ਬਜਟ ਤੋਂ ਪਹਿਲਾਂ ਕਿਉਂ ਬਣਾਇਆ ਜਾਂਦਾ ਹੈ ਹਲਵਾ ? ਕੀ ਹੈ ਇਸ ਦਾ ਇਤਿਹਾਸ ?

ਹੁਣ ਆਮ ਬਜਟ ਦੇ ਕੁਝ ਹੀ ਦਿਨ ਬਚੇ ਹਨ। 1 ਫਰਵਰੀ ਨੂੰ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ‘ਚ ਬਜਟ ਪੇਸ਼ ਕਰੇਗੀ। ਇਸ ਬਜਟ ਵਿੱਚ ਮੱਧ ਵਰਗ ਅਤੇ ਹੇਠਲੇ ਵਰਗ ਲਈ ਕਈ ਯੋਜਨਾਵਾਂ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਜਦੋਂ ਵੀ ਬਜਟ ਨੇੜੇ ਆਉਂਦਾ ਹੈ।ਹਲਵਾ ਸੈਰੇਮਨੀ ਦੀ ਚਰਚਾ ਹੋਣ ਲਗਦੀ ਹੈ । ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਵੀ ਹੁੰਦਾ ਹੈ ਕਿ ਬਜਟ ਤੋਂ ਪਹਿਲਾਂ ਇੱਕ ਵੱਡੀ ਕੜਾਹੀ ਵਿੱਚ ਹਲਵਾ ਕਿਉਂ ਬਣਾਇਆ ਜਾਂਦਾ ਹੈ ਅਤੇ ਇਸ ਦੀ ਕੀ ਮਹੱਤਤਾ ਹੈ। ਆਓ ਜਾਣਦੇ ਹਾਂ ਇਸਦਾ ਮਕਸਦ ਕੀ ਹੈ ਅਤੇ ਇਸਦਾ ਇਤਿਹਾਸ ਕੀ ਹੈ ?
ਹਲਵਾ ਸੈਰੇਮਨੀ ਦਾ ਮਹੱਤਵ
ਭਾਰਤ ਵਿੱਚ ਇਹ ਰਿਵਾਜ ਹੈ ਕਿ ਕੋਈ ਵੀ ਸ਼ੁੱਭ ਜਾਂ ਵੱਡਾ ਕੰਮ ਕਰਨ ਤੋਂ ਪਹਿਲਾਂ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਇਸੇ ਨੂੰ ਧਿਆਨ ‘ਚ ਰੱਖਦੇ ਹੋਏ ਇਸ ਸੈਰੇਮਨੀ ਦੀ ਸ਼ੁਰੂਆਤ ਹੋਈ । ਇਸ ਸੈਰੇਮਨੀ ਦੌਰਾਨ ਵਿੱਤ ਮੰਤਰੀ ਖੁਦ ਦੂਜੇ ਅਧਿਕਾਰੀਆਂ ਨਾਲ ਮੌਜੂਦ ਰਹਿੰਦਾ ਹੈ। ਸਾਰਿਆਂ ‘ਚ ਹਲਵਾ ਵੰਡਣ ਤੋਂ ਬਾਅਦ ਬਜਟ ਦਸਤਾਵੇਜ਼ ਬਣਾਉਣ ਦਾ ਕੰਮ ਸ਼ੁਰੂ ਹੁੰਦਾ ਹੈ। ਹਲਵਾ ਸੈਰੇਮਨੀ ਕੇਵਲ ਇੱਕ ਪਰੰਪਰਾ ਨਹੀਂ ਬਲਕਿ ਬਜਟ ਸ਼ੁਰੂ ਕਰਨ ਦੀ ਪ੍ਰਕਿਰਿਆ ਦਾ ਪ੍ਰਤੀਕ ਹੈ।
