ਫਜੂਲ ਖਰਚਿਆਂ ਨੂੰ ਰੋਕਣ ਲਈ ਗ੍ਰਾਮ ਪੰਚਾਇਤ ਡਿੱਖ ਨੇ ਕੀਤੀ ਨਿਵੇਕਲੀ ਪਹਿਲਕਦਮੀ

Share:

ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਸਮਾਜਿਕ ਕੁਰੀਤੀਆਂ ਖਿਲਾਫ਼ ਲੜ੍ਹਨ ਦਾ ਕੀਤਾ ਫੈਸਲਾ

ਰਾਮਪੁਰਾ ਫੂਲ, 18 ਜਨਵਰੀ 2025 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਜਿੱਥੇ ਪਿੰਡਾਂ ਦੇ ਵਿਕਾਸ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ਉਥੇ ਹੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਅਤੇ ਪ੍ਰੇਰਣਾ ਸਦਕਾ ਜ਼ਿਲ੍ਹੇ ਦੀਆਂ ਪੰਚਾਇਤਾਂ ਵੱਲੋਂ ਵੀ ਨਿਵੇਕਲੀਆਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਗ੍ਰਾਮ ਪੰਚਾਇਤ ਡਿੱਖ ਦੇ ਨੌਜਵਾਨ ਸਰਪੰਚ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਗ੍ਰਾਮ ਸਭਾ ਦੇ ਆਮ ਇਜਲਾਸ ਦੌਰਾਨ ਅਹਿਮ ਫੈਸਲੇ ਲੈਦਿਆਂ ਪੰਚਾਇਤ ਨੇ ਸਮਾਜਿਕ ਕੁਰੀਤੀਆਂ ਖਿਲਾਫ਼ ਬੀੜਾ ਚੱਕਣ ਦਾ ਨਿਰਣਾ ਲਿਆ ਹੈ।
ਗ੍ਰਾਮ ਸਭਾ ਦੌਰਾਨ ਲਏ ਗਏ ਫ਼ੈਸਲੇ ਤਹਿਤ ਪਿੰਡ ਚ ਮਰਗ ਦੇ ਭੋਗ ਮੌਕੇ ਹੁੰਦੇ ਫਜੂਲ ਖਰਚਿਆਂ ਨੂੰ ਠੱਲ੍ਹ ਪਾਉਣ ਲਈ ਜਲੇਬੀਆਂ ਅਤੇ ਪਕੌੜੇ ਬਣਾਉਣ ਉਤੇ ਪਾਬੰਦੀ ਅਤੇ ਉਲੰਘਣਾ ਕਰਨ ਵਾਲੇ ਨੂੰ 21 ਹਜਾਰ ਰੁਪਏ ਜੁਰਮਾਨਾ ਭਰਨਾ ਪਵੇਗਾ। ਇਸ ਤੋਂ ਇਲਾਵਾ ਪੰਚਾਇਤ ਨੇ ਪਿੰਡ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇ ਟੈਸਟਾਂ ਦੀ ਤਿਆਰੀ ਕਰਨ ਵਾਲੇ ਲੋੜਬੰਦਾਂ ਨੂੰ ਕਿਤਾਬਾਂ ਤੇ ਹੋਰ ਮਾਲੀ ਮੱਦਦ ਕਰਨ ਦਾ ਵੀ ਫ਼ੈਸਲਾ ਲਿਆ ਹੈ।
ਇਸੇ ਦੌਰਾਨ ਸਮਾਜਿਕ ਮੁੱਦਿਆਂ ਤੇ ਮੋੜਾ ਕੱਟਦਿਆਂ ਪੰਚਾਇਤ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਇਹ ਵੀ ਫ਼ੈਸਲਾ ਲਿਆ ਹੈ ਕਿ ਪਿੰਡ ਦਾ ਜੇਕਰ ਕੋਈ ਬੱਚਾ ਪੜ੍ਹਾਈ ਦੇ ਖੇਤਰ ਚੋਂ ਮੈਰਿਟ ਲਿਸਟ ਵਿੱਚ ਆਉਂਦਾ ਹੈ ਤਾਂ ਉਸ ਨੂੰ 21 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਨਸ਼ਿਆਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਪਿੰਡ ਵਿਚ ਜੇਕਰ ਕੋਈ ਗੈਰ ਨਸ਼ਾ ਚਿੱਟਾ ਜਾਂ ਗੋਲੀਆ ਆਦਿ ਵੇਚਦਾ ਫੜ੍ਹਿਆ ਜਾਦਾਂ ਤਾਂ ਪੰਚਾਇਤ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਏਗੀ। ਇਸੇ ਤਰ੍ਹਾਂ ਮਹੰਤਾਂ ਨੂੰ ਵਧਾਈ ਦੇਣ ਦੇ ਰੁਪਏ ਫਿਕਸ ਕੀਤੇ ਗਏ। ਪਿੰਡ ਦੀਆ ਗਲੀਆਂ ਵਿੱਚ ਮਿੱਟੀ ਜਾਂ ਹੋਰ ਸਮਾਨ ਰੱਖਣ ਦੀ ਮੁਨਾਹੀ ਕੀਤੀ ਗਈ ਹੈ।
ਇਸੇ ਤਰ੍ਹਾਂ ਪਿੰਡ ਵਿੱਚ ਪਾਣੀ ਦੀ ਹੁੰਦੀ ਦੁਰਵਰਤੋ ਨੂੰ ਰੋਕਣ ਲਈ ਟੂਟੀਆਂ ਤੇ ਗੇਟ ਬਾਲ ਲਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਪਾਣੀ ਦਾ ਬਿੱਲ ਨਾ ਭਰਨ ਤੇ ਕੁਨੈਕਸ਼ਨ ਕੱਟਿਆ ਜਾਵੇਗਾ। ਪਿੰਡ ਵਿੱਚ ਦੁਕਾਨਾਂ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਗਰਟ-ਤੰਬਾਕੂ ਦੇਣ ਉਤੇ ਪਾਬੰਦੀ ਕੀਤੀ ਗਈ ਹੈ। ਸ਼ੋਰ-ਪ੍ਰਦੂਸਣ ਰੋਕਣ ਲਈ ਕੋਈ ਵੀ ਪਿੰਡ ਵਿੱਚ ਚਿੱਪ ਵਗੈਰ ਲਾ ਕੇ ਹੋਕਾ ਨਹੀਂ ਦੇਵੇਗਾ । ਇਸ ਤੋਂ ਇਲਾਵਾ ਲਾਇਬਰੇਰੀ ਦਾ ਨਾਮ ਸੰਤ ਗੁਰਦਿਆਲ ਸਿੰਘ ਅਤੇ ਖੇਡ ਮੈਦਾਨ ਦਾ ਨਾਮ ਸੰਤ ਕ੍ਰਿਪਾਲ ਸਿੰਘ ਰੱਖਣ ਦਾ ਫ਼ੈਸਲਾ ਕੀਤਾ ਅਤੇ ਹਰ ਸਾਲ “ਧੀਆਂ ਦਾ ਲੋਹੜੀ” ਮਨਾਉਣ ਦੇ ਨਾਲ-ਨਾਲ, ਚਾਇਨਾ ਡੋਰ ਉਤੇ ਪਾਬੰਦੀ ਲਾਉਣ ਅਤੇ ਖੇਡਣ ਵਾਲੇ ਬੱਚਿਆਂ ਲਈ ਕੋਚ ਦਾ ਪ੍ਰਬੰਧ ਕਰਨ ਦੇ ਮਤੇ ਪਾਸ ਕੀਤੇ ਗਏ ਹਨ।

