ਕੀ ਹਰ ਕਿਸੇ ਨੂੰ ਪ੍ਰੋਟੀਨ ਸਪਲੀਮੈਂਟਸ ਲੈਣ ਦੀ ਜ਼ਰੂਰਤ ਹੈ ? ਜਾਣੋ ਕੀ ਕਹਿੰਦੇ ਹਨ ਸਿਹਤ ਮਾਹਿਰ

ਪ੍ਰੋਟੀਨ ਸਾਡੇ ਸਰੀਰ ਲਈ ਇੱਕ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਇਹ ਸਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਲਈ ਜ਼ਰੂਰੀ ਹੈ। ਹਰ ਕਿਸੇ ਨੂੰ ਸਰੀਰ ਲਈ ਪ੍ਰੋਟੀਨ ਦੀ ਲੋੜ ਹੁੰਦੀ ਹੈ ਪਰ ਅੱਜ-ਕੱਲ੍ਹ ਬਜ਼ਾਰ ਵਿੱਚ ਪ੍ਰੋਟੀਨ ਸਪਲੀਮੈਂਟ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਬਾਡੀ ਬਿਲਡਰਾਂ ਤੋਂ ਲੈ ਕੇ ਜਿੰਮ ਜਾਣ ਵਾਲੇ ਨੌਜਵਾਨ ਇਸਦਾ ਲਗਾਤਾਰ ਇਸਤੇਮਾਲ ਕਰ ਰਹੇ ਹਨ। ਅਜਿਹੇ ‘ਚ ਸਵਾਲ ਉੱਠਦਾ ਹੈ ਕਿ ਕੀ ਪ੍ਰੋਟੀਨ ਸਪਲੀਮੈਂਟ ਸਾਰੇ ਲੋਕਾਂ ਲਈ ਲੈਣਾ ਜ਼ਰੂਰੀ ਹੈ ? ਕੀ ਅਸੀਂ ਪ੍ਰੋਟੀਨ ਸਪਲੀਮੈਂਟ ਤੋਂ ਬਿਨਾਂ ਜਿੰਮ ਜਾਂ ਕਸਰਤ ਨਹੀਂ ਕਰ ਸਕਦੇ ? ਕੀ ਸਾਡਾ ਸਰੀਰ ਪ੍ਰੋਟੀਨ ਸਪਲੀਮੈਂਟਾਂ ਤੋਂ ਬਿਨਾਂ ਸਹੀ ਢੰਗ ਨਾਲ ਕੰਮ ਨਹੀਂ ਕਰੇਗਾ? ਅਜਿਹੇ ਕਈ ਸਵਾਲ ਹਨ ਜਿਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ।
ਤਾਂ ਆਓ ਅੱਜ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ…
ਅਸਲ ਵਿੱਚ ਪ੍ਰੋਟੀਨ ਮਾਸਪੇਸ਼ੀਆਂ ਨੂੰ ਬਣਾਉਣ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਇੱਕ ਜ਼ਰੂਰੀ ਪੌਸ਼ਟਿਕ ਤੱਤ ਹੈ। ਸਰੀਰ ਦੇ ਟੁੱਟੇ ਹੋਏ ਟਿਸ਼ੂਆਂ ਨੂੰ ਠੀਕ ਕਰਨ ਵਿੱਚ ਵੀ ਇਸ ਦਾ ਵੱਡਾ ਯੋਗਦਾਨ ਹੁੰਦਾ ਹੈ। ਇਸ ਨੂੰ ਇਮਿਊਨਿਟੀ ਨਾਲ ਲੜਨ ਲਈ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਪੂਰੀ ਹੈ ਤਾਂ ਬਹੁਤ ਸਾਰੀਆਂ ਬੀਮਾਰੀਆਂ ਤੁਹਾਡੇ ਆਸ ਪਾਸ ਵੀ ਨਹੀਂ ਫਟਕਣਗੀਆਂ। ਇਸ ਤੋਂ ਇਲਾਵਾ ਪ੍ਰੋਟੀਨ ਐਨਜ਼ਾਈਮ ਅਤੇ ਹਾਰਮੋਨਸ ਨੂੰ ਤਿਆਰ ਕਰਨ ਵਿਚ ਵੀ ਮਦਦ ਕਰਦਾ ਹੈ।
ਪ੍ਰੋਟੀਨ ਤੋਂ ਬਿਨਾਂ ਸਰੀਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪ੍ਰੋਟੀਨ ਸਾਡੀ ਊਰਜਾ ਦਾ ਮੁੱਖ ਸਰੋਤ ਹੈ। ਔਸਤਨ, ਹਰ ਦਿਨ ਇੱਕ ਵਿਅਕਤੀ ਨੂੰ 1 ਗ੍ਰਾਮ ਪ੍ਰੋਟੀਨ ਪ੍ਰਤੀ ਕਿਲੋਗ੍ਰਾਮ ਸਰੀਰ ਦੇ ਭਾਰ ਦੇ ਹਿਸਾਬ ਨਾਲ ਲੈਣਾ ਚਾਹੀਦਾ ਹੈ। ਮੰਨ ਲਓ ਜੇਕਰ ਤੁਹਾਡਾ ਭਾਰ 60 ਕਿਲੋਗ੍ਰਾਮ ਹੈ, ਤਾਂ ਤੁਹਾਨੂੰ ਹਰ ਰੋਜ਼ ਲਗਭਗ 60 ਗ੍ਰਾਮ ਪ੍ਰੋਟੀਨ ਲੈਣਾ ਚਾਹੀਦਾ ਹੈ।
ਪ੍ਰੋਟੀਨ ਸਪਲੀਮੇੈਂਟਸ ਦੀ ਜ਼ਰੂਰਤ ਆਖਰ ਕਿਸਨੂੰ ਹੈ ?
ਸਿਹਤ ਮਾਹਿਰਾਂ ਅਨੁਸਾਰ ਹਰ ਕਿਸੇ ਨੂੰ ਪ੍ਰੋਟੀਨ ਸਪਲੀਮੈਂਟ ਜਾਂ ਪਾਊਡਰ ਦੀ ਲੋੜ ਨਹੀਂ ਹੁੰਦੀ। ਪ੍ਰੋਟੀਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਿਅਕਤੀ ਨੂੰ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ। ਇਸ ਨਾਲ ਤੁਹਾਡੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਬਰਕਰਾਰ ਰਹਿੰਦੀ ਹੈ। ਇਹ ਮੁੱਖ ਤੌਰ ‘ਤੇ ਬਾਡੀ ਬਿਲਡਰਾਂ, ਐਥਲੀਟਾਂ ਦੁਆਰਾ ਵਰਤੀ ਜਾਂਦੀ ਹੈ ਜਾਂ ਅਜਿਹੇ ਲੋਕ ਜਿਨ੍ਹਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਘੱਟ ਗਈ ਹੈ, ਨੂੰ ਇਸਦੀ ਲੋੜ ਹੋ ਸਕਦੀ ਹੈ। ਉਹ ਵੀ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰੋ। ਆਮ ਲੋਕਾਂ ਲਈ ਪ੍ਰੋਟੀਨ ਸਪਲੀਮੈਂਟ ਦੀ ਕੋਈ ਲੋੜ ਨਹੀਂ ਹੈ। ਮੀਟ, ਮੱਛੀ, ਡੇਅਰੀ, ਅੰਡੇ, ਫਲ਼ੀਦਾਰ, ਗਿਰੀਦਾਰ ਅਤੇ ਬੀਜਾਂ ਤੋਂ ਭਰਪੂਰ ਪ੍ਰੋਟੀਨ ਮਿਲਦਾ ਹੈ ਜੇਕਰ ਤੁਸੀਂ ਚੰਗੀ ਤਰ੍ਹਾਂ ਸੰਤੁਲਿਤ ਖੁਰਾਕ ਖਾਂਦੇ ਹੋ, ਤਾਂ ਤੁਹਾਨੂੰ ਸਪਲੀਮੈਂਟਸ ਦੀ ਬਿਲਕੁਲ ਲੋੜ ਨਹੀਂ ਹੈ।
ਇਹ ਵੀ ਪੜ੍ਹੋ…HMPV ਵਾਇਰਸ ਦੇ ਵਧ ਰਹੇ ਕੇਸ, ਸਿਰਫ਼ ਬੱਚੇ ਹੀ ਨਹੀਂ ਇਨ੍ਹਾਂ ਲੋਕਾਂ ਨੂੰ ਵੀ ਹੈ ਖਤਰਾ
ਕਈ ਵਾਰ ਇਹ ਵੀ ਚਰਚਾ ਕੀਤੀ ਜਾਂਦੀ ਹੈ ਕਿ ਕੀ ਨੌਜਵਾਨਾਂ ਅਤੇ ਬੱਚਿਆਂ ਨੂੰ ਪ੍ਰੋਟੀਨ ਸਪਲੀਮੈਂਟ ਦੀ ਲੋੜ ਹੈ, ਪਰ ਅਜਿਹਾ ਬਿਲਕੁਲ ਨਹੀਂ ਹੈ। ਜੇਕਰ ਥਾਲੀ ਵਿੱਚ ਸੰਤੁਲਿਤ ਭੋਜਨ ਜਾਂ ਪ੍ਰੋਟੀਨ ਭਰਪੂਰ ਭੋਜਨ ਹੋਵੇ ਤਾਂ ਬੱਚਿਆਂ ਜਾਂ ਨੌਜਵਾਨਾਂ ਨੂੰ ਇਸ ਦੀ ਬਿਲਕੁਲ ਲੋੜ ਨਹੀਂ ਹੈ। ਇਹ ਮੁੱਖ ਤੌਰ ‘ਤੇ ਬਾਡੀ ਬਿਲਡਰਾਂ ਅਤੇ ਬਾਊਂਸਰਾਂ ਲਈ ਹੈ, ਕਿਉਂਕਿ ਉਨ੍ਹਾਂ ਨੂੰ ਹਰ ਰੋਜ਼ ਜ਼ਿਆਦਾ ਜਿੰਮ ਅਤੇ ਕਸਰਤ ਕਰਨੀ ਪੈਂਦੀ ਹੈ। ਅਜਿਹੇ ਲੋਕਾਂ ਨੂੰ ਉੱਚ ਪੱਧਰੀ ਪ੍ਰੋਟੀਨ ਦੀ ਲੋੜ ਹੁੰਦੀ ਹੈ। ਹਾਰਵਰਡ ਮੈਡੀਕਲ ਸਕੂਲ ਦੇ ਮਾਹਿਰਾਂ ਅਨੁਸਾਰ ਜਿੰਮ ਜਾਣ ਵਾਲੇ ਹਰ ਵਿਅਕਤੀ ਲਈ ਪ੍ਰੋਟੀਨ ਪਾਊਡਰ ਦਾ ਸੇਵਨ ਕਰਨਾ ਜ਼ਰੂਰੀ ਨਹੀਂ ਹੈ।
ICMR ਪ੍ਰੋਟੀਨ ਸਪਲੀਮੈਂਟਸ ‘ਤੇ ਕੀ ਕਹਿੰਦਾ ਹੈ?