ਇਹ ਸੈਰੇਮਨੀ ਬਜਟ ਪ੍ਰੈਸ ਵਿੱਚ ਹੁੰਦੀ ਹੈ। ਬਜਟ ਪ੍ਰੈਸ ਉੱਤਰੀ ਬਲਾਕ ਵਿੱਚ ਬੇਸਮੈਂਟ ਵਿੱਚ ਸਥਿਤ ਹੈ। ਇੱਥੇ ਇੱਕ ਵੱਡੀ ਕੜਾਹੀ ਵਿੱਚ ਹਲਵਾ ਬਣਾਇਆ ਜਾਂਦਾ ਹੈ ਅਤੇ ਸਾਰੇ ਅਧਿਕਾਰੀ ਹਲਵਾ ਖਾਂਦੇ ਹਨ। ਹਲਵਾ ਸਮਾਰੋਹ ਵਿੱਚ ਵਿੱਤ ਮੰਤਰੀ ਅਤੇ ਵਿੱਤ ਮੰਤਰਾਲੇ ਦੇ ਸਾਰੇ ਅਧਿਕਾਰੀ ਸ਼ਾਮਲ ਹੁੰਦੇ ਹਨ। ਇਸ ਸਮਾਗਮ ਤੋਂ ਬਾਅਦ ਬਜਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।
ਬਜਟ ਦੇ ਕੁਝ ਹਿੱਸੇ ਲੀਕ ਹੋ ਗਏ ਸਨ
1950 ਵਿੱਚ ਬਜਟ ਪੇਸ਼ ਹੋਣ ਤੋਂ ਪਹਿਲਾਂ ਹੀ ਇਸ ਦੇ ਕੁਝ ਹਿੱਸੇ ਲੀਕ ਹੋ ਗਏ ਸਨ। ਉਦੋਂ ਵਿੱਤ ਮੰਤਰੀ ‘ਤੇ ਦੇਸ਼ ਦੇ ਅਮੀਰ ਲੋਕਾਂ ਦੇ ਹਿੱਤਾਂ ‘ਚ ਕੰਮ ਕਰਨ ਦੇ ਜ਼ੋਰਦਾਰ ਦੋਸ਼ ਲੱਗੇ ਸਨ। ਉਦੋਂ ਜਾੱਨ ਮਥਾਈ ਵਿੱਤ ਮੰਤਰੀ ਸਨ। ਉਨ੍ਹਾਂ ‘ਤੇ ਕੁਝ ਉਦਯੋਗਿਕ ਘਰਾਣਿਆਂ ਜਾਂ ਅਮੀਰ ਲੋਕਾਂ ਦੇ ਹਿੱਤ ‘ਚ ਕੰਮ ਕਰਨ ਦੇ ਦੋਸ਼ ਪਹਿਲਾਂ ਹੀ ਲੱਗ ਰਹੇ ਸਨ। ਉਸ ਸਮੇਂ ਬਜਟ ਗੁਪਤ ਤਰੀਕੇ ਨਾਲ ਤਿਆਰ ਨਹੀਂ ਕੀਤਾ ਜਾਂਦਾ ਸੀ ਅਤੇ ਤਿਆਰ ਹੋਣ ਤੋਂ ਬਾਅਦ ਇਹ ਛਪਾਈ ਲਈ ਰਾਸ਼ਟਰਪਤੀ ਭਵਨ ਦੀ ਪ੍ਰੈਸ ਵਿੱਚ ਚਲਾ ਜਾਂਦਾ ਸੀ।
