ਪੰਜਾਬੀ ਮਾਹ ਦੇ ਰਾਜ-ਪੱਧਰੀ ਨਾਟ ਉਤਸਵ ਵਿੱਚ ‘ਮਾਂ ਨਾ ਬੇਗਾਨੀ ਹੋ’ ਨਾਟਕ ਦੀ ਕੀਤੀ ਪੇਸ਼ਕਾਰੀ

Share:

ਪੰਜ ਰੋਜ਼ਾ ਨਾਟ ਉਤਸਵ ਦੇ ਦੂਜੇ ਪੜਾਅ ਦੌਰਾਨ ਸਟੇਜੀ ਨਾਟਕਾਂ ਦਾ ਜਸਵੰਤ ਜ਼ਫ਼ਰ ਵੱਲੋਂ ਕੀਤਾ ਉਦਘਾਟਨ

ਬਠਿੰਡਾ, 28 ਨਵੰਬਰ 2024 – ਮੁੱਖ ਮੰਤਰੀ ਭਗਵੰਤ ਮਾਨ ਅਤੇ ਉੱਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਅੱਜ ਪੰਜਾਬੀ ਮਾਹ ਅਧੀਨ ਰਾਜ ਪੱਧਰੀ ਨਾਟ-ਉਤਸਵ ਦੇ ਤੀਜੇ ਦਿਨ ਸਟੇਜੀ ਨਾਟਕਾਂ ਦਾ ਉਦਘਾਟਨ ਡਾਇਰੈਕਟਰ ਭਾਸ਼ਾ ਵਿਭਾਗ ਜਸਵੰਤ ਜ਼ਫ਼ਰ ਵੱਲੋਂ ਰਜਿੰਦਰਾ ਕਾਲਜ ਬਠਿੰਡਾ ਵਿਖੇ ਕੀਤਾ ਗਿਆ। ਉਨ੍ਹਾਂ ਨਾਲ਼ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਸਤਨਾਮ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਅੱਜ ਸਟੇਜੀ ਨਾਟਕਾਂ ਦੀ ਲੜੀ ਤਹਿਤ ਨਾਟਕਵਾਲਾ ਥੀਏਟਰ ਟੀਮ ਪਟਿਆਲਾ ਵੱਲੋਂ ਸੁਰਿੰਦਰ ਬਾਠ ਵੱਲੋਂ ਲਿਖੇ ਨਾਟਕ ‘ਮਾਂ ਨਾ ਬੇਗਾਨੀ ਹੋ’ ਨੂੰ ਰਾਜੇਸ਼ ਸ਼ਰਮਾ ਦੇ ਨਿਰਦੇਸ਼ਨ ਹੇਠ ਖੇਡਿਆ।ਇਹ ਨਾਟਕ ਅਸਲ ਵਿੱਚ ਪੂਰੀ ਦੁਨੀਆਂ ਦੀਆਂ ਲੋਕ-ਭਾਸ਼ਾਵਾਂ ਨਾਲ ਹੋ ਰਹੇ
ਵਿਤਕਰੇ ਦਾ ਇਕ ਨਮੂਨਾ ਹੈ। ਸਮੁੱਚੇ ਤੌਰ ਉੱਤੇ ਸਾਰੇ ਸੰਸਾਰ ਵਿੱਚ ਲੋਕ-ਭਾਸ਼ਾਵਾਂ ਨੂੰ ਖ਼ਤਮ ਕਰਕੇ ਸੰਸਾਰ ਪੱਧਰ ਓੱਤੇ ਇਕ ਖ਼ਾਸ ਭਾਸ਼ਾ ਦੀ ਦਾਦਾਗਿਰੀ ਥੋਪੀ ਜਾ ਰਹੀ ਹੈ,ਪੰਜਾਬੀ ਦੇ ਇਸ ਨਾਟਕ ਵਿੱਚ ਪੰਜਾਬੀ ਭਾਸ਼ਾ ਦੇ ਨਿਘਾਰ ਦੇ ਕੁਝ ਕਾਰਣਾਂ ਅਤੇ ਉਹਨਾਂ ਹਾਲਤਾਂ ਦੇ ਨਾਲ-ਨਾਲ ਸਭ ਕਾਸੇ ਲਈ ਜ਼ਿੰਮੇਵਾਰ ਇਨਸਾਨਾਂ ਦੇ ਰਵੱਈਏ ਉੱਪਰ ਚਾਨਣਾਂ ਪਾਇਆ ਗਿਆ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਏ ਹੋਏ ਮਹਿਮਾਨਾਂ ਦੀ ਸੁਆਗਤ ਕਰਦਿਆਂ ਕਿਹਾ ਕਿ ਸਥਾਪਿਤ ਸਾਹਿਤਕਾਰ, ਚਿੱਤਰਕਾਰ ਅਤੇ ਕਾਰਟੂਨਿਸਟ ਜਸਵੰਤ ਜ਼ਫ਼ਰ ਦੀ ਅਗਵਾਈ ਭਾਸ਼ਾ ਵਿਭਾਗ ਅਤੇ ਸਾਡੇ ਸਾਰਿਆਂ ਲਈ ਬੜੀ ਮਾਣ ਵਾਲ਼ੀ ਗੱਲ ਹੈ। ਇਸ ਮੌਕੇ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਪੰਜਾਬੀ ਹੋਣਾ ਆਪਣੇ ਆਪ ਵਿੱਚ ਹੀ ਬੜੇ ਮਾਣ ਵਾਲ਼ੀ ਗੱਲ ਹੈ। ਇੱਥੋਂ ਦੀ ਮਿੱਟੀ ਦੀ ਖ਼ਸਲਤ ਸਾਰੀ ਦੁਨੀਆਂ ਤੋਂ ਵੱਖਰੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਇੱਥੋਂ ਦੇ ਪੌਣ ਪਾਣੀ ਬੋਲੀ ਨੂੰ ਸਾਂਭ ਨੂੰ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਨਾਟ-ਉਤਸਵ ਦੇ ਪ੍ਰਬੰਧ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਸਮੇਤ ਪੂਰੀ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ਼੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਮੰਚ ਸੰਚਾਲਨ ਪ੍ਰੋਫੈਸਰ ਸੰਦੀਪ ਮੋਹਲਾਂ ਨੇ ਕੀਤਾ। ਨਾਟ ਉਤਸਵ ਵਿੱਚ ਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ, ਪ੍ਰੋ਼ ਸ਼ੁਭਪ੍ਰੇਮ ਬਰਾੜ, ਖੋਜ ਅਫ਼ਸਰ ਨਵਪ੍ਰੀਤ ਸਿੰਘ, ਗੁਰਪ੍ਰੇਮ ਲਹਿਰੀ ਸੁਰਿੰਦਰਪ੍ਰੀਤ ਘਣੀਆ, ਨਿਰੰਜਣ ਪ੍ਰੇਮੀ, ਡਾ. ਅਜੀਤਪਾਲ, ਅਮਰਜੀਤ ਜੀਤ, ਸੁਖਦਰਸ਼ਨ ਗਰਗ, ਰਣਬੀਰ ਰਾਣਾ, ਅਮਰਜੀਤ ਸਿੰਘ ਸਿੱਧੂ, ਸਖਮਨੀ ਸਿੰਘ, ਅਨਿਲ ਕੁਮਾਰ, ਸ਼ੁਭਮ ਸਮੇਤ ਕਾਲਜ ਦਾ ਸਟਾਫ਼ ਅਤੇ ਸ਼ਹਿਰ ਦੇ ਹੋਰ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਵੀ ਮੌਜੂਦ ਸਨ।

Leave a Reply

Your email address will not be published. Required fields are marked *