ਦੇਰ ਰਾਤ ਤੱਕ ਜਾਗਣਾ ਹੋ ਸਕਦਾ ਹੈ ਖਤਰਨਾਕ, ਦਿਮਾਗ ਨੂੰ ਹੁੰਦਾ ਹੈ ਸਿੱਧਾ ਨੁਕਸਾਨ

ਰਾਤ ਦੀ ਨੀਂਦ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਦੌਰਾਨ ਦਿਮਾਗ ਵੀ ਆਪਣੇ ਆਪ ਨੂੰ ਆਰਾਮ ਦਿੰਦਾ ਹੈ, ਮੁਰੰਮਤ ਕਰਦਾ ਹੈ ਤੇ ਦਿਨ ਭਰ ਦੀ ਮੈਮਰੀ ਨੂੰ ਸਟੋਰ ਕਰਦਾ ਹੈ। ਹਾਲਾਂਕਿ, ਅੱਜਕਲ੍ਹ ਦੀ ਜੀਵਨਸ਼ੈਲੀ ‘ਚ ਲੋਕ ਰਾਤ ਨੂੰ ਦੇਰ ਤਕ ਜਾਗਦੇ ਹਨ, ਖਾਸ ਕਰਕੇ ਨੌਜਵਾਨ। ਪਰ ਕੀ ਤੁਸੀਂ ਜਾਣਦੇ ਹੋ ਕਿ ਨੀਂਦ ਦੀ ਕਮੀ ਸਿੱਧੇ ਤੌਰ ‘ਤੇ ਸਾਡੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦੀ ਹੈ?
ਜਦੋਂ ਅਸੀਂ ਪੂਰੀ ਨੀਂਦ ਨਹੀਂ ਲੈਂਦੇ ਤਾਂ ਇਸ ਦਾ ਸਾਡੇ ਦਿਮਾਗ ‘ਤੇ ਕੀ ਅਸਰ ਹੁੰਦਾ ਹੈ। ਆਓ ਇਸ ਬਾਰੇ ਜਾਣੀਏ…
ਯਾਦਦਾਸ਼ਤ ਤੇ ਸਿੱਖਣ ਦੀ ਸਮਰੱਥਾ ‘ਤੇ ਅਸਰ
ਨੀਂਦ ਦੌਰਾਨ ਸਾਡਾ ਦਿਮਾਗ ਦਿਨ ਭਰ ਦੀਆਂ ਐਕਟੀਵਿਟਿਜ਼ ਤੇ ਸਿੱਖੀਆਂ ਗਈਆਂ ਚੀਜ਼ਾਂ ਨੂੰ ਵਿਵਸਥਿਤ ਕਰਦਾ ਹੈ। ਡੀਪ ਸਲੀਪ ਅਤੇ REM ਸਲੀਪ ਸਾਈਕਲ ਦੌਰਾਨ ਦਿਮਾਗ ਨਵੀਂ ਜਾਣਕਾਰੀ ਨੂੰ ਲੰਬੇ ਸਮੇਂ ਲਈ ਯਾਦ ਰੱਖਣ ਲਈ ਸਟੋਰ ਕਰਦਾ ਹੈ। ਜੇਕਰ ਨੀਂਦ ਪੂਰੀ ਨਹੀਂ ਹੁੰਦੀ ਤਾਂ ਇਹ ਪ੍ਰਕਿਰਿਆ ਰੁਕ ਜਾਂਦੀ ਹੈ, ਜਿਸ ਨਾਲ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ ਤੇ ਨਵੀਆਂ ਗੱਲਾਂ ਸਿੱਖਣ ਵਿਚ ਮੁਸ਼ਕਲ ਆਉਂਦੀ ਹੈ।
ਫੋਕਸ ਕਰਨ ਤੇ ਫੈਸਲੇ ਲੈਣ ਦੀ ਸਮਰੱਥਾ ‘ਚ ਕਮੀ
ਨੀਂਦ ਦੀ ਕਮੀ ਨਾਲ ਦਿਮਾਗ ਦੇ ਸੈੱਲ, ਜਿਨ੍ਹਾਂ ਨੂੰ ਨਿਊਰੋਨਸ ਕਿਹਾ ਜਾਂਦਾ ਹੈ, ਠੀਕ ਢੰਗ ਨਾਲ ਕੰਮ ਨਹੀਂ ਕਰ ਪਾਉਂਦੇ, ਜਿਸ ਨਾਲ ਸੋਚਣ-ਸਮਝਣ ਦੀ ਸਮਰੱਥਾ ਘਟ ਜਾਂਦੀ ਹੈ। ਇਸ ਦਾ ਸਿੱਧਾ ਅਸਰ ਸਾਡੇ ਫੋਕਸ, ਤਰਕ ਤੇ ਫੈਸਲੇ ਲੈਣ ਦੀ ਸਮਰੱਥਾ ‘ਤੇ ਪੈਂਦਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦੀ ਨੀਂਦ ਪੂਰੀ ਨਹੀਂ ਹੁੰਦੀ, ਉਨ੍ਹਾਂ ਦਾ ਰਿਐਕਸ਼ਨ ਟਾਈਮ ਵੀ ਹੌਲੀ ਹੋ ਜਾਂਦਾ ਹੈ ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ।
ਮੂਡ ਸਵਿੰਗ ਤੇ ਮੈਂਟਲ ਹੈਲਥ ‘ਤੇ ਮਾੜਾ ਅਸਰ
