ਤਰਨਤਾਰਨ ਉਪ ਚੋਣ; ਅੰਮ੍ਰਿਤਪਾਲ ਧੜੇ ‘ਤੇ ਟਿਕੀਆਂ ਸਿਆਸੀ ਆਗੂਆਂ ਦੀਆਂ ਨਜ਼ਰਾਂ, ਗੁਪਤਾ ਦੀ ਉਮੀਦਵਾਰੀ ਨੂੰ ਲੈ ਕੇ ਛਿੜੀ ਵੱਖਰੀ ਸੁਰ

ਤਰਨਤਾਰਨ ਉਪ ਚੋਣ ਨੂੰ ਲੈ ਕੇ ਸੂਬੇ ਦੀ ਸਿਆਸਤ ਭਖਣ ਲੱਗੀ ਹੈ। ਸੂਬੇ ਦੀਆਂ ਚਾਰ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਸਾਰਿਆਂ ਦੀਆਂ ਨਜ਼ਰਾਂ ਡਿਬਰੂਗੜ੍ਹ ਜੇਲ੍ਹ ‘ਚ ਬੰਦ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਧੜ੍ਹੇ ‘ਤੇ ਟਿਕੀਆਂ ਹੋਈਆਂ ਹਨ। ਵਾਰਿਸ ਪੰਜਾਬ ਜਥੇਬੰਦੀ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਸਾਂਝੇ ਤੌਰ ‘ਤੇ ਚੋਣ ਲੜਦੇ ਹਨ ਜਾਂ ਨਹੀਂ।
ਇਸ ਸਬੰਧੀ ਕਈ ਤਰ੍ਹਾਂ ਦੀਆਂ ਅਟਕਲਾਂ ਚੱਲ ਰਹੀਆਂ ਹਨ ਪਰ ਸਿਆਸੀ ਆਗੂਆਂ ਦੀਆਂ ਨਜ਼ਰਾਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ‘ਤੇ ਟਿਕੀਆਂ ਹੋਈਆਂ ਹਨ। ਹਾਲਾਂਕਿ ਸਿਆਸੀ ਆਗੂ ਖੁੱਲ੍ਹ ਕੇ ਮੰਨਣ ਨੂੰ ਤਿਆਰ ਨਹੀ ਹਨ ਪਰ ਮਾਝੇ ‘ਚ ਅੰਮ੍ਰਿਤਪਾਲ ਸਿੰਘ ਦੇ ਵੱਧ ਰਹੇ ਪ੍ਰਭਾਵ ਤੋਂ ਚਿੰਤਤ ਜ਼ਰੂਰ ਹਨ।
ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਪ ਚੋਣ ‘ਚ ਅੰਮ੍ਰਿਤਪਾਲ ਸਿੰਘ ਵੀ ਇਕ ਫੈਕਟਰ ਹੋ ਸਕਦਾ ਹੈ। ਜੇਕਰ ਵਾਰਿਸ ਪੰਜਾਬ ਜਾਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਸਬੰਧਤ ਉਮੀਦਵਾਰ ਨੂੰ ਵੋਟਾਂ ਮਿਲਦੀਆਂ ਹਨ ਤਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਸ ‘ਤੇ ਗੰਭੀਰ ਮੰਥਨ ਕਰਨਾ ਪਵੇਗਾ।
ਰਾਣਾ ਗੁਰਜੀਤ ਦਾ ਕਹਿਣਾ ਹੈ ਕਿ ਸਿੱਖਾਂ ਦੀ ਚਿੰਤਾ ਨੂੰ ਸਮਝਣਾ ਅਤੇ ਵਿਚਾਰਨ ਦੀ ਲੋੜ ਹੈ। ਤਰਨਤਾਰਨ ਜਿਮਨੀ ਚੋਣ ‘ਚ ਮਾਝੇ ਦੇ ਲੋਕਾਂ ਦੇ ਮੂਡ ਦਾ ਪਤਾ ਲੱਗੇਗਾ ਅਤੇ ਆਮ ਚੋਣਾਂ ਵਿਚ ਇਸ ਦਾ ਪ੍ਰਭਾਵ ਹੋਰ ਵੀ ਪ੍ਰਤੱਖ ਦਿਖੇਗਾ। ਆਮ ਆਦਮੀ ਪਾਰਟੀ ਨੇ ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆਂ ਹੈ। ਜਦਕਿ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ, ਭਾਜਪਾ ਨੇ ਹਰਜੀਤ ਸਿੰਘ ਸੰਧੂ ਅਤੇ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਧਾਵਾਂ ਨੂੰ ਉਮੀਦਵਾਰ ਬਣਾਇਆ ਹੈ। ਬੇਸ਼ੱਕ ਚੋਣ ਕਮਿਸ਼ਨ ਨੇ ਰਸਮੀ ਤੌਰ ‘ਤੇ ਉਪ ਚੋਣ ਦਾ ਸੌਮਵਾਰ ਨੂੰ ਐਲਾਨ ਕੀਤਾ ਹੈ ਪਰ ਸੂਬੇ ਦੀਆਂ ਸਿਆਸੀ ਪਾਰਟੀਆਂ ਨੇ ਪਹਿਲਾਂ ਹੀ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ। ਮਾਝੇ ਦੀ ਉਪ ਚੋਣ ਸੂਬੇ ਦੀ ਸਿਆਸਤ ਅਤੇ ਆਮ ਚੋਣਾਂ ‘ਚ ਲੋਕਾਂ ਦੇ ਰੁਝਾਨ ਤੇ ਸੁਭਾਅ ਵੀ ਪ੍ਰਗਟ ਕਰੇਗੀ।
ਗੁਪਤਾ ਦੀ ਉਮੀਦਵਾਰੀ ‘ਤੇ ਰਾਣਾ ਤੇ ਬਾਜਵਾ ਦੀ ਵੱਖਰੀ ਸੁਰ
ਰਾਜ ਸਭਾ ਦੀ ਖਾਲੀ ਸੀਟ ‘ਤੇ ਹੋਣ ਵਾਲੀ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਵਲੋਂ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਏ ਜਾਣ ‘ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵੱਖੋ-ਵੱਖਰੇ ਬਿਆਨ ਸਾਹਮਣੇ ਆਏ ਹਨ। ਜਿੱਥੇ ਰਾਣਾ ਗੁਰਜੀਤ ਸਿੰਘ ਨੇ ਰਾਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਏ ਜਾਣ ‘ਤੇ ਉਸ ਨੂੰ ਇੱਕ ਸਫਲ ਉਦਯੋਗਪਤੀ ਤੇ ਜ਼ਮੀਨ ਨਾਲ ਜੁੜਿਆ ਹੋਇਆ ਵਿਅਕਤੀ ਦੱਸਿਆ ਹੈ। ਉੱਥੇ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਆਪ ਵਲੋਂ ਰਾਜ ਸਭਾ ਉਮੀਦਵਾਰ ਵਜੋਂ ਇਕ ਉਦਯੋਗਪਤੀ ਦੀ ਨਾਮਜ਼ਦਗੀ ਬਹੁਤ ਕੁਝ ਬੋਲਦੀ ਹੈ। ਬਾਜਵਾ ਨੇ ਆਪਣੇ ਐਕਸ ਅਕਾਉਂਟ ‘ਤੇ ਲਿਖਿਆ ਹੈ ਕਿ ਕਿਸੇ ਵੀ ਤਰੀਕੇ ਨਾਲ ਪੈਸਾ ਹੜੱਪ ਕਰ ਲਓ। ਸਰਕਾਰੀ ਜ਼ਮੀਨ ਵੇਚੋ, ਜਨਤਕ ਜਾਇਦਾਦ ਵੇਚੋ, ਕੱਲ੍ਹ ਨੂੰ ਤਾਂ ਮੁੱਖ ਮੰਤਰੀ ਦੀ ਕੁਰਸੀ ਵੀ ਵਿਕ ਸਕਦੀ ਹੈ। ਬਾਜਵਾ ਦਾ ਕਹਿਣਾ ਹੈ ਕਿ ਸੂਬੇ ਵਿਚ ਹਰ ਸਰੋਤ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ।