ਟਰੰਪ ਪ੍ਰਸ਼ਾਸਨ ਨੇ ਡੈਮੋਕ੍ਰੇਟਿਕ ਸੂਬਿਆਂ ਲਈ 26 ਅਰਬ ਡਾਲਰ ਦੀ ਫੰਡਿੰਗ ਰੋਕੀ, ਡੈਮੋਕ੍ਰੇਟਸ ਦੇ ਗੜ੍ਹ ਵਜੋਂ ਜਾਣੇ ਜਾਂਦੇ ਨਿਊਯਾਰਕ ਦੇ ਰੋਕੇ 18 ਅਰਬ ਡਾਲਰ

Share:

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਸੂਬਿਆਂ ਲਈ ਸੰਘੀ ਟਰਾਂਸਪੋਰਟ ਤੇ ਗ੍ਰੀਨ ਐਨਰਜੀ ਦੇ ਮਦ ‘ਚ 26 ਅਰਬ ਡਾਲਰ ਦੀ ਫੰਡਿੰਗ ‘ਤੇ ਰੋਕ ਲਾ ਦਿੱਤੀ ਹੈ। ਡੈਮੋਕ੍ਰੇਟਸ ਦੇ ਗੜ੍ਹ ਮੰਨੇ ਜਾਣ ਵਾਲੇ ਨਿਊਯਾਰਕ ਦੀ ਮੈਟਰੋ ਤੇ ਹਡਸਨ ਸੁਰੰਗ ਪ੍ਰਾਜੈਕਟਾਂ ਲਈ 18 ਅਰਬ ਡਾਲਰ ਰੋਕ ਦਿੱਤੇ ਗਏ ਹਨ। ਨਾਲ ਹੀ, ਡੈਮੋਕ੍ਰੇਟਿਕ ਸੂਬਿਆਂ ‘ਚ 8 ਅਰਬ ਡਾਲਰ ਦੇ ਗ੍ਰੀਨ ਐਨਰਜੀ ਪ੍ਰਾਜੈਕਟਾਂ ‘ਤੇ ਵੀ ਰੋਕ ਲਾਈ ਗਈ ਹੈ।

ਟਰੰਪ ਨੇ ਕਿਹਾ ਕਿ ਉਹ ਮੈਨੇਜਮੈਂਟ ਤੇ ਬਜਟ ਦਫਤਰ ਦੇ ਨਿਰਦੇਸ਼ਕ ਰਸਲ ਵਾਟ ਨੂੰ ਮਿਲਣਗੇ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ‘ਡੈਮੋਕ੍ਰੇਟ ਏਜੰਸੀਆਂ’ ‘ਚ ਇਹ ਕਟੌਤੀਆਂ ਆਰਜ਼ੀ ਹੋਣਗੀਆਂ ਜਾਂ ਸਥਾਈ।

ਦੂਜੇ ਪਾਸੇ, ਅਮਰੀਕੀ ਊਰਜਾ ਵਿਭਾਗ ਨੇ ਵੀ ਕਿਹਾ ਹੈ ਕਿ ਉਸ ਨੇ ਸੈਂਕੜੇ ਊਰਜਾ ਪ੍ਰਾਜੈਕਟਾਂ ਲਈ 7.56 ਅਰਬ ਡਾਲਰ ਦੀ ਰਕਮ ਰੱਦ ਕਰਨ ਦੀ ਯੋਜਨਾ ਬਣਾਈ ਹੈ, ਜਿਸ ਬਾਰੇ ਉਸ ਨੇ ਕਿਹਾ ਹੈ ਕਿ ਇਹ ਟੈਕਸਦਾਤਿਆਂ ਨੂੰ ਯੋਗਦਾਨ ਨਹੀਂ ਦੇਣਗੀਆਂ। ਫਿਰ ਵੀ ਰਾਸ਼ਟਰਪਤੀ ਨੇ ਟਰੂਥ ਸੋਸ਼ਲ ‘ਤੇ ਲਿਖਿਆ, ‘ਵਿਸ਼ਵਾਸ ਨਹੀਂ ਹੋ ਰਿਹਾ ਕਿ ਕੱਟੜ ਖੱਬੇਪੱਖੀ ਡੈਮੋਕ੍ਰੇਟਸ ਨੇ ਉਨ੍ਹਾਂ ਨੂੰ ਸੰਘੀ ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਦਾ ਮੌਕਾ ਦਿੱਤਾ।’ ਕਾਂਗਰਸ ‘ਚ ‘ਪੱਖਪਾਤੀ ਅੜਿੱਕੇ’ ਕਾਰਨ ਬੁੱਧਵਾਰ ਨੂੰ ਸ਼ੁਰੂ ਹੋਏ ਸ਼ਟਡਾਊਨ ਦੌਰਾਨ ਟਰੰਪ ਨੇ ਹੋਰ ਸੰਘੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਹੈ। ਉਹ ਇਸ ਸਾਲ ਦੇ ਅੰਤ ਤੱਕ ਤਿੰਨ ਲੱਖ ਸੰਘੀ ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਤਿਆਰੀ ‘ਚ ਹਨ।

ਇਸ ਦੌਰਾਨ, ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਹ ਸ਼ਟਡਾਊਨ ਹੋਰ ਦਿਨਾਂ ਤੱਕ ਚੱਲਦਾ ਹੈ ਤਾਂ ਪ੍ਰਸ਼ਾਸਨ ਸੰਘੀ ਮੁਲਾਜ਼ਮਾਂ ਦੀ ਛਾਂਟੀ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਸਕਦਾ ਹੈ। ਇਹ ਕਦਮ ਇਹ ਸਪੱਸ਼ਟ ਕਰਦੇ ਹਨ ਕਿ ਟਰੰਪ ਆਪਣੀ ਧਮਕੀ ਨੂੰ ਪੂਰਾ ਕਰਨਗੇ ਕਿ ਉਹ ਬੰਦ ਦਾ ਲਾਹਾ ਲੈ ਕੇ ਆਪਣੇ ਸਿਆਸੀ ਵਿਰੋਧੀਆਂ ਨੂੰ ਸਜ਼ਾ ਦੇਣਗੇ ਤੇ ਸੱਤ ਟ੍ਰਿਲੀਅਨ ਡਾਲਰ ਦੇ ਸੰਘੀ ਬਜਟ ‘ਤੇ ਕੰਟਰੋਲ ਵਧਾਉਣਗੇ, ਜਿਸ ਨੂੰ ਅਮਰੀਕੀ ਸੰਵਿਧਾਨ ਰਾਹੀਂ ਕਾਂਗਰਸ ਦੇ ਅਧਿਕਾਰ ਖੇਤਰ ‘ਚ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਨੇ ਟਰੂਥ ਸੋਸ਼ਲ ‘ਤੇ ਲਿਖਿਆ, ‘ਅਰਬਾਂ ਡਾਲਰ ਬਚਾਏ ਜਾ ਸਕਦੇ ਹਨ।’

ਸ਼ਟਡਾਊਨ ਕਾਰਨ ਧੁੰਦਲੀ ਹੋਈ ਆਰਥਿਕ ਤਸਵੀਰ

ਸ਼ਟਡਾਊਨ ਕਾਰਨ ਅਮਰੀਕਾ ਦੀ ਆਰਥਿਕ ਤਸਵੀਰ ਧੁੰਦਲੀ ਹੋ ਗਈ ਹੈ। ਬੰਦ ਲੰਬਾ ਖਿੱਚਣ ਕਾਰਨ ਜੇ ਆਰਥਿਕ ਅੰਕੜਿਆਂ ਦੇ ਜਾਰੀ ਹੋਣ ‘ਚ ਦੇਰੀ ਹੁੰਦੀ ਹੈ ਤਾਂ ਇਹ ਖਾਸ ਤੌਰ ‘ਤੇ ਫੈਡਰਲ ਰਿਜ਼ਰਵ ਬੈਂਕ ਲਈ ਚੁਣੌਤੀਆਂ ਪੈਦਾ ਕਰ ਸਕਦਾ ਹੈ। ਵਿਆਜ ਦਰ ‘ਚ ਮੁੜ ਕਮੀ ਕਰਨ ਦੇ ਟੀਚਾ ਨਾਲ 28-29 ਅਕਤੂਬਰ ਨੂੰ ਬੈਂਕ ਦੀ ਮੀਟਿੰਗ ਤੈਅ ਹੈ। ਸੰਭਾਵਨਾ ਹੈ ਕਿ ਮੁੱਖ ਮਹਿੰਗਾਈ ਰਿਪੋਰਟ 15 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ ਤੇ ਸਰਕਾਰ ਦੀ ਮਹੀਨਾਵਾਰੀ ਪ੍ਰਚੂਨ ਵਿਕਰੀ ਰਿਪੋਰਟ ਅਗਲੇ ਦਿਨ ਜਾਰੀ ਕੀਤੀ ਜਾਵੇਗੀ। ਅਗਲੀ ਉਦਯੋਗਿਕ ਉਤਪਾਦਨ ਰਿਪੋਰਟ 17 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ।

ਨੌਕਰੀਆਂ ‘ਚ ਕਟੌਤੀ ਤੇ ਮੰਦੀ ਦੇ ਸੰਕੇਤ

ਫੈਕਟਸੈਟ ਦੇ ਇਕ ਸਰਵੇਖਣ ਅਨੁਸਾਰ, ਢਿੱਲੀ ਭਰਤੀ ਰਫ਼ਤਾਰ ਦੇ ਨਾਲ-ਨਾਲ ਆਰਥਿਕ ਮਾਹਰਾਂ ਨੇ ਘੱਟ ਨਿਯੁਕਤੀਆਂ ਦਾ ਅਨੁਮਾਨ ਲਾਇਆ ਹੈ। ਬੇਰੁਜ਼ਗਾਰੀ ਦਰ ਹਾਲੇ ਵੀ 4.3 ਫ਼ੀਸਦੀ ਦੇ ਹੇਠਲੇ ਪੱਧਰ ‘ਤੇ ਰਹਿਣ ਦਾ ਅਨੁਮਾਨ ਹੈ। ਮਨੁੱਖੀ ਸਰੋਤ ਮੈਨੇਜਮੈਂਟ ਤੇ ਸੇਵਾ ਪ੍ਰਦਾਤਾ ਅਮਰੀਕੀ ਕੰਪਨੀ ‘ਆਟੋਮੈਟਿਕ ਡਾਟਾ ਪ੍ਰੋਸੈਸਿੰਗ’ ਇੰਕ (ਏਡੀਪੀ) ਨੇ ਬੁੱਧਵਾਰ ਨੂੰ ਆਪਣਾ ਮਹੀਨਾਵਾਰੀ ਰੁਜ਼ਗਾਰ ਡੇਟਾ ਜਾਰੀ ਕੀਤਾ, ਜਿਸ ਤੋਂ ਪਤਾ ਲੱਗਾ ਕਿ ਕੰਪਨੀਆਂ ਨੇ ਸਤੰਬਰ ‘ਚ 32,000 ਨੌਕਰੀਆਂ ਵਿਚ ਕਟੌਤੀ ਕੀਤੀ ਹੈ-ਜੋ ਅਰਥਚਾਰੇ ‘ਚ ਮੰਦੀ ਦੇ ਸੰਕੇਤ ਹਨ। ਲੰਬੇ ਸਮੇਂ ਤੱਕ ਸ਼ਟਡਾਊਨ ਨਾਲ ਸਥਿਤੀ ਗੰਭੀਰ ਹੋ ਸਕਦੀ ਹੈ।

Leave a Reply

Your email address will not be published. Required fields are marked *

Modernist Travel Guide All About Cars