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਪ੍ਰੋਟੀਨ ਸਪਲੀਮੈਂਟਸ ਦੀ ਅੰਨ੍ਹੇਵਾਹ ਵਰਤੋਂ ਬਾਰੇ ਇੱਕ ਸਲਾਹ ਜਾਰੀ ਕੀਤੀ ਹੈ। ICMR ਨੇ ਕਿਹਾ ਕਿ ਆਮ ਲੋਕਾਂ ਜਾਂ ਜਿੰਮ ਜਾਣ ਵਾਲੇ ਨੌਜਵਾਨਾਂ ਲਈ ਪ੍ਰੋਟੀਨ ਸਪਲੀਮੈਂਟ ਦੀ ਕੋਈ ਲੋੜ ਨਹੀਂ ਹੈ । ਇਸ ਵਿੱਚ ਸ਼ੂਗਰ, ਗੈਰ-ਕੈਲੋਰੀ ਸਵੀਟਨਰ ਅਤੇ ਗੈਰ ਕੁਦਰਤੀ ਪਦਾਰਥ ਮਿਲਾਏ ਜਾਂਦੇ ਹਨ, ਜੋ ਲਾਭ ਦੀ ਬਜਾਏ ਨੁਕਸਾਨ ਪਹੁੰਚਾ ਸਕਦੇ ਹਨ।
ਜ਼ਿਆਦਾ ਸਪਲੀਮੈਂਟਸ ਖਾਣ ਨਾਲ ਪੈ ਸਕਦੇ ਹਨ ਬੁਰੇ ਪ੍ਰਭਾਵ
ਬਾਡੀ ਬਿਲਡਰ ਜਾਂ ਪੇਸ਼ੇਵਰ ਸਿਹਤ ਕਰਮਚਾਰੀਆਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਜੇਕਰ ਉਹ ਜ਼ਿਆਦਾ ਪ੍ਰੋਟੀਨ ਸਪਲੀਮੈਂਟਸ ਦਾ ਸੇਵਨ ਕਰਦੇ ਹਨ ਕਿਉਂਕਿ ਇਸ ਦਾ ਸਰੀਰ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਕਾਰਨ ਸਰੀਰ ਦੇ ਕਈ ਅੰਗ ਵੀ ਖਰਾਬ ਹੋ ਸਕਦੇ ਹਨ। ਪ੍ਰੋਟੀਨ ਸਪਲੀਮੈਂਟਸ ਦੇ ਜ਼ਿਆਦਾ ਸੇਵਨ ਨਾਲ ਪੇਟ ਫੁੱਲਣਾ, ਗੈਸ, ਉਲਟੀਆਂ, ਦਸਤ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।ਇਸ ਤੋਂ ਇਲਾਵਾ ਲੀਵਰ ਦੇ ਖਰਾਬ ਹੋਣ ਦੀ ਸੰਭਾਵਨਾ ਵੀ ਹੋ ਸਕਦੀ ਹੈ, ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਜੋ ਪਹਿਲਾਂ ਹੀ ਕਿਡਨੀ ਦੀ ਸਮੱਸਿਆ ਤੋਂ ਪੀੜਤ ਹਨ।
ਪ੍ਰੋਟੀਨ ਸਪਲੀਮੈਂਟਸ ਦੀ ਬਜਾਏ ਵੱਖ-ਵੱਖ ਤਰ੍ਹਾਂ ਦੇ ਪੋਸ਼ਣ ਭਰਪੂਰ ਭੋਜਨ ਖਾਓ –
ਸ਼ਾਕਾਹਾਰੀ ਭੋਜਨ
ਡੇਅਰੀ ਉਤਪਾਦ:– ਪਨੀਰ, ਦੁੱਧ, ਦਹੀਂ ਆਦਿ ਉਤਪਾਦ ਪ੍ਰੋਟੀਨ ਦੇ ਨਾਲ-ਨਾਲ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ।
