ਡੀਏਪੀ ਖਾਦ ਦੀ ਨਾਜਾਇਜ਼ ਜਮ੍ਹਾਂਖੋਰੀ ਨੂੰ ਲੈ ਕੇ ਪੈਸਟੀਸਾਈਡ ਦੁਕਾਨਾਂ, ਗੋਦਾਮਾਂ ਅਤੇ ਸੁਸਾਇਟੀਆਂ ਦੀ ਕੀਤੀ ਜਾ ਰਹੀ ਹੈ ਲਗਾਤਾਰ ਚੈਕਿੰਗ : DC ਬਠਿੰਡਾ
ਬਠਿੰਡਾ, 18 ਨਵੰਬਰ 2024 – ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਡੀਏਪੀ ਖਾਦ ਅਤੇ ਹੋਰਨਾਂ ਖਾਦਾਂ ਦੀ ਨਜਾਇਜ਼ ਜਮਾਖੋਰੀ ਨੂੰ ਲੈ ਕੇ ਪੈਸਟੀਸਾਈਡ ਗੋਦਾਮਾਂ ਅਤੇ ਸੁਸਾਇਟੀਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੈਸਟੀਸਾਈਡ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਖਾਦ ਦੀ ਫ਼ਾਲਤੂ ਸਟੋਰੇਜ ਨਾ ਕੀਤੀ ਜਾਵੇ, ਅਜਿਹਾ ਕਰਨ ‘ਤੇ ਉਹਨਾਂ ਖਿਲਾਫ ਸਖਤ ਕਾਰਵਾਈ ਆਰੰਭੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਕਿ ਲਗਾਤਾਰ ਪੈਸਟੀਸਾਈਡ ਦੀਆਂ ਦੁਕਾਨਾਂ ਤੇ ਖਾਦਾਂ ਦੇ ਸਟੋਰਾਂ ਦੀ ਚੈਕਿੰਗ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਡਾਈ ਖਾਦ ਨਾਲ ਟੈਗਿੰਗ, ਵੱਧ ਰੇਟ, ਨੈਨੋ ਖਾਦ, ਸਲਫਰ, ਮਾਈਕੋਰੇਜਾ ਜਾਂ ਕੁਝ ਹੋਰ ਧੱਕੇ ਨਾਲ ਮਿਲ ਰਿਹਾ ਹੈ ਤਾਂ 1100 ਨੰਬਰ ‘ਤੇ ਕਾਲ ਕਰੋ ਜਾਂ ਫਿਰ 98555-01076 ‘ਤੇ ਵ੍ਹਟਸਐਪ ਕਰੋ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ ਜਗਸੀਰ ਸਿੰਘ ਨੇ ਕਿਹਾ ਕਿ ਐੱਨ ਪੀ ਕੇ (12:32:16) ਡੀ ਏ ਪੀ ਦਾ ਸਭ ਤੋਂ ਵਧੀਆ ਬਦਲ ਹੋ ਸਕਦਾ ਹੈ ਕਿਉਂਕਿ ਇਸਦਾ ਡੇਢ ਬੋਰਾ ਲਗਭਗ ਉਹੀ ਫਾਸਫੋਰਸ ਅਤੇ ਨਾਈਟ੍ਰੋਜਨ ਸਮੱਗਰੀ ਦੀ ਸਪਲਾਈ ਕਰਦਾ ਹੈ ਜੋ ਡੀ.ਏ.ਪੀ ਦੇ ਬਰਾਬਰ ਹੈ ਅਤੇ ਇਸ ਤੋਂ ਇਲਾਵਾ ਇਹ 23 ਕਿਲੋਗ੍ਰਾਮ ਪੋਟਾਸ਼ ਵੀ ਦਿੰਦਾ ਹੈ। ਹੋਰ ਬਦਲਾਂ ਵਿਚ ਐੱਨ ਪੀ ਕੇ (10:26:26) ਜਾਂ ਹੋਰ ਖਾਦਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜੇਕਰ ਫਾਸਫੋਰਸ ਤੱਤ ਲਈ ਸਿੰਗਲ ਸੁਪਰ ਫਾਸਫੇਟ ਜਾਂ ਟਿ੍ਰਪਲ ਸੁਪਰ ਫਾਸਫੇਟ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਬਿਜਾਈ ਵੇਲੇ 20 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ।