਦਾ ਹਮਲਾ : ਵਿਭਾਗ
ਇਸ ਮਾਮਲੇ ਸਬੰਧੀ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਬਲਜਿੰਦਰ ਸਿੰਘ ਦਾ ਕਹਿਣਾ ਸੀ ਕਿ ਮੌਸਮ ਵਿਚ ਜਿਆਦਾ ਗਰਮੀ ਹੋਣ ਕਾਰਨ ਇਹ ਸੁੰਡੀ ਦਾ ਹਮਲਾ ਹੋਇਆ ਹੈ। ਉਸ ਦਾ ਕਹਿਣਾ ਸੀ ਕਿ ਝੋਨੇ ਵਾਲੀ ਗੁਲਾਬੀ ਸੁੰਡੀ ਦਾ ਭਮੱਕੜ ਉਸ ਜਗ੍ਹਾ ਆਂਡੇ ਦਿੰਦਾ ਹੈ ਜਿੱਥੇ ਉਸ ਨੂੰ ਲੱਗਦਾ ਹੈ ਕਿ ਉਸ ਦੇ ਬੱਚਿਆਂ ਨੂੰ ਖਾਣ ਲਈ ਕੋਈ ਹਰੀ ਚੀਜ਼ ਮਿਲ ਸਕੇਗੀ। ਇਸ ਲਈ ਉਹ ਕਣਕ ਦੀ ਫਸਲ ਦੀਆਂ ਜੜਾਂ ਵਿਚ ਆਪਣੇ ਆਂਡੇ ਦਿੰਦਾ ਹੈ। ਹੁਣ ਉਹੀ ਆਂਡਿਆਂ ਤੋਂ ਸੁੰਡੀ ਪੈਦਾ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਖੇਤੀਬਾੜੀ ਵਿਭਾਗ ਜਿੱਥੇ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਹੈ, ਉਥੇ ਪੁੱਜ ਕੇ ਖੇਤਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਕੀੜੇਮਾਰ ਜਹਿਰਾਂ ਦੇ ਛੜਕਾ ਕਰਨ ਦੀ ਸਲਾਹ ਦੇਵੇਗਾ।