ਬੀਜ ਅਤੇ ਅਖਰੋਟ:- ਅਖਰੋਟ, ਚਿਆ ਬੀਜ, ਬਦਾਮ ਅਤੇ ਸੂਰਜਮੁਖੀ ਦੇ ਬੀਜਾਂ ਵਿੱਚ ਸਿਹਤਮੰਦ ਚਰਬੀ ਅਤੇ ਪ੍ਰੋਟੀਨ ਹੁੰਦੇ ਹਨ।
ਫਲ਼ੀਦਾਰ:– ਕਾਲੀ ਬੀਨਜ਼, ਕਿਡਨੀ ਬੀਨਜ਼ ਅਤੇ ਦਾਲਾਂ ਪ੍ਰੋਟੀਨ ਦੇ ਚੰਗੇ ਸਰੋਤ ਹਨ।
ਇਹ ਵੀ ਪੜ੍ਹੋ…Movie Review : ‘ਮੈਚ ਫਿਕਸਿੰਗ’ ਕ੍ਰਿਕਟ ਦੀ ਨਹੀਂ, ਸਗੋਂ ਰਾਜਨੀਤੀ ਦੇ ਗਲਿਆਰਿਆਂ ਵਿੱਚ ਹੋਈ ਫਿਕਸਿੰਗ ਦੀ ਸਨਸਨੀਖੇਜ਼ ਕਹਾਣੀ
ਮਾਸਾਹਾਰੀ ਭੋਜਨ
ਮੱਛੀ:- ਮੱਛੀ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਅਤੇ ਪ੍ਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ।
ਅੰਡੇ:- ਅੰਡੇ ਪ੍ਰੋਟੀਨ ਦਾ ਪੂਰਾ ਸਰੋਤ ਹਨ, ਜਿਸ ਵਿੱਚ ਪ੍ਰਤੀ ਅੰਡੇ ਵਿੱਚ 6-7 ਗ੍ਰਾਮ ਪ੍ਰੋਟੀਨ ਹੁੰਦਾ ਹੈ।
ਚਿਕਨ ਬ੍ਰੈਸਟ:- ਇਸ ਵਿੱਚ ਪ੍ਰਤੀ 100 ਗ੍ਰਾਮ 30 ਗ੍ਰਾਮ ਪ੍ਰੋਟੀਨ ਹੁੰਦਾ ਹੈ।
ਕਈ ਬਿਮਾਰੀਆਂ ਨੂੰ ਦੇ ਸਕਦਾ ਹੈ ਸੱਦਾ
ਹਾਲ ਹੀ ਵਿੱਚ, ਹਾਰਵਰਡ ਹੈਲਥ ਪਬਲਿਸ਼ਿੰਗ ਪੇਪਰ ਵਿੱਚ “ਪ੍ਰੋਟੀਨ ਪਾਊਡਰ ਦੇ ਲੁਕਵੇਂ ਖ਼ਤਰੇ” ਨਾਮ ਦੀ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਪੇਪਰ ਦੇ ਅਨੁਸਾਰ, ਪ੍ਰੋਟੀਨ ਪਾਊਡਰ ਵਿੱਚ ਵਾਧੂ ਸ਼ੂਗਰ, ਕੈਲੋਰੀ ਅਤੇ ਇੱਥੋਂ ਤੱਕ ਕਿ ਜ਼ਹਿਰੀਲੇ ਰਸਾਇਣ ਵੀ ਹੋ ਸਕਦੇ ਹਨ। ਕੁਝ ਪ੍ਰੋਟੀਨ ਪਾਊਡਰ ਇੱਕ ਗਲਾਸ ਦੁੱਧ ਵਿੱਚ 1200 ਤੋਂ ਵੱਧ ਕੈਲੋਰੀ ਬਣਾ ਦਿੰਦੇ ਹਨ। ਇਸ ਨਾਲ ਤੇਜ਼ੀ ਨਾਲ ਭਾਰ ਵਧਦਾ ਹੈ ਅਤੇ ਅੱਗੇ ਚੱਲ ਕੇ ਸ਼ੂਗਰ ਵਰਗੀਆਂ ਕਈ ਬਿਮਾਰੀਆਂ ਨੂੰ ਨਿਓਤਾ ਦੇ ਸਕਦਾ ਹੈ।
One thought on “ਕੀ ਹਰ ਕਿਸੇ ਨੂੰ ਪ੍ਰੋਟੀਨ ਸਪਲੀਮੈਂਟਸ ਲੈਣ ਦੀ ਜ਼ਰੂਰਤ ਹੈ ? ਜਾਣੋ ਕੀ ਕਹਿੰਦੇ ਹਨ ਸਿਹਤ ਮਾਹਿਰ”