ਇਹ ਵੀ ਪੜ੍ਹੋ…ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ 14 ਅਤੇ ਪਤਨੀ ਨੂੰ 7 ਸਾਲ ਦੀ ਕੈਦ, ਜਾਣੋ ਕੀ ਹੈ ਪੂਰਾ ਮਾਮਲਾ ?

ਆਮ ਇਜਲਾਸ ਵਿੱਚ ਨਵੇਂ ਵਰ੍ਹੇ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦਾ ਅਨੁਮਾਨਿਤ ਬਜਟ 81 ਲੱਖ 90 ਹਜ਼ਾਰ ਰੁਪਏ ਦਾ ਪਾਸ ਕੀਤਾ ਗਿਆ। ਨਵੇਂ ਬਜਟ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਵਿੱਚ ਗਰਾਊਂਡ ਦੀ ਚਾਰਦੀਵਾਰੀ, ਵੱਖ-ਵੱਖ ਖੇਡਾਂ ਦੇ ਖੇਡ ਮੈਦਾਨ ਬਣਾਉਣੇ, ਵਾਟਰ ਵਰਕਸ ਦੀ ਚਾਰਦੀਵਾਰੀ, ਪਾਰਕ, ਪਾਣੀ ਦੀ ਸਪਲਾਈ ਲਈ ਪਾਇਪ ਲਾਇਨ, ਸਬ-ਸੈਂਟਰ ਦੀ ਇਮਾਰਤ, ਧਰਮਸ਼ਾਲਾਵਾਂ, ਸਟਰੀਟ ਲਾਇਟਾਂ, ਸੀ.ਸੀ.ਟੀ.ਵੀ. ਕੈਮਰੇ ਲਗਾਉਣ, ਬੱਸ ਸਟੈਡ ਦੀ ਰਿਪੇਅਰ, ਗਲੀਆਂ-ਨਾਲੀਆਂ ਦੀ ਉਸਾਰੀ ਅਤੇ ਯਾਦਗਰੀ ਗੇਟ ਬਣਾਉਣਾ ਸ਼ਾਮਲ ਹਨ ।
ਇਸ ਮੌਕੇ ਵਾਟਰ ਸਪਲਾਈ ਅਤੇ ਸੈਨੀਟੇਸਨ ਵਿਭਾਗ ਦੇ ਨੁਮਾਇੰਦੇ ਹਰਿੰਦਰ ਸਿੰਘ ਨੇ ਪਾਣੀ ਦੀ ਮਹੱਤਤਾ ਬਾਰੇ ਅਤੇ ਜੀ.ਆਰ.ਐਸ ਅੰਗਰੇਜ਼ ਸਿੰਘ ਤੇ ਪੰਚਾਇਤ ਸਕੱਤਰ ਜਸਪ੍ਰੀਤ ਸਿੰਘ ਨੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਸਕੂਲ ਦੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹੈਡ ਟੀਚਰ ਮੈਡਮ ਰੋਸ਼ਨੀ ਚਾਵਲਾ, ਮਾਸਟਰ ਸੁਰਿੰਦਰ ਸਿੰਘ, ਮੈਡਮ ਰਿੰਪੀ ਬਾਲਾ, ਪੰਚ ਦਰਸ਼ਨ ਸਿੰਘ, ਅਵਤਾਰ ਸਿੰਘ, ਗੋਰਾ ਸਿੰਘ, ਰਾੜਾ ਸਿੰਘ, ਕਰਨੈਲ ਸਿੰਘ, ਹਰਵਿੰਦਰਪਾਲ ਕੌਰ, ਜਸਵਿੰਦਰ ਕੌਰ, ਸਿਮਰਨਜੀਤ ਕੌਰ ਅਤੇ ਰਮਨਦੀਪ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Modernist Travel Guide All About Cars