ਰਾਸ਼ਟਰਪਤੀ ਪੁਤਿਨ ਆਉਣਗੇ ਭਾਰਤ, PM ਮੋਦੀ ਨਾਲ ਹੋਵੇਗੀ ਖਾਸ ਗੱਲਬਾਤ
ਨਵੀਂ ਦਿੱਲੀ, 20 ਨਵੰਬਰ 2024 – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਗਲੇ ਸਾਲ ਭਾਰਤ ਦਾ ਦੌਰਾ ਕਰ ਸਕਦੇ ਹਨ। ਉਨ੍ਹਾਂ ਦਾ ਇਹ ਦੌਰਾ ਦੋਵਾਂ ਦੇਸ਼ਾਂ ਦੇ ਸਾਲਾਨਾ ਦੌਰਿਆਂ ਦਾ ਹਿੱਸਾ ਹੋਵੇਗਾ। ਹਾਲਾਂਕਿ ਦੋਵੇਂ ਧਿਰਾਂ ਅਜੇ ਤੱਕ ਮੁਲਾਕਾਤ ਦੀ ਤਰੀਕ ਨੂੰ ਅੰਤਿਮ ਰੂਪ ਨਹੀਂ ਦੇ ਸਕੀਆਂ ਹਨ।
ਡਿਪਲੋਮੈਟਿਕ ਸੂਤਰਾਂ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੁਲਾਈ ‘ਚ ਮਾਸਕੋ ਦੌਰੇ ਦੌਰਾਨ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਪ੍ਰਧਾਨ ਮੰਤਰੀ ਮੋਦੀ ਪਿਛਲੇ ਮਹੀਨੇ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਰੂਸ ਦੇ ਕਜ਼ਾਨ ਵੀ ਗਏ ਸਨ। ਇਸ ਤੋਂ ਪਹਿਲਾਂ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਦਿੱਲੀ ’ਚ ਭਾਰਤੀ ਸੰਪਾਦਕਾਂ ਨੂੰ ਇਕ ਵੀਡੀਓ ਸੰਦੇਸ਼ ’ਚ ਕਿਹਾ ਸੀ ਕਿ ਭਾਰਤ ਅਤੇ ਰੂਸ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੁਤਿਨ ਅਗਲੇ ਸਾਲ ਭਾਰਤ ਆ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਕੋਈ ਖਾਸ ਸਮਾਂ ਨਹੀਂ ਦੱਸਿਆ ਪਰ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਤਜਵੀਜ਼ੀ ਦੌਰਾ ਤੈਅ ਹੋਵੇਗਾ। ਪੇਸਕੋਵ ਨੇ ਕਿਹਾ ਕਿ ਉਹ ਦੌਰੇ ਨੂੰ ਲੈ ਕੇ ਆਸ਼ਾਵਾਦੀ ਹਨ। ਦੋਵੇਂ ਧਿਰਾਂ ਜਲਦੀ ਹੀ ਮੀਟਿੰਗ ਕਰਕੇ ਤਰੀਕਾਂ ਤੈਅ ਕਰਨਗੀਆਂ। ਮੀਡੀਆ ਨਾਲ ਇਹ ਗੱਲਬਾਤ ਰੂਸੀ ਸਮਾਚਾਰ ਏਜੰਸੀ ਸਪੁਟਨਿਕ ਨੇ ਕੀਤੀ ਸੀ। ਜਦੋਂ ਪੇਸਕੋਵ ਨੂੰ ਰਾਸ਼ਟਰਪਤੀ ਪੁਤਿਨ ਵੱਲੋਂ ਨਵੀਂ ਪਰਮਾਣੂ ਨੀਤੀ ‘ਤੇ ਦਸਤਖਤ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਰੂਸ ਕੋਲ ਯੂਕਰੇਨ ਨਾਲੋਂ ਜ਼ਿਆਦਾ ਫੌਜੀ ਸਮਰੱਥਾ ਹੈ, ਇਸ ਲਈ ਕਿਸੇ ਵੀ ਹੋਰ ਤਾਕਤਵਰ ਦੇਸ਼ ਦੀ ਮਦਦ ਨੂੰ ਰੂਸ ‘ਤੇ ਸਾਂਝਾ ਹਮਲਾ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਈਡਨ ਪ੍ਰਸ਼ਾਸਨ ਸ਼ਾਂਤੀ ਨਹੀਂ ਜੰਗ ਚਾਹੁੰਦਾ ਹੈ।