ਦਫ਼ਤਰ ‘ਚ ਕੰਮ ਦਾ ਬੋਝ ਬਣ ਰਿਹਾ ਹੈ ਤਣਾਅ ਦਾ ਕਾਰਨ ? ਤਾਂ ਅਪਣਾਓ ਇਹ ਟਿਪਸ ਘਟੇਗੀ ਟੈਨਸ਼ਨ

ਅੱਜ-ਕੱਲ੍ਹ ਲੋਕ ਦਫ਼ਤਰੀ ਕੰਮਾਂ ਨੂੰ ਲੈ ਕੇ ਬਹੁਤ ਤਣਾਅ ਵਿੱਚ ਰਹਿੰਦੇ ਹਨ। ਦਫਤਰੀ ਕੰਮਾਂ ਕਾਰਨ ਅਸੀਂ ਆਪਣੀ ਮਾਨਸਿਕ ਸਿਹਤ ਨੂੰ ਭੁੱਲ ਜਾਂਦੇ ਹਾਂ। ਮਲਟੀ-ਟਾਸਕਿੰਗ ਅਤੇ ਵਧਦੇ ਕੰਮ ਦੇ ਬੋਝ ਕਾਰਨ ਸਾਡੇ ਦਿਮਾਗ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਚਿੰਤਾ ਅਤੇ ਉਦਾਸੀ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਕਾਰਨ ਨਾ ਸਿਰਫ ਤੁਹਾਡੀ ਕੰਮਕਾਜੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ, ਸਗੋਂ ਤੁਹਾਡੀ ਨਿੱਜੀ ਜ਼ਿੰਦਗੀ ‘ਤੇ ਵੀ ਬੁਰਾ ਅਸਰ ਪੈਂਦਾ ਹੈ।
ਕਈ ਲੋਕ ਘਰ ਵਿੱਚ ਵੀ ਦਫ਼ਤਰ ਦੇ ਕੰਮ ਕਰਦੇ ਰਹਿੰਦੇ ਹਨ ਅਤੇ ਇਸ ਨਾਲ ਉਨ੍ਹਾਂ ਦੀ ਨੀਂਦ ‘ਤੇ ਅਸਰ ਪੈਂਦਾ ਹੈ। ਪਰਿਵਾਰ ਨਾਲ ਸਮਾਂ ਨਾ ਬਿਤਾਉਣ ਕਾਰਨ ਤਣਾਅ ਵਧਦਾ ਹੈ ਅਤੇ ਹੌਲੀ-ਹੌਲੀ ਇਹ ਤਣਾਅ ਵਧ ਕੇ ਡਿਪਰੈਸ਼ਨ ਦਾ ਰੂਪ ਧਾਰਨ ਕਰ ਲੈਂਦਾ ਹੈ। 2019 ਵਿੱਚ, ਕੰਮ ਕਰਨ ਦੀ ਉਮਰ ਦੇ 15% ਬਾਲਗਾਂ ਨੂੰ ਮਾਨਸਿਕ ਬਿਮਾਰੀਆਂ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਕੰਮ ਨੂੰ ਲੈ ਕੇ ਕਿੰਨਾ ਤਣਾਅ ਰੱਖਦੇ ਹਨ ਅਤੇ ਇਹ ਤਣਾਅ ਮਾਨਸਿਕ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ।
ਅਸਲ ਵਿੱਚ, ਲੋਕ ਲਗਾਤਾਰ ਪ੍ਰਮੋਸ਼ਨ ਅਤੇ ਤਨਖਾਹ ਦੇ ਗ੍ਰਾਫ ਨੂੰ ਵਧਾਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ । ਅਜਿਹੀ ਸਥਿਤੀ ਵਿੱਚ ਕਈ ਵਾਰ ਉਨ੍ਹਾਂ ਨੂੰ ਚਿੰਤਾ, ਤਣਾਅ ਅਤੇ ਕਈ ਪ੍ਰੋਜੈਕਟਾਂ ਦੇ ਸਹੀ ਢੰਗ ਨਾਲ ਕੰਮ ਨਾ ਕਰਨ ਕਾਰਨ ਘਬਰਾਹਟ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਿਹਤ ਮਾਹਿਰ ਦੱਸਦੇ ਹਨ ਕਿ ਵਰਕ ਪਲੇਸ ਤੇ ਵਧਦਾ Stress ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਮਾਨਸਿਕ ਤਣਾਅ ਨੂੰ ਘੱਟ ਕਰਨ ਲਈ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਬਦਲਣੀ ਚਾਹੀਦੀ ਹੈ। ਵਰਕ ਪਲੇਸ ਤੇ ਤਣਾਅ ਨੂੰ ਘੱਟ ਕਰਨ ਲਈ ਮਾਹਿਰਾਂ ਨੇ ਕਈ ਅਜਿਹੇ ਕਈ ਟਿਪਸ ਦਿੱਤੇ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਤਣਾਅ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹੋ।
ਸਵੇਰ ਦਾ ਰੁਟੀਨ ਕੀ ਹੋਣਾ ਚਾਹੀਦਾ ਹੈ?
