ਪੰਜਾਬ ਜ਼ਿਮਨੀ ਚੋਣਾਂ ’ਚ ‘ਆਪ’ ਤਿੰਨ ਸੀਟਾਂ ‘ਤੇ, ਕਾਂਗਰਸ ਇਕ ਸੀਟ ‘ਤੇ ਅੱਗੇ
ਡੇਰਾ ਬਾਬਾ ਨਾਨਕ, 23 ਨਵੰਬਰ 2024 – ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਲਈ ਸ਼ਨੀਵਾਰ ਨੂੰ ਜਾਰੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਡੇਰਾ ਬਾਬਾ ਨਾਨਕ, ਗਿੱਦੜਬਾਹਾ ਅਤੇ ਚੱਬੇਵਾਲ ਸੀਟਾਂ ‘ਤੇ ਆਮ ਆਦਮੀ ਪਾਰਟੀ (ਆਪ) ਅੱਗੇ ਹੈ ਜਦਕਿ ਕਾਂਗਰਸ ਬਰਨਾਲਾ ਸੀਟ ‘ਤੇ ਅੱਗੇ ਹੈ।
ਗਿੱਦੜਬਾਹਾ ਤੋਂ ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਆਪਣੇ ਨਜ਼ਦੀਕੀ ਵਿਰੋਧੀ ਅਤੇ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਤੋਂ 1,044 ਵੋਟਾਂ ਨਾਲ ਅੱਗੇ ਹਨ। ਅੰਮ੍ਰਿਤਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਹੈ।
ਭਾਜਪਾ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੀਜੇ ਸਥਾਨ ‘ਤੇ ਹਨ।
ਚੱਬੇਵਾਲ ਤੋਂ ‘ਆਪ’ ਉਮੀਦਵਾਰ ਇਸ਼ਾਂਕ ਕੁਮਾਰ ਆਪਣੇ ਨੇੜਲੇ ਵਿਰੋਧੀ ਅਤੇ ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ ਤੋਂ 3308 ਵੋਟਾਂ ਨਾਲ ਅੱਗੇ ਹਨ। ਭਾਜਪਾ ਦੇ ਸੋਹਣ ਸਿੰਘ ਠੰਡਲ ਤੀਜੇ ਸਥਾਨ ‘ਤੇ ਹਨ।
ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਚੌਥੇ ਪੜਾਅ ਦੀ ਗਿਣਤੀ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ‘ਆਪ’ ਦੇ ਹਰਿੰਦਰ ਸਿੰਘ ਧਾਲੀਵਾਲ ਤੋਂ 360 ਵੋਟਾਂ ਨਾਲ ਅੱਗੇ ਹਨ। ਭਾਜਪਾ ਦੇ ਕੇਵਲ ਢਿੱਲੋਂ ਤੀਜੇ ਸਥਾਨ ‘ਤੇ ਹਨ।
ਡੇਰਾ ਬਾਬਾ ਨਾਨਕ ਤੋਂ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੋ ਗੇੜਾਂ ਦੀ ਗਿਣਤੀ ਤੋਂ ਬਾਅਦ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਤੋਂ 265 ਵੋਟਾਂ ਨਾਲ ਅੱਗੇ ਹਨ। ਕੌਰ ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਹੈ। ਭਾਜਪਾ ਦੇ ਰਵਿਕਰਨ ਕਾਹਲੋਂ ਤੀਜੇ ਸਥਾਨ ‘ਤੇ ਹਨ।
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਲਈ ਸ਼ਨੀਵਾਰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ।
20 ਨਵੰਬਰ ਨੂੰ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ (ਅਨੁਸੂਚਿਤ ਜਾਤੀ ਲਈ ਰਾਖਵੀਆਂ) ਅਤੇ ਬਰਨਾਲਾ ਸੀਟਾਂ ‘ਤੇ ਉਪ ਚੋਣਾਂ ਲਈ ਵੋਟਾਂ ਪਈਆਂ ਸਨ। ਇਸ ਸਾਲ ਦੇ ਸ਼ੁਰੂ ਵਿਚ ਇਨ੍ਹਾਂ ਸੀਟਾਂ ਤੋਂ ਵਿਧਾਇਕਾਂ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਉਪ ਚੋਣਾਂ ਜ਼ਰੂਰੀ ਹੋ ਗਈਆਂ ਸਨ।