ਤਿੰਨ ਰੋਜ਼ਾ 68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ਦਾ ਹੋਇਆ ਸ਼ਾਨਦਾਰ ਆਗਾਜ਼

Share:

ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ 2024 – ਚੀਫ਼ ਖਾਲਸਾ ਦੀਵਾਨ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਐਸ. ਜੀ. ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਕੀਤੀ ਜਾਣ ਵਾਲੀ ਤਿੰਨ ਰੋਜ਼ਾ 68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ਦਾ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਸਾਰਿਆਂ ਤੋਂ ਪਹਿਲਾਂ ਸਕੂਲ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਵਿੱਦਿਅਕ ਕਾਨਫ਼ਰੰਸ ਦੀ ਅਰੰਭਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ । ਪਹਿਲੇ ਦਿਨ ਦੇ ਸਮਾਗਮਾਂ ਵਿਚ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਕ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਜੋ ਕਿ ਵੱਖ ਵੱਖ ਥਾਂਵਾਂ ਤੋਂ ਹੁੰਦਾ ਹੋਇਆ ਖਾਲਸਾ ਸਕੂਲ ਵਿਖੇ ਸਮਾਪਤ ਹੋਵੇਗਾ। ਇਸ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵਲੋਂ ਕੀਤੀ ਗਈ । ਬਾਅਦ ਵਿਚ ਇਸ ਸੰਬੰਧੀ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਸਾਬਕਾ ਕੈਬਿਨਟ ਮੰਤਰੀ ਡਾ. ਇੰਦਰਵੀਰ ਸਿੰਘ ਨਿੱਝਰ ਨੇ ਦੱਸਿਆ ਕਿ ਪਹਿਲੇ ਦਿਨ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਨੁਮਾਇਸ਼ਾਂ ਦਾ ਉਦਘਾਟਨ ਹੋਵੇਗਾ ਅਤੇ ਫਿਰ ਬੈਂਡ ਅਤੇ ਗਤਕਾ ਟੀਮਾਂ ਵਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਜਾਣਗੇ। ਰਾਤ ਵੇਲੇ ਇਕ ਵਿਸ਼ਾਲ ਨਗਰ ਕੀਰਤਨ ਹੋਵੇਗਾ ਜਿਸ ਵਿੱਚ ਪੰਥ ਦੀਆਂ ਨਾਮੀ ਸ਼ਖਸੀਅਤਾਂ ਸਮੇਤ ਨਾਮੀ ਕੀਰਤਨੀ ਜਥੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ 22 ਨਵੰਬਰ ਨੂੰ ਸੈਮੀਨਾਰ ਤੇ 23 ਨਵੰਬਰ ਨੂੰ ਪ੍ਰਮੁੱਖ ਸ਼ਖਸੀਅਤਾਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ।

Leave a Reply

Your email address will not be published. Required fields are marked *