ਸੂਚਨਾ ਮਿਲਦੇ ਹੀ ਡਾ. ਬਲਜੀਤ ਕੌਰ ਨੇ ਦਿੱਤੇ ਤੁਰਤ ਕਾਰਵਾਈ ਦੇ ਹੁਕਮ, ਅਧਿਕਾਰੀਆਂ ਨੇ ਮੌਕੇ ‘ਤੇ ਜਾ ਕੇ ਰੁਕਵਾਇਆ ਬਾਲ ਵਿਆਹ
ਰੂਪਨਗਰ, 21 ਨਵੰਬਰ 2024 – ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲੀ ਕਿ ਰੂਪਨਗਰ ਵਿੱਚ ਇੱਕ ਪਰਿਵਾਰ ਵੱਲੋਂ ਨਾਬਾਲਿਗ ਲੜਕੇ ਦਾ ਵਿਆਹ ਕਰਵਾਇਆ ਜਾ ਰਿਹਾ ਹੈ। ਇਸ ਤੇ ਤੁਰੰਤ ਕਾਰਵਾਈ ਕਰਦਿਆਂ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਛਾਣਬੀਣ ਕਰਨ ਅਤੇ ਲੋੜੀਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਬਾਲ ਵਿਆਹ ਵਿਰੋਧੀ ਕਾਨੂੰਨ ਦੀ ਉਲੰਘਣਾ ਸਬੰਧੀ ਜਾਣਕਾਰੀ ਚਾਈਲਡਲਾਈਨ ਰਾਹੀਂ ਮਿਲੀ ਕਿ ਪਿੰਡ ਆਸਪੁਰ ਕੋਟਾਂ ਜ਼ਿਲ੍ਹਾ ਰੂਪਨਗਰ ਦੇ 17 ਸਾਲਾਂ ਦੇ ਲੜਕੇ ਦਾ ਵਿਆਹ ਕੀਤਾ ਜਾ ਰਿਹਾ ਹੈ ਜੋ ਕਿ ਨਾਬਾਲਿਗ ਹੈ। ਕੈਬਨਿਟ ਮੰਤਰੀ ਦੇ ਆਦੇਸ਼ਾਂ ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਾਲ ਵਿਆਹ ਰੋਕੂ ਅਧਿਕਾਰੀ ਨੂੰ ਨਾਲ ਲੈ ਕੇ ਕਾਰਵਾਈ ਕੀਤੀ।
ਡੀ.ਸੀ.ਪੀ.ਯੂ. ਅਤੇ ਡੀ.ਐਮ.ਪੀ.ਓ ਦੀ ਟੀਮ ਨੇ ਪਿੰਡ ਆਸਪੁਰ ਕੋਟਾਂ ਦੇ ਪੰਚਾਇਤ ਮੈਂਬਰਾਂ, ਵਿਆਹ ਵਾਲਾ ਲੜਕਾ ਅਤੇ ਲੜਕੀ ਦੇ ਪਰਿਵਾਰਾਂ ਅਤੇ ਪੈਲਸ ਦੇ ਮਾਲਕ ਨੂੰ ਸ਼ਾਮਲ ਕਰਦੇ ਹੋਏ ਵਿਆਹ ਦੀਆਂ ਤਿਆਰੀਆਂ ਰੋਕ ਦਿੱਤੀਆਂ। ਇਸ ਮੌਕੇ ਤੇ ਦੋਨਾਂ ਪਾਰਟੀਆਂ ਦੇ ਬਿਆਨ ਦਰਜ ਕੀਤੇ ਗਏ। ਟੀਮ ਵੱਲੋਂ ਲੜਕੇ ਅਤੇ ਲੜਕੀ ਨੂੰ ਸਮਝਾਇਆ ਗਿਆ। ਪਰਿਵਾਰ ਨੇ ਟੀਮ ਨੂੰ ਭਰੋਸਾ ਦਿੱਤਾ ਕਿ ਬੱਚਾ ਅਗਲੇ ਦਿਨ ਤੋਂ ਸਕੂਲ ਜਾਵੇਗਾ।