ਘੱਟ ਨੀਂਦ ਵਾਲੇ ਲੋਕ ਅਕਸਰ ਚਿੜਚਿੜੇ, ਤਣਾਅ ਵਾਲੇ ਜਾਂ ਉਦਾਸ ਮਹਿਸੂਸ ਕਰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਨੀਂਦ ਦੀ ਕਮੀ ਅਮੀਗਡਾਲਾ ਨਾਂ ਦੇ ਦਿਮਾਗ ਦੇ ਹਿੱਸੇ ਨੂੰ ਵੱਧ ਐਕਟਿਵ ਕਰ ਦਿੰਦੀ ਹੈ ਜੋ ਭਾਵਨਾਵਾਂ ਨੂੰ ਕੰਟਰੋਲ ਕਰਦਾ ਹੈ। ਇਸ ਦੇ ਨਾਲ ਹੀ ਨੀਂਦ ਦੀ ਘਾਟ ਨਾਲ ਸੇਰੋਟੋਨਿਨ ਤੇ ਡੋਪਾਮਾਈਨ ਵਰਗੇ ਖੁਸ਼ੀ ਦੇ ਹਾਰਮੋਨਸ ਦਾ ਬੈਲੈਂਸ ਖਰਾਬ ਹੋ ਜਾਂਦਾ ਹੈ, ਜਿਸ ਨਾਲ ਡਿਪ੍ਰੈਸ਼ਨ ਤੇ ਐਂਜਾਇਟੀ ਦਾ ਖ਼ਤਰਾ ਵਧ ਜਾਂਦਾ ਹੈ।
ਇਹ ਵੀ ਪੜ੍ਹੋ…Protein Rich Food: ਪਨੀਰ ਖਾਣਾ ਪਸੰਦ ਨਹੀਂ ਤਾਂ ਨਾਸ਼ਤੇ ‘ਚ ਸ਼ਾਮਲ ਕਰੋ ਇਹ 5 ਪ੍ਰੋਟੀਨ ਭਰਪੂਰ ਫੂਡ
ਦਿਮਾਗ ਦੇ ਸੈੱਲਾਂ ਨੂੰ ਨੁਕਸਾਨ
ਲੰਬੇ ਸਮੇਂ ਤਕ ਨੀਂਦ ਦੀ ਕਮੀ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਨੀਂਦ ਦੀ ਕਮੀ ਨਾਲ ਦਿਮਾਗ ਦੇ ਕੁਝ ਹਿੱਸਿਆਂ ‘ਚ ਨਿਊਰੋਨਸ ਦੀ ਗਿਣਤੀ ਘਟ ਸਕਦੀ ਹੈ। ਇਸ ਦੇ ਨਾਲ, ਨੀਂਦ ਦੌਰਾਨ ਦਿਮਾਗ ਟੌਕਸਿਕ ਪ੍ਰੋਟੀਨ, ਜਿਵੇਂ ਕਿ ਬੀਟਾ-ਐਮਿਲੋਇਡ ਨੂੰ ਸਾਫ ਕਰਦਾ ਹੈ, ਜੋ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਨਾਲ ਜੁੜੇ ਹੁੰਦੇ ਹਨ। ਜੇਕਰ ਨੀਂਦ ਪੂਰੀ ਨਹੀਂ ਹੁੰਦੀ ਤਾਂ ਇਹ ਹਾਨੀਕਾਰਕ ਪ੍ਰੋਟੀਨ ਜਮ੍ਹਾਂ ਹੋਣ ਲੱਗਦੇ ਹਨ, ਜਿਸ ਨਾਲ ਦਿਮਾਗ ਦੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।
ਕ੍ਰਿਏਟਿਵਿਟੀ ਅਤੇ ਪ੍ਰੋਬਲਮ ਸੋਲਵਿੰਗ ‘ਚ ਕਮੀ
ਨੀਂਦ ਸਾਡੀ ਕ੍ਰਿਏਟਿਵਿਟੀ ਤੇ ਇਨੋਵੇਟਿਵ ਥਿੰਕਿੰਗ ਲਈ ਵੀ ਜ਼ਰੂਰੀ ਹੈ। ਜਦੋਂ ਅਸੀਂ ਸੌਂ ਰਹੇ ਹੁੰਦੇ ਹਾਂ ਤਾਂ ਦਿਮਾਗ ਨਵੀਂ ਜਾਣਕਾਰੀ ਨੂੰ ਜੋੜ ਕੇ ਸਮੱਸਿਆਵਾਂ ਦਾ ਹੱਲ ਲੱਭਦਾ ਹੈ। ਜੇਕਰ ਨੀਂਦ ਪੂਰੀ ਨਹੀਂ ਹੁੰਦੀ ਤਾਂ ਇਹ ਪ੍ਰਕਿਰਿਆ ਰੁਕ ਜਾਂਦੀ ਹੈ, ਜਿਸ ਨਾਲ ਨਵੇਂ ਵਿਚਾਰ ਆਉਣੇ ਘੱਟ ਜਾਂਦੇ ਹਨ।
ਇਸ ਲਈ, ਜੇ ਤੁਸੀਂ ਆਪਣੇ ਦਿਮਾਗ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਹਰ ਰੋਜ਼ 7-9 ਘੰਟੇ ਦੀ ਡੀਪ ਸਲੀਪ ਲੈਣਾ ਜ਼ਰੂਰੀ ਹੈ। ਨੀਂਦ ਦੀ ਘਾਟ ਨਾ ਸਿਰਫ ਤੁਹਾਡੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ, ਬਲਕਿ ਲੰਬੇ ਸਮੇਂ ਵਿਚ ਇਹ ਤੁਹਾਡੇ ਦਿਮਾਗ ਦੀ ਸੰਰਚਨਾ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ, ਆਪਣੀ ਨੀਂਦ ਨੂੰ ਤਰਜੀਹ ਦਿਉ ਤੇ ਸਿਹਤਮੰਦ ਜੀਵਨਸ਼ੈਲੀ ਅਪਣਾਓ।