ਜਲਦ ਹੋਵੇਗੀ ਅਧਿਆਪਕਾਂ ਦੀਆਂ 5,182 ਖਾਲੀ ਅਸਾਮੀਆਂ ਦੀ ਭਰਤੀ

Share:

ਨਵੀਂ ਦਿੱਲੀ, 29 ਨਵੰਬਰ 2024 – ਸਿੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ ਸੁਕਾਂਤ ਮਜੂਮਦਾਰ ਨੇ ਰਾਜ ਸਭਾ ਵਿੱਚ ਜਾਣਕਾਰੀ ਦਿੱਤੀ ਹੈ ਕਿ ਕੇਂਦਰੀ ਯੂਨੀਵਰਸਿਟੀਆਂ ਵਿਚ 31 ਅਕਤੂਬਰ, 2024 ਤੱਕ 5,182 ਅਧਿਆਪਨ ਦੀਆਂ ਅਸਾਮੀਆਂ ਖਾਲੀ ਹਨ। ਮੰਤਰੀ ਨੇ ਕਿਹਾ ਕਿ ਅਸਾਮੀਆਂ ਸੇਵਾਮੁਕਤੀ, ਅਸਤੀਫ਼ੇ ਅਤੇ ਵਿਦਿਆਰਥੀਆਂ ਦੀ ਗਿਣਤੀ ਵਧਣ ਵਰਗੇ ਕਾਰਨਾਂ ਕਰਕੇ ਪੈਦਾ ਹੁੰਦੀਆਂ ਹਨ। ਇਹ ਅਸਾਮੀਆਂ ਛੇਤੀ ਹੀ ਭਰੀਆਂ ਜਾਣਗੀਆਂ।

ਰਾਜ ਮੰਤਰੀ ਨੇ ਕਿਹਾ ਕਿ ਅਧਿਆਪਨ ਦੀਆਂ ਅਸਾਮੀਆਂ ਭਰਨ ਦੀ ਜ਼ਿੰਮੇਵਾਰੀ ਸਬੰਧਤ ਕੇਂਦਰੀ ਯੂਨੀਵਰਸਿਟੀਆਂ ਦੀ ਹੈ। ਸਿੱਖਿਆ ਮੰਤਰਾਲਾ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨਿਯਮਿਤ ਤੌਰ ‘ਤੇ ਸੰਸਥਾਵਾਂ ਨੂੰ ਨਿਯੁਕਤੀਆਂ ਕਰਨ ਲਈ ਨਿਰਦੇਸ਼ ਦਿੰਦੇ ਹਨ। ਵਿਸ਼ੇਸ਼ ਭਰਤੀ ਮੁਹਿੰਮ ਤਹਿਤ ਹੁਣ ਤੱਕ 7,650 ਤੋਂ ਵੱਧ ਅਧਿਆਪਨ ਅਸਾਮੀਆਂ ਭਰੀਆਂ ਜਾ ਚੁੱਕੀਆਂ ਹਨ।

ਕੇਂਦਰੀ ਉੱਚ ਸਿੱਖਿਆ ਸੰਸਥਾਵਾਂ ਦੁਆਰਾ 29 ਅਕਤੂਬਰ, 2024 ਤੱਕ ਮਿਸ਼ਨ ਮੋਡ ਵਿੱਚ 15,139 ਅਧਿਆਪਨ ਅਸਾਮੀਆਂ ਸਮੇਤ ਕੁੱਲ 25,777 ਅਸਾਮੀਆਂ ਭਰੀਆਂ ਗਈਆਂ ਹਨ। ਇਨ੍ਹਾਂ ਵਿੱਚ 1,869 ਅਨੁਸੂਚਿਤ ਜਾਤੀ, 739 ਅਨੁਸੂਚਿਤ ਜਨਜਾਤੀ ਅਤੇ 3,089 ਹੋਰ ਪੱਛੜੀਆਂ ਸ਼੍ਰੇਣੀਆਂ ਦੇ ਅਧਿਆਪਕਾਂ ਦੀਆਂ ਨਿਯੁਕਤੀਆਂ ਸ਼ਾਮਲ ਹਨ।

CU, IIT, IIIT, NIT, IIM, IISc ਬੰਗਲੌਰ ਅਤੇ IISER ਵਰਗੀਆਂ ਸੰਸਥਾਵਾਂ ਨੇ ਹੁਣ ਤੱਕ ਕੁੱਲ 25,257 ਅਸਾਮੀਆਂ ਭਰੀਆਂ ਹਨ। ਇਨ੍ਹਾਂ ਵਿੱਚੋਂ 15,047 ਅਸਾਮੀਆਂ ਅਧਿਆਪਕਾਂ ਦੀਆਂ ਹਨ। ਸਰਕਾਰ ਅਤੇ ਸਬੰਧਤ ਅਦਾਰਿਆਂ ਦਾ ਇਹ ਉਪਰਾਲਾ ਉਚੇਰੀ ਸਿੱਖਿਆ ਵਿੱਚ ਗੁਣਵੱਤਾ ਬਰਕਰਾਰ ਰੱਖਣ ਲਈ ਇੱਕ ਅਹਿਮ ਕਦਮ ਹੈ।

Leave a Reply

Your email address will not be published. Required fields are marked *