ਸਰਦੀਆਂ ‘ਚ ਪੀਓ ਹਲਦੀ ਵਾਲਾ ਦੁੱਧ, ਸਿਹਤ ਲਈ ਹੈ ਵਰਦਾਨ
ਅੱਜ ਅਸੀਂ ਜਿਸ ਪੀਲੇ ਦੁੱਧ ਦੀ ਗੱਲ ਕਰ ਰਹੇ ਹਾਂ ਉਸ ਨੂੰ ਗੋਲਡਨ ਦੁੱਧ ਵੀ ਕਿਹਾ ਜਾਂਦਾ ਹੈ ਯਾਨੀ ਹਲਦੀ ਵਾਲਾ ਦੁੱਧ, ਜੋ ਸਿਹਤ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦਾ ਹੈ।
ਆਯੁਰਵੇਦ ਵਿਚ ਇਸ ਦੀ ਵਰਤੋਂ ਦਵਾਈ ਦੇ ਤੌਰ ’ਤੇ ਕੀਤੀ ਜਾਂਦੀ ਹੈ। ਇਸ ਵਿਚ ਮੌਜੂਦ ਐਂਟੀ-ਇੰਫ਼ਲੇਮੇਟਰੀ, ਐਂਟੀ-ਆਕਸੀਡੈਂਟ ਅਤੇ ਐਂਟੀ-ਡਾਇਬੀਟਿਕ ਗੁਣ ਸਿਹਤ ਲਈ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹਨ। ਹਲਦੀ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫ਼ਲੇਮੇਟਰੀ ਗੁਣ ਦਿਲ ਨੂੰ ਸਿਹਤਮੰਦ ਰਖਦੇ ਹਨ। ਇਸ ਤੋਂ ਇਲਾਵਾ ਇਹ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਵਿਚ ਵੀ ਕਾਰਗਰ ਹੈ।
ਹਲਦੀ ਵਾਲਾ ਦੁੱਧ, ਜੋ ਐਂਟੀਵਾਇਰਲ, ਐਂਟੀਫ਼ੰਗਲ ਅਤੇ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ, ਇਸ ਨੂੰ ਪੀਣ ਨਾਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸ ਨਾਲ ਸਾਡੇ ਸਰੀਰ ਨੂੰ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਜ਼ੁਕਾਮ ਅਤੇ ਖਾਂਸੀ ਤੋਂ ਛੁਟਕਾਰਾ ਪਾਉਣ ਲਈ ਹਲਦੀ ਵਾਲੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਬਲੱਡ ਸ਼ੂਗਰ ਲੈਵਲ ਵਧਣ ਨਾਲ ਸਰੀਰ ਵਿਚ ਸਿਹਤ ਸਬੰਧੀ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਅਜਿਹੇ ਵਿਚ ਸ਼ੂਗਰ ਦੇ ਮਰੀਜ਼ਾਂ ਲਈ ਰੋਜ਼ਾਨਾ ਹਲਦੀ ਵਾਲੇ ਦੁੱਧ ਦਾ ਸੇਵਨ ਕਰਨਾ ਚੰਗਾ ਹੁੰਦਾ ਹੈ ਪਰ ਅਜਿਹਾ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ।
ਸਰੀਰ ਦੇ ਕਿਸੇ ਵੀ ਦਰਦ ਤੋਂ ਰਾਹਤ ਪਾਉਣ ਲਈ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ। ਇਸ ਦੇ ਐਂਟੀ-ਇੰਫ਼ਲੇਮੇਟਰੀ ਗੁਣ ਗੋਡਿਆਂ ਦੇ ਦਰਦ ਅਤੇ ਸੋਜ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ। ਹਲਦੀ ਦੇ ਦੁੱਧ ਵਿਚ ਮੌਜੂਦ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫ਼ਲੇਮੇਟਰੀ ਗੁਣ ਪਾਚਨ ਕਿਰਿਆ ਨੂੰ ਠੀਕ ਕਰਦੇ ਹਨ। ਇਸ ਦੁੱਧ ਨੂੰ ਥੋੜ੍ਹਾ ਜਿਹਾ ਘਿਉ ਮਿਲਾ ਕੇ ਪੀਣ ਨਾਲ ਅੰਤੜੀਆਂ ਦੀ ਸਿਹਤ ਚੰਗੀ ਰਹਿੰਦੀ ਹੈ। ਹਲਦੀ ਵਾਲਾ ਦੁੱਧ ਬਣਾਉਣ ਲਈ ਸੱਭ ਤੋਂ ਪਹਿਲਾਂ 1 ਕੱਪ ਦੁੱਧ ਵਿਚ ਪੀਸੀ ਹੋਈ ਸੁੱਕੀ ਅਦਰਕ (ਸੁੰਢ) ਅਤੇ ਕੱਚੀ ਹਲਦੀ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਲਵੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਉ। ਇਸ ਨੂੰ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ।