ਸਿਹਤਮੰਦ ਭੋਜਨ, ਪੁਰਾਤਨ ਸੱਭਿਆਚਾਰ ਤੇ ਸਾਹਿਤ ਨਾਲ ਜੋੜਣ ਲਈ ਸਹਾਈ ਸਿੱਧ ਹੋਵੇਗਾ “ਮੇਲਾ ਜਾਗਦੇ ਜੁਗਨੂੰਆਂ ਦਾ” : ਵਿਧਾਇਕ ਜਗਰੂਪ ਗਿੱਲ

Share:

ਚਾਰ ਰੋਜ਼ਾ “ਮੇਲਾ ਜਾਗਦੇ ਜੁਗਨੂੰਆਂ ਦਾ” ਕੀਤਾ ਉਦਘਾਟਨ

ਬਠਿੰਡਾ, 6 ਦਸੰਬਰ 2024 – ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਸਥਾਨਕ ਪਾਵਰ ਹਾਊਸ ਰੋਡ ’ਤੇ ਲਗਾਏ ਗਏ ਚਾਰ ਰੋਜ਼ਾ “ਮੇਲਾ ਜਾਗਦੇ ਜੁਗਨੂੰਆਂ ਦਾ” ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਮੇਲਾ ਆਮ ਲੋਕਾਂ ਨੂੰ ਸਿਹਤਮੰਦ ਭੋਜ਼ਨ ਪ੍ਰਤੀ ਜਾਗਰੂਕ ਕਰਨ, ਪੁਰਾਤਨ ਸੱਭਿਆਚਾਰ ਅਤੇ ਸਾਹਿਤ ਨਾਲ ਜੋੜਨ ਲਈ ਸਹਾਈ ਸਿੱਧ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੇਲੇ ਦਾ ਮੁੱਖ ਮੰਤਵ ਖੇਤੀ ਉੱਦਮੀਆਂ ਤੇ ਪੰਜਾਬੀ ਸਹਿਤ ਨੂੰ ਪ੍ਰਫੁੱਲਿਤ ਕਰਨਾ ਹੈ।

ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇਸ ਮੇਲੇ ਲਈ ਪ੍ਰਬੰਧਕਾਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਠਿੰਡਾ ਵਾਸੀਆਂ ਨੂੰ ਇਸ ਮੇਲੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ ਵੱਖ-ਵੱਖ ਸੈਲਫ਼ ਹੈਲਪ ਗਰੁੱਪਾਂ, ਸਫ਼ਲ ਕਿਸਾਨਾਂ ਤੇ ਹੋਰਾਂ ਵੱਲੋਂ ਤਿਆਰ ਕੀਤੇ ਗਏ ਆਰਗੈਨਿਕ ਉਤਪਾਦਾਂ ਦੇ ਸਟਾਲ ਲਗਾਏ ਗਏ ਹਨ ਜੋ ਆਮ ਲੋਕਾਂ ਲਈ ਲਾਭਦਾਇਕ ਸਾਬਤ ਹੋਣਗੇ।

ਇਸ ਤੋਂ ਪਹਿਲਾਂ ਗਿੱਲ ਨੇ ਲਗਾਏ ਗਏ ਵੱਖ-ਵੱਖ ਆਰਗੈਨਿਕ ਉਤਪਾਦਾਂ, ਪੁਰਾਤਨ ਵਸਤਾਂ ਅਤੇ ਸਾਹਿਤ ਸਬੰਧੀ ਕਿਤਾਬਾਂ ਦੇ ਸਟਾਲਾਂ ਦਾ ਦੌਰਾ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਦਿਆਂ ਉਤਪਾਦਾਂ ਦੀ ਸ਼ਲਾਘਾ ਵੀ ਕੀਤੀ।

ਇਸ ਦੌਰਾਨ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ 4 ਰੋਜ਼ਾ ਇਸ ਮੇਲੇ ਵਿੱਚ ਸ਼ਿਰਕਤ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਫ਼ੀਸ ਨਹੀਂ ਹੈ। ਇਹ ਮੇਲਾ ਸਵੇਰੇ 10 ਤੋਂ ਸ਼ਾਮ 8 ਵਜੇ ਤੱਕ ਚੱਲੇਗਾ। ਇਸ ਦੌਰਾਨ ਵੱਖ-ਵੱਖ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਨਾਟਕ, ਕਵਾਲੀਆਂ ਤੋਂ ਇਲਾਵਾ ਸਫ਼ਲ ਕਿਸਾਨਾਂ ਤੇ ਹੋਰ ਖੇਤਰ ਵਿੱਖ ਮੱਲਾਂ ਮਾਰਨ ਵਾਲੀਆਂ ਮਹਾਨ ਹਸਤੀਆਂ ਦੇ ਵੀ ਰੂ-ਬ-ਰੂ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ।

ਇਸ ਮੌਕੇ ਜਗਤਾਰ ਸਿੰਘ ਅਣਜਾਣ, ਹਰਜਿੰਦਰ ਸਿੰਘ ਸਿੱਧੂ, ਉਜਾਗਰ ਸਿੰਘ, ਹਰਮਿਲਾਪ ਗਰੇਵਾਲ, ਪ੍ਰੀਤ ਕੈਂਥ, ਹਰਵਿੰਦਰ ਸਿੰਘ, ਸੁੱਖਵਿੰਦਰ ਸਿੰਘ ਆਦਿ ਮੇਲਾ ਪ੍ਰਬੰਧਕ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

One thought on “ਸਿਹਤਮੰਦ ਭੋਜਨ, ਪੁਰਾਤਨ ਸੱਭਿਆਚਾਰ ਤੇ ਸਾਹਿਤ ਨਾਲ ਜੋੜਣ ਲਈ ਸਹਾਈ ਸਿੱਧ ਹੋਵੇਗਾ “ਮੇਲਾ ਜਾਗਦੇ ਜੁਗਨੂੰਆਂ ਦਾ” : ਵਿਧਾਇਕ ਜਗਰੂਪ ਗਿੱਲ

Leave a Reply

Your email address will not be published. Required fields are marked *