ਡਿਪਟੀ ਕਮਿਸ਼ਨਰ ਨੇ ਸ਼ਹਿਰ ਬਠਿੰਡਾ ਚ ਬਣਨ ਵਾਲੇ ਨਵੇਂ ਬੱਸ ਸਟੈਂਡ ਨੂੰ ਲੈ ਕੇ ਕੀਤੀ ਸਮੀਖਿਆ ਮੀਟਿੰਗ

Share:

ਧੋਬੀਆਣਾ ਰੋਡ ਵਿਖੇ ਮਕਾਨ ਉਸਾਰੇ ਜਾਣ ਦੀ ਯੋਜਨਾ ਬਾਰੇ ਵੀ ਕੀਤੀ ਜਾਣਕਾਰੀ ਸਾਂਝੀ


ਬਠਿੰਡਾ, 6 ਦਸੰਬਰ 2024 – ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਬਠਿੰਡਾ ਵਿਖੇ ਬਣਨ ਵਾਲੇ ਨਵੇਂ ਬੱਸ ਸਟੈਂਡ ਨੂੰ ਲੈ ਕੇ ਅਤੇ ਧੋਬੀਆਣਾ ਰੋਡ ਵਿਖ ਬਣਨ ਵਾਲੇ ਫਲੈਟਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਜਿੰਨ੍ਹਾਂ ਚ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ, ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਨੀਲ ਗਰਗ, ਚੇਅਰਮੈਨ ਆਬਕਾਰੀ ਅਤੇ ਕਰ ਵਿਭਾਗ ਅਨਿੱਲ ਠਾਕੁਰ, ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ, ਕਾਂਗਰਸ ਦੇ ਨੁਮਾਇੰਦੇ ਰਾਜਨ ਗਰਗ, ਬੀਜੇਪੀ ਤੋਂ ਸਰੂਪ ਚੰਦ ਸਿੰਗਲਾ, ਕੌਂਸਲਰ ਸੁਖਦੀਪ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨ (ਸ਼ਹਿਰੀ ਵਿਕਾਸ) ਨਰਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਨਗਰ ਨਿਗਮ, ਪੀਆਰਟੀਸੀ, ਟਾਊਨ ਪਲਾਨਰ, ਪ੍ਰਾਈਵੇਟ ਬੱਸ ਯੂਨੀਅਨ ਦੇ ਨੁਮਾਇੰਦੇ, ਸ਼ਹਿਰ ਦੇ ਵਪਾਰ ਮੰਡਲ, ਦੁਕਾਨਾਦਾਰਾਂ ਦੇ ਨੁਮਾਇੰਦੇ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਆਦਿ ਹਾਜ਼ਰ ਰਹੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸ਼ਹਿਰ ਦੀ ਟ੍ਰੈਫ਼ਿਕ ਸਮੱਸਿਆ ਦੇ ਹੱਲ ਅਤੇ ਸ਼ਹਿਰ ਦੇ ਪੂਰਨ ਵਿਕਾਸ ਲਈ ਬੱਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਟ੍ਰੈਫ਼ਿਕ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ ਉਥੇ ਹੀ ਸ਼ਹਿਰ ਦੇ ਹੋਰ ਵਿਕਾਸ ਲਈ ਵੀ ਨਵਾਂ ਬੱਸ ਸਟੈਂਡ ਅਹਿਮ ਭੂਮਿਕਾ ਅਦਾ ਕਰੇਗਾ।

ਇਹ ਵੀ ਪੜ੍ਹੋ…ਸਿਹਤਮੰਦ ਭੋਜਨ, ਪੁਰਾਤਨ ਸੱਭਿਆਚਾਰ ਤੇ ਸਾਹਿਤ ਨਾਲ ਜੋੜਣ ਲਈ ਸਹਾਈ ਸਿੱਧ ਹੋਵੇਗਾ “ਮੇਲਾ ਜਾਗਦੇ ਜੁਗਨੂੰਆਂ ਦਾ” : ਵਿਧਾਇਕ ਜਗਰੂਪ ਗਿੱਲ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਜੂਦਾ ਸਮੇਂ ਚੱਲ ਰਹੇ ਬੱਸ ਸਟੈਂਡ ਨੂੰ ਬੰਦ ਨਹੀਂ ਕੀਤਾ ਜਾਵੇਗਾ, ਸਗੋਂ ਇਸ ਨੂੰ ਲੋਕਲ ਬੱਸ ਸਟੈਂਡ ਦੇ ਰੂਪ ਵਿਚ ਤਬਦੀਲ ਕੀਤਾ ਜਾਵੇਗਾ ਅਤੇ ਨਗਰ ਨਿਗਮ ਅਤੇ ਪੀਆਰਟੀਸੀ ਵੱਲੋਂ ਸ਼ਹਿਰ ਵਾਸੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਲੋਕਲ ਬੱਸਾਂ ਚਲਾਈਆਂ ਜਾਣਗੀਆਂ ਤਾਂ ਜੋ ਸ਼ਹਿਰ ਵਾਸੀਆਂ ਅਤੇ ਆਮ ਲੋਕ ਜੋ ਸ਼ਹਿਰ ਵਿੱਚ ਆਪਣੇ ਕੰਮ ਕਾਜ ਲਈ ਆਉਂਦੇ ਹਨ, ਨੂੰ ਲੋਕਲ ਸਫ਼ਰ ਕਰਦਿਆਂ ਇੱਕ ਤੋਂ ਦੂਜੇ ਸਥਾਨ ਤੇ ਜਾਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਦੁਕਾਨਦਾਰ, ਵਪਾਰੀ, ਸ਼ਹਿਰ ਵਾਸੀ, ਆਮ ਲੋਕ, ਟਰਾਂਸਪੋਰਟਰ ਆਦਿ ਸਾਰਿਆਂ ਦੇ ਕੰਮ ਧੰਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਨਵਾਂ ਨਵਾਂ ਬੱਸ ਸਟੈਂਡ ਉਸਾਰਿਆ ਜਾਵੇਗਾ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਧੋਬੀਆਣਾ ਰੋਡ ਤੇ ਪੁੱਡਾ ਵੱਲੋਂ ਬਣਾਏ ਜਾਣ ਵਾਲੇ ਫਲੈਟਾਂ ਸਬੰਧੀ ਵੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫਲੈਟਾਂ ਲਈ ਪਾਰਕ, ਸਕੂਲ ਤੇ ਕਮਿਊਨਿਟੀ ਹਾਲ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। 
    ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਵਿਕਾਸ ਕਾਰਜਾਂ ਲਈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਆਦਿ ਤੋਂ ਸੁਝਾਅ ਲਏ ਗਏ। ਸ਼ਹਿਰ ਦੇ ਇਨ੍ਹਾਂ ਵਿਕਾਸ ਕਾਰਜਾਂ ਉਪਰ ਉਨ੍ਹਾਂ ਵੱਲੋਂ ਆਪਣੇ-ਆਪਣੇ ਸੁਝਾਅ ਦੇਣ ਦੇ ਨਾਲ-ਨਾਲ ਇਨ੍ਹਾਂ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਆਪਣੀ ਸਹਿਮਤੀ ਵੀ ਪ੍ਰਗਟਾਈ।

Leave a Reply

Your email address will not be published. Required fields are marked *