ਸਿਹਤ ਮਾਹਿਰਾਂ ਅਨੁਸਾਰ ਤੁਹਾਨੂੰ ਸਵੇਰੇ ਉੱਠਣ ਦਾ ਸਮਾਂ ਤੈਅ ਕਰਨਾ ਚਾਹੀਦਾ ਹੈ ਅਤੇ ਇਸ ਦੇ ਲਈ ਰਾਤ ਨੂੰ ਸੌਣ ਦਾ ਸਮਾਂ ਵੀ ਤੈਅ ਕਰਨਾ ਚਾਹੀਦਾ ਹੈ। ਇਸ ਨਾਲ ਸਵੇਰੇ ਉੱਠਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ। ਜਿਹੜੇ ਲੋਕ ਸਵੇਰੇ ਉੱਠਦੇ ਹੀ ਚਾਹ ਜਾਂ ਕੌਫੀ ਪੀਂਦੇ ਹਨ, ਉਨ੍ਹਾਂ ਨੂੰ ਇਸ ਦੀ ਬਜਾਏ ਕੋਸਾ ਪਾਣੀ ਪੀਣਾ ਚਾਹੀਦਾ ਹੈ ਜਾਂ ਫਿਰ ਨਿੰਬੂ ਦਾ ਰਸ ਪਾ ਕੇ ਪਾਣੀ ਪੀਓ। ਇਸ ਤੋਂ ਇਲਾਵਾ ਸਵੇਰੇ ਫੋਨ ‘ਤੇ ਸੋਸ਼ਲ ਮੀਡੀਆ ਦੇਖਣ ਦੀ ਬਜਾਏ ਯੋਗਾ ਜਾਂ ਮੈਡੀਟੇਸ਼ਨ ਕਰੋ। ਕਈ ਵਾਰ ਲੋਕ ਪੁੱਛਦੇ ਹਨ ਕਿ ਮੈਡੀਟੇਸ਼ਨ ਕਰਨ ਨਾਲ ਕੀ ਫਰਕ ਪੈਂਦਾ ਹੈ, ਪਰ ਤੁਸੀਂ ਕੁਝ ਮਹੀਨੇ ਮੈਡੀਟੇਸ਼ਨ ਕਰ ਕੇ ਦੇਖੋ ਤੁਹਾਨੂੰ ਆਪਣੇ ਆਪ ਫਰਕ ਮਹਿਸੂਸ ਹੋਏਗਾ । ਜੇਕਰ ਤੁਸੀਂ ਦਿਨ ਦੀ ਸ਼ੁਰੂਆਤ ਯੋਗਾ ਜਾਂ ਧਿਆਨ ਨਾਲ ਕਰਦੇ ਹੋ, ਤਾਂ ਤੁਸੀਂ ਆਪਣੇ ਸਰੀਰ ਨੂੰ ਪੂਰੇ ਦਿਨ ਲਈ ਤਿਆਰ ਕਰ ਲੈਂਦੇ ਹੋ।
ਦਫਤਰ ਵਿਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਦਫ਼ਤਰ ਵਿੱਚ ਤਣਾਅ ਨੂੰ ਘੱਟ ਕਰਨ ਲਈ ਸਭ ਤੋਂ ਜ਼ਰੂਰੀ ਹੈ ਕਿ ਆਲਸ ਨਾ ਕਰੋ। ਇਹ ਤਣਾਅ ਦਾ ਸਭ ਤੋਂ ਵੱਡਾ ਕਾਰਨ ਹੈ। ਜਿਹੜੇ ਅੱਜ ਦਾ ਕੰਮ ਕੱਲ੍ਹ ਅਤੇ ਫਿਰ ਪਰਸੋਂ ਤੱਕ ਮੁਲਤਵੀ ਕਰ ਦਿੰਦੇ ਹਨ, ਉਨ੍ਹਾਂ ਦਾ ਕੰਮ ਅਧੂਰਾ ਰਹਿ ਜਾਂਦਾ ਹੈ। ਇਸ ਨਾਲ ਤਣਾਅ ਵਧਦਾ ਹੈ। ਇਸ ਲਈ ਕੰਮਾਂ ਦੀ ਸੂਚੀ ਬਣਾਓ ਅਤੇ ਦਿਨ ਦੇ ਕੰਮ ਨੂੰ ਪੂਰਾ ਕਰੋ। ਦਫਤਰ ਵਿਚ ਹਰ ਦੋ ਤੋਂ ਤਿੰਨ ਘੰਟੇ ਵਿਚ 15-15 ਮਿੰਟ ਦਾ ਬ੍ਰੇਕ ਲਓ। ਉੱਠੋ, ਸੈਰ ਕਰੋ ਅਤੇ ਆਰਾਮ ਕਰੋ। ਸਾਹ ਲੈਣ ਦੀਆਂ ਕਸਰਤਾਂ ਕਰੋ। ਦਫਤਰ ਦਾ ਕੰਮ ਘਰ ਨਾ ਲਿਆਓ । ਘਰ ਵਿੱਚ ਪਰਿਵਾਰ ਨਾਲ ਸਮਾਂ ਬਿਤਾਓ। ਫ਼ੋਨ ਨੂੰ ਕੁਝ ਸਮੇਂ ਲਈ ਸਾਈਲੈਂਟ ਰੱਖੋ।
ਇਹ ਵੀ ਪੜ੍ਹੋ…ਸਰਦੀਆਂ ‘ਚ ਇਸ ਤਰ੍ਹਾਂ ਖਾਓ ਗੁੜ, ਰਹੋ ਸਿਹਤਮੰਦ
ਟਾਈਮ ਲਿਮਿਟ ਸੈੱਟ ਕਰੋ
ਫੈਸਲਾ ਕਰੋ ਕਿ ਤੁਸੀਂ ਆਪਣੀ ਕੰਮ ਦੀ ਸ਼ਿਫਟ ਤੋਂ ਇਲਾਵਾ ਦਫਤਰ ਦੇ ਕੰਮ ਨੂੰ ਕਿੰਨਾ ਸਮਾਂ ਦੇ ਸਕਦੇ ਹੋ? ਦਿਨ ਦੇ 24 ਘੰਟੇ ਦਫਤਰੀ ਕੰਮ ਲਈ ਉਪਲੱਬਧ ਰਹਿਣ ਨਾਲ ਮਾਨਸਿਕ ਥਕਾਵਟ ਵੀ ਹੋਵੇਗੀ ਅਤੇ ਤੁਸੀਂ ਵੀ ਮਹਿਸੂਸ ਕਰੋਗੇ ਕਿ ਤੁਹਾਡੇ ਕੰਮ ਦੀ ਪੂਰੀ ਪ੍ਰਸ਼ੰਸਾ ਨਹੀਂ ਕੀਤੀ ਜਾ ਰਹੀ ਹੈ। ਇਸ ਕਾਰਨ ਉਤਪਾਦਕਤਾ ਵੀ ਘੱਟ ਜਾਂਦੀ ਹੈ। ਇਸ ਲਈ ਇੱਕ ਸਮਾਂ ਸੀਮਾ ਨਿਰਧਾਰਤ ਕਰੋ ਕਿ ਤੁਸੀਂ ਦਫਤਰ ਨੂੰ ਕਿੰਨਾ ਵਾਧੂ ਸਮਾਂ ਦੇ ਸਕਦੇ ਹੋ। ਕੰਮ ਦੀ ਸ਼ਿਫਟ ਵਿੱਚ ਹੀ ਸਾਰੇ ਕੰਮ ਪੂਰੇ ਕਰਨ ਦੀ ਕੋਸ਼ਿਸ਼ ਕਰੋ ਅਤੇ ਘਰ ਜਾ ਕੇ ਕੰਮ ਕਰਨ ਤੋਂ ਬਚੋ।
ਖੁਰਾਕ ਵਿੱਚ ਕੀ ਲੈਣਾ ਹੈ?
ਸੰਤੁਲਿਤ ਖੁਰਾਕ ਖਾਓ। ਦਫ਼ਤਰ ਵਿੱਚ ਘਰ ਦਾ ਖਾਣਾ ਲੈ ਕੇ ਜਾਓ। ਦੁਪਹਿਰ ਦੇ ਖਾਣੇ ਤੋਂ ਇਲਾਵਾ ਤਾਜ਼ੇ ਮੌਸਮੀ ਫਲ, ਜਾਂ ਚਨੇ, ਮੂੰਗਫਲੀ ਜਾਂ ਸੁੱਕੇ ਮੇਵੇ ਆਪਣੇ ਬੈਗ ਵਿਚ ਰੱਖੋ। ਕੰਮ ਦੌਰਾਨ ਜਦੋਂ ਵੀ ਭੁੱਖ ਲੱਗੇ ਤਾਂ ਇਹ ਸਭ ਖਾਓ। ਇਹ ਤੁਹਾਨੂੰ ਜੰਕ ਫੂਡ ਖਾਣ ਤੋਂ ਵੀ ਬਚਾਏਗਾ। ਕੰਮ ਕਰਦੇ ਸਮੇਂ ਪਾਣੀ ਪੀਣ ਦਾ ਜਰੂਰ ਧਿਆਨ ਰੱਖੋ। ਸਰੀਰ ਦਾ ਹਾਈਡਰੇਟਿਡ ਰਹਿਣਾ ਬਹੁਤ ਜ਼ਰੂਰੀ ਹੈ। ਥੋੜ੍ਹੇ-ਥੋੜ੍ਹੇ ਸਮੇਂ ‘ਤੇ ਪਾਣੀ ਪੀਣਾ ਵੀ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਤਣਾਅ ਘੱਟ ਕਰਨ ਲਈ ਲੋਕ ਲਗਾਤਾਰ ਚਾਹ, ਕੌਫੀ ਜਾਂ ਸਿਗਰਟ ਪੀਂਦੇ ਹਨ। ਇਸ ਨਾਲ ਤਣਾਅ ਘੱਟ ਨਹੀਂ ਹੁੰਦਾ, ਸਗੋਂ ਤੁਸੀਂ ਮਾਨਸਿਕ ਤਣਾਅ ਦੇ ਨਾਲ-ਨਾਲ ਸਰੀਰ ‘ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸੱਦਾ ਦਿੰਦੇ ਹੋ।
ਤਣਾਅ ਘਟਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
-ਸੈਰ ਜਰੂਰ ਕਰੋ। ਇੱਕ ਘੰਟਾ ਲਗਾਤਾਰ ਸੈਰ ਕਰਨ ਦੀ ਬਜਾਏ ਪੂਰੇ ਦਿਨ ਵਿੱਚ 15-15 ਮਿੰਟ ਸੈਰ ਕਰਨ ਦੀ ਰੁਟੀਨ ਬਣਾਓ।
-ਦਫ਼ਤਰ ਵਿੱਚ ਚਿਪਸ ਜਾਂ ਡੱਬਾਬੰਦ ਭੋਜਨ ਨਾ ਰੱਖੋ।
-ਜੇਕਰ ਤੁਸੀਂ ਚਾਹ ਜਾਂ ਕੌਫੀ ਪੀਣ ਦੇ ਸ਼ੌਕੀਨ ਹੋ ਤਾਂ ਇਸ ਨੂੰ ਦਿਨ ‘ਚ ਦੋ ਵਾਰ ਪੀਓ।
-ਆਪਣੇ ਸਰੀਰ ਨੂੰ ਹਾਈਡਰੇਟ ਰੱਖਣ ਲਈ ਦਫ਼ਤਰ ਵਿੱਚ ਲੱਸੀ ਜਾਂ ਨਿੰਬੂ ਪਾਣੀ ਪੀਓ।
-ਆਪਣੇ ਭੋਜਨ ਵਿੱਚ ਸਲਾਦ ਅਤੇ ਦਹੀਂ ਨੂੰ ਜ਼ਰੂਰ ਸ਼ਾਮਿਲ ਕਰੋ।
-ਛੁੱਟੀ ਵਾਲੇ ਦਿਨ ਸੋਸ਼ਲ ਮੀਡੀਆ ਅਤੇ ਫ਼ੋਨ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ।
ਇਹ ਛੋਟੀਆਂ-ਛੋਟੀਆਂ ਤਬਦੀਲੀਆਂ ਕਰਨ ਨਾਲ ਤੁਸੀਂ ਨਾ ਸਿਰਫ ਦਫਤਰੀ ਤਣਾਅ ਨੂੰ ਘੱਟ ਕਰਨ ਵਿਚ ਸਫਲ ਹੋਵੋਗੇ, ਸਗੋਂ ਜੀਵਨ ਸ਼ੈਲੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਬਚ ਸਕੋਗੇ।