ਵਿੱਤ ਮੰਤਰੀ ਮਥਾਈ ਅਜਿਹੇ ਫਸੇ ਕਿ ਉਨ੍ਹਾਂ ਨੂੰ ਬਜਟ ਲੀਕ ਹੋਣ ਕਾਰਨ ਅਸਤੀਫਾ ਦੇਣਾ ਪਿਆ। ਇਸ ਤੋਂ ਬਾਅਦ ਬਜਟ ਦੀ ਛਪਾਈ ਰਾਸ਼ਟਰਪਤੀ ਭਵਨ ਦੀ ਪ੍ਰੈਸ ਤੋਂ ਮਿੰਟੋ ਰੋਡ ’ਤੇ ਸਥਿਤ ਸਰਕਾਰੀ ਪ੍ਰੈਸ ਵਿੱਚ ਤਬਦੀਲ ਕਰ ਦਿੱਤੀ ਗਈ।
ਅਗਲੇ ਸਾਲ 1951 ਵਿੱਚ ਜਦੋਂ ਬਜਟ ਪੇਸ਼ ਕੀਤਾ ਗਿਆ ਤਾਂ ਇਸ ਨੂੰ ਤਿਆਰ ਕਰਨ ਵਾਲੇ ਲੋਕਾਂ ਨੂੰ ਮੰਤਰਾਲੇ ਦੇ ਅੰਦਰ ਰਹਿ ਕੇ ਹੀ ਬਜਟ ਤਿਆਰ ਕਰਨ ਲਈ ਕਿਹਾ ਗਿਆ। ਇਸ ਤੋਂ ਪਹਿਲਾਂ ਹਲਵਾ ਬਣਾਉਣ ਦੀ ਰਸਮ ਹੋਈ। ਫਿਰ ਸਾਰੇ ਅਫਸਰ ਬਜਟ ਤਿਆਰ ਕਰਨ ਲਈ ਠੀਕ 9-10 ਦਿਨਾਂ ਲਈ ਸਾਰਿਆਂ ਤੋਂ ਅਲੱਗ ਹੋ ਗਏ।
ਇਹ ਵੀ ਪੜ੍ਹੋ…ਕਦੋਂ ਸ਼ੁਰੂ ਹੋਈ ਭਾਰਤ ‘ਚ 26 ਜਨਵਰੀ ‘ਤੇ ਚੀਫ ਗੈਸਟ ਬੁਲਾਉਣ ਦੀ ਪਰੰਪਰਾ, ਜਾਣੋ ਕਿਵੇਂ ਚੁਣਿਆ ਜਾਂਦਾ ਹੈ ਮੁੱਖ ਮਹਿਮਾਨ?
10 ਦਿਨ ਨੌਰਥ ਬਲਾਕ ਦੇ ਬੇਸਮੈਂਟ ਵਿੱਚ ਹੀ ਰਹਿੰਦੇ ਹਨ ਅਧਿਕਾਰੀ
ਹਲਵਾ ਸਮਾਰੋਹ ਤੋਂ ਬਾਅਦ ਬਜਟ ਛਾਪਣ ਵਾਲੇ 100 ਤੋਂ ਵੱਧ ਮੁਲਾਜ਼ਮ ਅਤੇ ਅਧਿਕਾਰੀ ਨਾਰਥ ਬਲਾਕ ਵਿੱਚ ਹੀ ਰੁਕਦੇ ਹਨ। ਇਹ ਲੋਕ ਨੌਰਥ ਬਲਾਕ ਦੇ ਬੇਸਮੈਂਟ ਵਿੱਚ ਹੀ 10 ਦਿਨਾਂ ਤੱਕ ਰਹਿੰਦੇ ਹਨ ਅਤੇ ਵਿੱਤ ਮੰਤਰੀ ਦੇ ਬਜਟ ਭਾਸ਼ਣ ਤੋਂ ਬਾਅਦ ਹੀ ਸਾਹਮਣੇ ਆਉਂਦੇ ਹਨ।ਉਹ ਨਾ ਤਾਂ ਕਿਤੇ ਬਾਹਰ ਜਾ ਸਕਦੇ ਹਨ ਅਤੇ ਨਾ ਹੀ ਕਿਸੇ ਨਾਲ ਫ਼ੋਨ ‘ਤੇ ਗੱਲ ਕਰ ਸਕਦੇ ਹਨ। ਇਹ ਅਧਿਕਾਰੀ ਅਤੇ ਕਰਮਚਾਰੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਨਹੀਂ ਕਰ ਸਕਦੇ। ਉਨ੍ਹਾਂ ਦਾ ਬਾਹਰੀ ਸੰਸਾਰ ਨਾਲ ਕੋਈ ਸੰਪਰਕ ਨਹੀਂ ਰਹਿੰਦਾ। ਇਹ ਇੱਕ ਨਿਯਮ ਹੈ ਤਾਂ ਜੋ ਬਜਟ ਨਾਲ ਜੁੜੀ ਕੋਈ ਵੀ ਜਾਣਕਾਰੀ ਲੀਕ ਨਾ ਹੋਵੇ।
