ਬਠਿੰਡਾ : ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ‘ਯੁਵਾ ਸਾਹਿਤੀ’ ਸਮਾਗਮ ਕਰਵਾਇਆ
ਬਠਿੰਡਾ, 25 ਨਵੰਬਰ 2024 – ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਦੇਸ਼ ਭਰ ਵਿੱਚ ਕਰਵਾਏ ਜਾ ਰਹੇ ਸਾਹਿਤਕ ਪ੍ਰੋਗਰਾਮਾਂ ਦੀ ਲੜੀ ਤਹਿਤ ਸਥਾਨਕ ਟੀਚਰਜ ਹੋਮ ਵਿਖੇ ਕੋਆਰਡੀਨੇਟਰ ਜਸਪਾਲ ਮਾਨਖੇੜਾ ਮੈਂਬਰ ਸਲਾਹਕਾਰ ਬੋਰਡ ਸਾਹਿਤ ਅਕਾਦਮੀ ਦੇ ਯਤਨਾਂ ਸਦਕਾ ‘ਯੁਵਾ ਸਾਹਿਤੀ’ ਸਾਹਿਤਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਦੋ ਕਵੀਆਂ ਅਮਨ ਦਾਤੇਵਾਸੀਆ ਨੇ ਤਰੰਨਮ ਵਿੱਚ ਗ਼ਜ਼ਲਾਂ ਪੇਸ਼ ਕੀਤੀਆਂ ਅਤੇ ਦਵੀ ਸਿੱਧੂ ਨੇ ਕਵਿਤਾਵਾਂ ਦਾ ਪਾਠ ਕੀਤਾ। ਇਸੇ ਤਰ੍ਹਾਂ ਕਹਾਣੀਕਾਰ ਅਮਰਜੀਤ ਸਿੰਘ ਮਾਨ ਨੇ ਕਹਾਣੀ ‘ਗਤੀ’ ਸੁਣਾਈ, ਜਿਸ ਵਿੱਚ ਮਨੁੱਖੀ ਗਤੀ ਪ੍ਰੰਪਰਾ ਨੂੰ ਰੂਪਮਾਨ ਕਰਦਿਆਂ ਮਨੁੱਖੀ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਗੱਲ ਕੀਤੀ। ਦੂਜੇ ਕਹਾਣੀਕਾਰ ਅਗਾਜਬੀਰ ਨੇ ਕਹਾਣੀ ‘ਅਣਪਛਾਤਾ ਖਾੜਕੂ’ ਪੜ੍ਹ ਕੇ ਸੁਣਾਈ। ਇਸ ਕਹਾਣੀ ਵਿੱਚ ਆਰਥਿਕ ਅਤੇ ਸਮਾਜਿਕ ਤੌਰ ਤੇ ਪਛੜੇ ਪਰਿਵਾਰ ਦੇ ਬੱਚੇ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਬਿਰਤਾਂਤ ਸਿਰਜਿਆ ਗਿਆ ਸੀ।
ਪੇਸ਼ ਕੀਤੀਆਂ ਕਵਿਤਾਵਾਂ ਉੱਪਰ ਡਾ: ਜਸਪਾਲਜੀਤ ਸਿੰਘ ਅਤੇ ਕਹਾਣੀਆਂ ਉੱਪਰ ਡਾ: ਗੁਰਪ੍ਰੀਤ ਸਿੰਘ ਨੇ ਸੰਖੇਪ ਅਤੇ ਭਾਵਪੂਰਤ ਟਿੱਪਣੀਆਂ ਕੀਤੀਆਂ। ਇਸ ਮੌਕੇ ਮਾਨਖੇੜਾ ਨੇ ਦੱਸਿਆ ਕਿ ਭਾਰਤੀ ਸਾਹਿਤ ਅਕਾਦਮੀ ਵੱਲੋਂ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਜਲਦੀ ਹੀ ਹੋਰ ਪ੍ਰੋਗਰਾਮ ਉਲੀਕੇ ਜਾਣਗੇ। ਸਮੂਹ ਲੇਖਕਾਂ ਤੇ ਸਰੋਤਿਆਂ ਨੂੰ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਜੀ ਆਇਆਂ ਕਿਹਾ ਅਤੇ ਅੰਤ ਵਿੱਚ ਟੀਚਰਜ ਹੋਮ ਟਰੱਸਟ ਬਠਿੰਡਾ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਸਭਨਾਂ ਦਾ ਧੰਨਵਾਦ ਕੀਤਾ।