ਸਕੂਲ ਦੇ ਬਾਹਰ ਹੰਗਾਮਾ ਕਰਨ ਵਾਲੇ ਵਿਦਿਆਰਥੀਆਂ ਨੂੰ ਪੁਲਿਸ ਨੇ ਦਿੱਤੀ ਅਨੋਖੀ ਸਜ਼ਾ
ਫਰੀਦਕੋਟ, 25 ਨਵੰਬਰ 2024 – ਇੱਥੋਂ ਦੇ ਇੱਕ ਪ੍ਰਾਈਵੇਟ ਸਕੂਲ ਦੇ ਬਾਹਰ ਹੰਗਾਮਾ ਕਰਨ ਵਾਲੇ ਵਿਦਿਆਰਥੀਆਂ ਨੂੰ ਪੁਲਿਸ ਨੇ ਅਨੋਖੀ ਸਜ਼ਾ ਦਿੱਤੀ ਹੈ। ਇਹ ਸਾਰੇ ਸਕੂਲ ਸਮੇਂ ਤੋਂ ਬਾਅਦ ਪੁਲਿਸ ਦੇ ਟ੍ਰੈਫਿਕ ਵਿੰਗ ਨਾਲ ਇੱਕ ਹਫ਼ਤੇ ਤੱਕ ਸੇਵਾਵਾਂ ਦੇਣਗੇ। ਦੱਸ ਦੇਈਏ ਕਿ ਸ਼ਨੀਵਾਰ ਨੂੰ ਇਕ ਪ੍ਰਾਈਵੇਟ ਸਕੂਲ ਦੇ ਬਾਹਰ ਵਿਦਿਆਰਥੀਆਂ ਨੇ ਹੰਗਾਮਾ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਰੋਕਣ ਆਈ ਪੀ.ਸੀ.ਆਰ ਟੀਮ ਦੇ ਮੋਟਰਸਾਈਕਲ ’ਤੇ ਵੀ ਮੁਲਜ਼ਮਾਂ ਨੇ ਕਾਰ ਚੜ੍ਹਾ ਦਿੱਤੀ। ਪੁਲਿਸ ਮੁਲਾਜ਼ਮ ਬਾਲ ਬਾਲ ਬੱਚ ਗਏ। ਸੀਸੀਟੀਵੀ ਫੁਟੇਜ ਅਤੇ ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਵਿਦਿਆਰਥੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ।
ਐਸਐਸਪੀ ਡਾਕਟਰ ਪ੍ਰਗਿਆ ਜੈਨ ਅਨੁਸਾਰ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਬਜਾਏ ਉਨ੍ਹਾਂ ਨੂੰ ਅਨੋਖੀ ਸਜ਼ਾ ਦਿੱਤੀ ਹੈ। ਜਿਸ ਤਹਿਤ ਦੋਸ਼ੀ ਇਕ ਹਫਤੇ ਤੱਕ ਸਕੂਲ ਸਮੇਂ ਤੋਂ ਬਾਅਦ ਟ੍ਰੈਫਿਕ ਪੁਲਿਸ ਨੂੰ ਆਪਣੀਆਂ ਸੇਵਾਵਾਂ ਦੇਣਗੇ। ਇਸ ਮਾਮਲੇ ਨੂੰ ਲੈ ਕੇ ਡੀਸੀਪੀ ਤ੍ਰਿਲੋਚਨ ਸਿੰਘ ਨੇ ਵੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਥਾਣੇ ਬੁਲਾਇਆ ਅਤੇ ਭਵਿੱਖ ਵਿੱਚ ਆਪਣੇ ਬੱਚਿਆਂ ਦਾ ਧਿਆਨ ਰੱਖਣ ਦੀ ਹਦਾਇਤ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਮਾਪਿਆਂ ਨੇ ਪੁਲਿਸ ਦੀ ਕਾਰਵਾਈ ‘ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ | ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਆਪਣੇ ਬੱਚਿਆਂ ਦੀ ਦੇਖਭਾਲ ਕਰਨਗੇ ਤਾਂ ਜੋ ਉਹ ਸਿਰਫ਼ ਪੜ੍ਹਾਈ ਵਿਚ ਹੀ ਧਿਆਨ ਦੇ ਸਕਣ। ਇਸ ਮਾਮਲੇ ਸਬੰਧੀ ਡੀ.ਐਸ.ਪੀ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਡਾ.ਪ੍ਰਗਿਆ ਜੈਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਚੁੱਕਿਆ ਹੈ, ਤਾਂ ਜੋ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਉਨ੍ਹਾਂ ਦਾ ਭਵਿੱਖ ਵੀ ਖ਼ਰਾਬ ਨਾ ਹੋਵੇ |