ਤਾਏ ਦੇ ਫੁੱਲ ਚੁਗਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਪਟਿਆਲਾ, 29 ਨਵੰਬਰ 2024 – ਅੱਜ ਸਵੇਰੇ ਮੜੀਆਂ ਵਿੱਚ ਤਾਏ ਦੇ ਫੁੱਲ ਚੁਗਣ ਆਏ ਨੌਜਵਾਨ ਦਾ ਦੋ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਵਨੀਤ ਸਿੰਘ ਵਾਸੀ ਸਨੌਰੀ ਅੱਡਾ ਪਟਿਆਲਾ ਵਜੋਂ ਹੋਈ ਹੈ। ਵਾਰਦਾਤ ਦਾ ਪਤਾ ਲੱਗਦਿਆਂ ਸੀਆਈਏ ਸਟਾਫ ਅਤੇ ਥਾਣਾ ਕੋਤਵਾਲੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਨਵਨੀਤ ਸਿੰਘ ਦੇ ਤਾਇਆ ਦੀ ਮੌਤ ਹੋ ਗਈ ਸੀ। ਸ਼ੁੱਕਰਵਾਰ ਦੀ ਸਵੇਰ ਨਵਨੀਤ ਸਿੰਘ ਕਲੋੜੀ ਗੇਟ ਸਥਿਤ ਸ਼ਮਸ਼ਾਨ ਘਾਟ ਵਿੱਚ ਫੁੱਲ ਚੁਗਣ ਲਈ ਪਹੁੰਚਿਆ ਸੀ। ਨਵਨੀਤ ਆਪਣੀ ਕਾਰ ਪਾਰਕਿੰਗ ਵਿੱਚ ਲਗਾ ਕੇ ਹਲੇ ਸ਼ਮਸ਼ਾਨ ਘਾਟ ਦੇ ਅੰਦਰ ਪਹੁੰਚਿਆ ਹੀ ਸੀ ਕਿ ਇੱਥੇ ਪਹਿਲਾਂ ਤੋਂ ਹੀ ਬੈਠੇ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਮੌਕੇ ‘ਤੇ ਪੁੱਜੇ ਐੱਸ ਪੀ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਸਵੇਰੇ ਕਰੀਬ ਸਵਾ 9 ਵਜੇ ਵਾਰਦਾਤ ਦੀ ਸੂਚਨਾ ਮਿਲੀ ਸੀ। 315 ਬੋਰ ਪਿਸਟਲ ਰਾਹੀਂ ਦੋ ਗੋਲੀਆਂ ਚਲਾਈਆਂ ਗਈਆਂ ਹਨ। ਐਸਪੀ ਅਨੁਸਾਰ ਮੁਲਜ਼ਮਾਂ ਸਬੰਧੀ ਕਾਫੀ ਜਾਣਕਾਰੀ ਹਾਸਿਲ ਕੀਤੀ ਜਾ ਚੁੱਕੀ ਹੈ। ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਕਤਲ ਦੇ ਕਾਰਨ ਦੇ ਸਵਾਲ ‘ਤੇ ਐਸਪੀ ਨੇ ਕਿਹਾ ਕਿ ਇਸ ਬਾਰੇ ਕੁਝ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ।