32 ਸਾਲ ਪਿੱਛੋਂ ਇਨਸਾਫ : ਤੱਤਕਾਲੀ SHO ਸਣੇ ਤਿੰਨ ਨੂੰ ਉਮਰ ਕੈਦ

ਐੱਸਏਐੱਸ ਨਗਰ, 25 ਦਸੰਬਰ 2024 – 1992 ’ਚ ਦੋ ਨੌਜਵਾਨਾਂ ਨੂੰ ਅਗਵਾ ਕਰਕੇ ਝੂਠੇ ਪੁਲਿਸ ਮੁਕਾਬਲੇ ’ਚ ਮਾਰਨ ਤੇ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕੇ ਸਸਕਾਰ ਕਰਨ ਦੇ ਮਾਮਲੇ ’ਚ ਸੀਬੀਆਈ ਦੇ ਸਪੈਸ਼ਲ ਜੱਜ ਦੀ ਅਦਾਲਤ ਨੇ ਉਸ ਸਮੇਂ ਦੇ ਥਾਣਾ ਸਿਟੀ ਤਰਨਤਾਰਨ ਦੇ ਇੰਚਾਰਜ, ਏਐੱਸਆਈ ਤੇ ਪੁਲਿਸ ਕਰਮਚਾਰੀ ਨੂੰ ਉਮਰ ਕੈਦ ਦੀ ਸਜ਼ਾ ਅਤੇ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਥਾਣਾ ਸਿਟੀ ਦੇ ਤੱਤਕਾਲੀ ਇੰਚਾਰਜ ਗੁਰਬਚਨ ਸਿੰਘ ਨੂੰ ਧਾਰਾ 302 ’ਚ ਉਮਰ ਕੈਦ ਤੇ ਦੋ ਲੱਖ ਰੁਪਏ ਜੁਰਮਾਨਾ, ਧਾਰਾ 364 ’ਚ 7 ਸਾਲ ਕੈਦ ਅਤੇ 50 ਹਜ਼ਾਰ ਜੁਰਮਾਨਾ, ਧਾਰਾ 343 ’ਚ ਦੋ ਸਾਲ ਕੈਦ ਅਤੇ 25 ਹਜ਼ਾਰ ਜੁਰਮਾਨਾ, ਧਾਰਾ 218 ’ਚ ਦੋ ਸਾਲ ਕੈਦ ਤੇ 25 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਦੂਜੇ ਦੋਸ਼ੀ ਏਐੱਸਆਈ ਰੇਸ਼ਮ ਸਿੰਘ ਨੂੰ ਧਾਰਾ 302 ’ਚ ਉਮਰ ਕੈਦ ਤੇ ਦੋ ਲੱਖ ਜੁਰਮਾਨਾ, ਧਾਰਾ 120ਬੀ ਤੇ ਧਾਰਾ 218 ’ਚ ਦੋ ਸਾਲ ਦੀ ਕੈਦ, 25 ਹਜ਼ਾਰ ਜੁਰਮਾਨਾ ਕੀਤਾ ਗਿਆ ਹੈ। ਤੀਜੇ ਦੋਸ਼ੀ ਪੁਲਿਸ ਮੁਲਾਜ਼ਮ ਹੰਸ ਰਾਜ ਨੂੰ ਧਾਰਾ 302 ’ਚ ਉਮਰ ਕੈਦ ਤੇ ਦੋ ਲੱਖ ਜੁਰਮਾਨਾ ਅਤੇ ਧਾਰਾ 120ਬੀ ਅਤੇ ਧਾਰਾ 218 ’ਚ ਦੋ ਸਾਲ ਦੀ ਕੈਦ, 25 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਮੁਲਜ਼ਮ ਪੁਲਿਸ ਮੁਲਾਜ਼ਮ ਅਰਜੁਨ ਸਿੰਘ ਦੀ ਦਸੰਬਰ 2021 ’ਚ ਮੌਤ ਹੋ ਗਈ ਸੀ ਅਤੇ ਉਸ ਵਿਰੁੱਧ ਕਾਰਵਾਈ ਬੰਦ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ…ਗਣਤੰਤਰ ਦਿਵਸ ਦੀ ਪਰੇਡ ਵਿੱਚ ‘ਝਾਕੀਆਂ’ ਨੂੰ ਕੌਣ ਦਿੰਦਾ ਹੈ ਮਨਜ਼ੂਰੀ, ਕਿਵੇਂ ਹੁੰਦੀ ਹੈ ਚੋਣ ?
ਸੀਬੀਆਈ ਅਦਾਲਤ ’ਚ ਦਾਇਰ ਕੀਤੀ ਗਈ ਚਾਰਜਸ਼ੀਟ ਮੁਤਾਬਕ ਜਗਦੀਪ ਸਿੰਘ ਉਰਫ਼ ਮੱਖਣ ਨੂੰ ਐੱਸਐੱਚਓ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ ਪੁਲਿਸ ਨੇ ਘਰ ’ਚ ਗੋਲ਼ੀ ਚਲਾਈ ਤੇ ਗੋਲ਼ੀ ਵੱਜਣ ਕਾਰਨ ਮੱਖਣ ਦੀ ਸੱਸ ਸਵਿੰਦਰ ਕੌਰ ਦੀ ਮੌਤ ਹੋ ਗਈ, ਇਹ ਘਟਨਾ 18 ਨਵੰਬਰ 1992 ਦੀ ਹੈ। ਇਸੇ ਤਰ੍ਹਾਂ ਗੁਰਨਾਮ ਸਿੰਘ ਉਰਫ਼ ਪਾਲੀ ਨੂੰ ਐੱਸਐੱਚਓ ਗੁਰਬਚਨ ਸਿੰਘ ਤੇ ਹੋਰਾਂ ਨੇ 21 ਨਵੰਬਰ 1992 ਨੂੰ ਉਸਦੇ ਘਰੋਂ ਅਗਵਾ ਕਰ ਲਿਆ ਸੀ। ਗੁਰਨਾਮ ਸਿੰਘ ਉਰਫ਼ ਪਾਲੀ ਤੇ ਜਗਦੀਪ ਸਿੰਘ ਉਰਫ਼ ਮੱਖਣ ਨੂੰ 30 ਨਵੰਬਰ 1992 ਨੂੰ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਝੂਠੇ ਪੁਲਿਸ ਮੁਕਾਬਲੇ ’ਚ ਮਾਰ ਦਿੱਤਾ ਸੀ।
One thought on “32 ਸਾਲ ਪਿੱਛੋਂ ਇਨਸਾਫ : ਤੱਤਕਾਲੀ SHO ਸਣੇ ਤਿੰਨ ਨੂੰ ਉਮਰ ਕੈਦ”