ਪੰਜਾਬੀ ਮਾਹ ਅਧੀਨ ਪੰਜ-ਰੋਜ਼ਾ ਰਾਜ ਪੱਧਰੀ ਨਾਟ-ਉਤਸਵ ਦਾ ਨੁੱਕੜ ਨਾਟਕਾਂ ਦੀ ਪੇਸ਼ਕਾਰੀ ਨਾਲ ਆਗ਼ਾਜ਼
ਬਠਿੰਡਾ, 26 ਨਵੰਬਰ 2024 – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਅਤੇ ਉੱਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਅੱਜ ਪੰਜਾਬੀ ਮਾਹ ਅਧੀਨ ਪੰਜ-ਰੋਜ਼ਾ ਰਾਜ ਪੱਧਰੀ ਨਾਟ-ਉਤਸਵ ਦਾ ਨੁੱਕੜ ਨਾਟਕਾਂ ਰਾਹੀਂ ਆਗ਼ਾਜ਼ ਕਰ ਦਿੱਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਦੇ ਨਿਰਦੇਸ਼ਨ ਹੇਠ ਤਿਆਰ ਕੀਤੇ ਨਾਟਕ ‘ਵਾਤਾਵਰਣ ਬਚਾਓ’ ਦੇ ਪਹਿਲੇ ਦਿਨ ਬਠਿੰਡਾ ਜ਼ਿਲ੍ਹਾ ਦੇ ਤਿੰਨ ਬਲਾਕਾਂ ‘ਚ ਪੈਂਦੇ ਤਿੰਨ ਸਕੂਲਾਂ ਵਿੱਚ ਸ਼ੋਅ ਕੀਤੇ ਗਏ। ਕੀਰਤੀ ਕਿਰਪਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖੋਜ ਅਫ਼ਸਰ ਬਠਿੰਡਾ ਨਵਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਅੱਜ ਪਹਿਲਾ ਸ਼ੋਅ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਬੁੱਟਰ ਬਲਾਕ ਸੰਗਤ, ਦੂਜਾ ਸ਼ੋਅ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੀਨੰਗਲ ਬਲਾਕ ਤਲਵੰਡੀ ਸਾਬੋ ਅਤੇ ਤੀਜਾ ਸ਼ੋਅ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਖਾਨਾ ਬਲਾਕ ਮੌੜ ਵਿਖੇ ਪੇਸ਼ ਕੀਤਾ ਗਿਆ। ਵਾਤਾਵਰਣ ਬਾਰੇ ਮਨੋਰੰਜਨ ਨਾਲ਼ ਸਿੱਖਿਆ ਨੂੰ ਰਲਾ ਕੇ ਪੇਸ਼ ਕੀਤੇ ਇਸ ਨਾਟਕ ਦਾ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਖ਼ੂਬ ਅਨੰਦ ਮਾਣਿਆ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਕੱਲ੍ਹ ਨਾਟ-ਉਤਸਵ ਦੇ ਦੂਜੇ ਦਿਨ ਵੀ ਜ਼ਿਲ੍ਹੇ ਦੇ ਤਿੰਨ ਹੋਰ ਬਲਾਕਾਂ ਵਿੱਚ ਇਸੇ ਤਰ੍ਹਾਂ ਨੁੱਕੜ ਨਾਟਕ ਪੇਸ਼ ਕੀਤੇ ਜਾਣਗੇ ਅਤੇ ਇਸ ਤੋਂ ਬਾਅਦ 27 ਨਵੰਬਰ ਤੋਂ 29 ਨਵੰਬਰ ਤੱਕ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਮੇਨ ਆਡੀਟੋਰੀਅਮ ਵਿੱਚ ਸਵੇਰੇ 11:30 ਵਜੇ ਤੋਂ ਸਟੇਜ ਦੇ ਨਾਟਕਾਂ ਦੀ ਪੇਸ਼ਕਾਰੀ ਹੋਵੇਗੀ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਬੁੱਟਰ ਦੇ ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ ਨੇ ਨਾਟਿਅਮ ਦੇ ਅਦਾਕਾਰਾਂ ਦੀ ਪੇਸ਼ਕਾਰੀ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਮੈਡਲਾਂ ਅਤੇ ਨਕਦ ਇਨਾਮ ਨਾਲ਼ ਸਨਮਾਨਿਤ ਕੀਤਾ।