ਇੱਕ ਵਾਰ ਨਹੀਂ ਹੋਈ ਸੀ ਹਲਵਾ ਸੈਰੇਮਨੀ
ਕੋਰੋਨਾ ਮਹਾਂਮਾਰੀ ਦੇ ਸਮੇਂ ਪ੍ਰੋਟੋਕੋਲ ਦੇ ਮੱਦੇਨਜ਼ਰ ਸਾਲ 2022 ਵਿੱਚ ਹਲਵਾ ਸਮਾਰੋਹ ਨਹੀਂ ਮਨਾਇਆ ਗਿਆ ਸੀ। ਉਸ ਸਾਲ ਦਾ ਬਜਟ ਦਸਤਾਵੇਜ਼ੀ ਰੂਪ ਵਿੱਚ ਵੀ ਪੇਸ਼ ਨਹੀਂ ਕੀਤਾ ਗਿਆ ਸੀ। ਸਗੋਂ ਇਸ ਨੂੰ ਡਿਜੀਟਲ ਰੂਪ ਵਿੱਚ ਪੇਸ਼ ਕੀਤਾ ਗਿਆ। ਉਸ ਸਮੇਂ ਹਲਵੇ ਦੀ ਰਸਮ ਦੀ ਥਾਂ ਮਠਿਆਈ ਵੰਡੀ ਗਈ ਸੀ। ਕੋਵਿਡ ਤੋਂ ਬਾਅਦ, ਹਲਵਾ ਸਮਾਰੋਹ ਦੁਬਾਰਾ ਆਯੋਜਿਤ ਕੀਤਾ ਜਾ ਰਿਹਾ ਹੈ।
ਬਜਟ ਅਤੇ ਮੋਬਾਇਲ ਐਪ
ਇਸ ਸਾਲ ਵੀ ਬਜਟ ਹਰ ਸਾਲ ਦੀ ਤਰ੍ਹਾਂ ਯੂਨੀਅਨ ਬਜਟ ਐਪ ਤੇ ਉਪਲੱਬਧ ਹੋਵੇਗਾ। ਇਹ ਐਪ ਐਂਡਰਾਇਡ ਅਤੇ ਐਪਲ ਦੋਨਾਂ ਫੋਨਾਂ ਤੇ ਡਾਊਨਲੋਡ ਕੀਤੀ ਜਾ ਸਕਦੀ ਹੈ। 1 ਫਰਵਰੀ 2025 ਨੂੰ ਵਿੱਤ ਮੰਤਰੀ ਦਾ ਭਾਸ਼ਣ ਸਮਾਪਤ ਹੋਣ ਤੋਂ ਬਾਅਦ ਬਜਟ ਨਾਲ ਸੰਬੰਧਿਤ ਦਸਤਾਵੇਜ਼ ਇਸ ਐਪ ਤੇ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਬਜਟ ਪੇਸ਼ ਹੋਣ ਤੋਂ ਬਾਅਦ ਫਾਈਨਾਂਸ ਮਿਨੀਸਟਰੀ ਦੀ ਐਪ ‘ਤੇ ਵੀ ਬਜਟ ਦੇਖਿਆ ਜਾ ਸਕਦਾ ਹੈ।
2 thoughts on “ਬਜਟ ਤੋਂ ਪਹਿਲਾਂ ਕਿਉਂ ਬਣਾਇਆ ਜਾਂਦਾ ਹੈ ਹਲਵਾ ? ਕੀ ਹੈ ਇਸ ਦਾ ਇਤਿਹਾਸ ?”