ਦੇਸ਼ ਲਈ ਜਾਨਾਂ ਨਿਸ਼ਾਵਰ ਕਰਨ ਵਾਲੇ ਸ਼ਹੀਦ ਹਮੇਸ਼ਾ ਸਾਡੇ ਦਿਲਾਂ ’ਚ ਧੜਕਦੇ ਹਨ : ਕਮਾਂਡਰ ਦਿਲਪ੍ਰੀਤ ਸਿੰਘ ਕੰਗ
ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਨੂੰ ਮਾਲੀ ਸਹਾਇਤਾ ਦੇ ਦਿੱਤੇ ਚੈੱਕ
ਹਥਿਆਰਬੰਦ ਝੰਡਾ ਦਿਵਸ ਮਨਾਇਆ
ਬਠਿੰਡਾ, 6 ਦਸੰਬਰ 2024 – ਦੇਸ਼ ਲਈ ਜਾਨਾਂ ਨਿਸ਼ਾਵਰ ਕਰਨ ਵਾਲੇ ਸ਼ਹੀਦ ਹਮੇਸ਼ਾ ਸਾਡੇ ਦਿਲਾਂ ’ਚ ਧੜਕਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.) ਨੇ ਹਰ ਸਾਲ 7 ਦਸੰਬਰ ਨੂੰ ਮਨਾਏ ਜਾਣ ਵਾਲੇ ਹਥਿਆਰਬੰਦ ਝੰਡਾ ਦਿਵਸ ਨੂੰ ਸਮਰਪਿਤ ਮਨਾਏ ਗਏ ਹਥਿਆਰਬੰਦ ਝੰਡਾ ਦਿਵਸ ਮੌਕੇ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.) ਨੇ ਦੱਸਿਆ ਕਿ ਇਸ ਦਿਨ ਦੇਸ਼ ਦਾ ਹਰ ਨਾਗਰਿਕ, ਵਿਦਿਆਰਥੀਆਂ ਤੋਂ ਲੈ ਕੇ ਉਦਯੋਗਪਤੀਆਂ ਤੱਕ ਸਭ ਹਥਿਆਰਬੰਦ ਸੈਨਾਂ ਝੰਡਾ ਦਿਵਸ ਮਨਾਉਣ ਲਈ ਦਿਲ ਖੋਲ ਕੇ ਦਾਨ ਕਰਦੇ ਹਨ। ਦਾਨ ਵਜੋਂ ਇਕੱਠਾ ਕੀਤਾ ਹੋਇਆ ਪੈਸਾ ਰਾਜ ਸਰਕਾਰ ਦੇ ਆਰਮਡ ਫੋਰਸਜ਼ ਫਲੈਗ ਡੇ ਫੰਡ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ ਜੋ ਕਿ ਦੇਸ਼ ਦੀ ਰਾਖੀ ਲਈ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ, ਨਕਾਰਾ ਹੋਏ ਸੈਨਿਕਾਂ ਅਤੇ ਲੋੜਵੰਦ ਸਾਬਕਾ ਸੈਨਿਕਾਂ/ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ। ਝੰਡਾ ਦਿਵਸ ਲਈ ਦਿੱਤਾ ਹੋਇਆ ਦਾਨ ਆਮਦਨ ਕਰ ਤੋਂ ਮੁਕਤ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਆਰਮਡ ਫੋਰਸਜ਼ ਫਲੈਗ ਡੇ ਦਾ ਪਵਿੱਤਰ ਦਿਹਾੜਾ ਭਾਰਤੀ ਸੈਨਾਵਾਂ ਵਿੱਚ ਤੈਨਾਤ ਜਵਾਨਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਹਰ ਸਾਲ 07 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਯਾਦ ਕਰਾਉਂਦਾ ਹੈ ਕਿ ਅਸੀਂ ਥਲ, ਹਵਾਈ ਅਤੇ ਜਲ ਸੈਨਾਵਾਂ ਦੇ ਜਵਾਨਾਂ ਦੇ ਰਿਣੀ ਹਾਂ, ਜਿਹੜੇ ਦੂਰ ਦੁਰਾਡੇ ਸਰਹੱਦਾਂ ਦੀ ਰਖਵਾਲੀ ਲਈ ਬਹੁਤ ਬਹਾਦਰੀ ਨਾਲ ਲੜ੍ਹੇ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਦੇਸ਼ ਸੇਵਾ ਵਿੱਚ ਰਾਸ਼ਟਰ ਦੀ ਆਜ਼ਾਦੀ, ਏਕਤਾ ਅਤੇ ਅਖੰਡਤਾ ਲਈ ਮਹਾਨ ਬਲੀਦਾਨ ਦਿੱਤੇ ਹਨ। ਇਸ ਦਿਨ ਸੇਵਾ ਕਰ ਰਹੇ ਸੈਨਿਕਾਂ ਦੇ ਹੌਸਲੇ ਬੁਲੰਦ ਰੱਖਣ ਲਈ ਉਹਨਾਂ ਨੂੰ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ ਦੇਸ਼ ਦੀ ਜਨਤਾ ਹਰ ਚੰਗੇ ਅਤੇ ਮਾੜੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਹੈ।
ਇਹ ਵੀ ਪੜ੍ਹੋ...ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 25 ਲੱਖ ਰੁਪਏ ਦੀ ਅਲਟਰਾਸਾਊਂਡ ਮਸ਼ੀਨ ਮਰੀਜਾਂ ਨੂੰ ਕੀਤੀ ਸਮਰਪਿਤ
ਹਥਿਆਰਬੰਦ ਝੰਡਾ ਦਿਵਸ ਮੌਕੇ ਪ੍ਰਸ਼ਾਸਕੀ ਅਫ਼ਸਰਾਂ ਦੇ ਬੈਜ ਲਗਾਏ ਗਏ ਅਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਬਠਿੰਡਾ ਵਿਖੇ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਨੂੰ ਬ੍ਰਗੇਡੀਅਰ ਅਮਰਦੀਪ ਸਿੰਘ ਢਿੱਲੋਂ, ਸੈਨਾ ਮੈਡਲ (ਰਿਟਾ.) ਅਤੇ ਕਮਾਂਡਰ ਦਿਲਪ੍ਰੀਤ ਸਿੰਘ ਕੰਗ ਵੱਲੋਂ ਮਾਲੀ ਸਹਾਇਤਾ ਦੇ ਚੈੱਕ ਵੀ ਦਿੱਤੇ ਗਏ। ਇਸ ਮੌਕੇ ਸਪੈਸ਼ਲ ਖੂਨਦਾਨ ਕੈਂਪ ਵੀ ਲਗਾਇਆ ਗਿਆ।
ਇਸ ਮੌਕੇ ਬ੍ਰਗੇਡੀਅਰ ਅਮਰਦੀਪ ਸਿੰਘ ਢਿੱਲੋਂ, ਸੈਨਾ ਮੈਡਲ (ਰਿਟਾ.), ਮੀਤ ਪ੍ਰਧਾਨ, ਜਿਲ੍ਹਾ ਸੈਨਿਕ ਬੋਰਡ ਨੇ ਕਿਹਾ ਕਿ ਹਰ ਸਾਲ 7 ਦਸੰਬਰ ਨੂੰ ਹਥਿਆਰਬੰਦ ਝੰਡਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਲਈ ਜਾਨ ਦੇਣ ਵਾਲੇ ਸੂਰਮਿਆਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਅਤੇ ਨਾਲ ਉਨ੍ਹਾਂ ਦੇ ਪਰਿਵਾਰਾਂ ਲਈ ਦਾਨ ਰਾਸ਼ੀ ਜਮਾਂ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਬਠਿੰਡਾ ਦੇ ਸੁਪਰਡੰਟ ਸ੍ਰੀਮਤੀ ਸਵਰਨਜੀਤ ਕੌਰ, ਜੂਨੀਅਰ ਸਹਾਇਕ ਜਗਦੀਪ ਜਿੰਦਲ, ਗਗਨਦੀਪ ਸਿੰਘ ਤੇ ਸ੍ਰੀਮਤੀ ਰਮਨਦੀਪ ਕੌਰ ਸਟੈਨੋ ਆਦਿ ਹਾਜ਼ਰ ਸਨ।
One thought on “ਦੇਸ਼ ਲਈ ਜਾਨਾਂ ਨਿਸ਼ਾਵਰ ਕਰਨ ਵਾਲੇ ਸ਼ਹੀਦ ਹਮੇਸ਼ਾ ਸਾਡੇ ਦਿਲਾਂ ’ਚ ਧੜਕਦੇ ਹਨ : ਕਮਾਂਡਰ ਦਿਲਪ੍ਰੀਤ ਸਿੰਘ ਕੰਗ”