ਚੀਮਾ ਨੇ ਹੰਝੂ ਵਹਾਉਂਦਿਆਂ ਅਕਾਲੀ ਦਲ ਨੂੰ ਕਿਹਾ ਅਲਵਿਦਾ, ਕਿਹਾ- ਗੈਰ ਪੰਥਕ ਬੰਦੇ ਅਕਾਲੀ ਦਲ ‘ਚ ਚੌਧਰੀ ਬਣੇ ਹੋਏ ਹਨ

ਤਿੰਨ ਪੀੜ੍ਹੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸੀਨੀਅਰ ਨੇਤਾ ਜਗਦੀਪ ਸਿੰਘ ਚੀਮਾ ਨੇ ਮੰਗਲਵਾਰ ਨੂੰ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਲੰਬੇ ਅਰਸੇ ਅਤੇ ਔਖੇ ਸਮੇਂ ਵਿਚ ਵੀ ਪਾਰਟੀ ਨਾਲ ਖੜ੍ਹੇ ਰਹੇ ਜਗਦੀਪ ਸਿੰਘ ਚੀਮਾ ਜਦ ਪਾਰਟੀ ਨੂੰ ਅਲਵਿਦਾ ਕਹਿਣ ਲੱਗੇ ਤਾਂ ਉਹ ਭਾਵੁਕ ਹੋ ਗਏ। ਉਨ੍ਹਾਂ ਦੀਆਂ ਅੱਖਾਂ ਵਿਚ ਟਿਪ-ਟਿਪ ਕਰ ਕੇ ਹੰਝੂ ਵਹਿ ਗਏ।
ਚੀਮਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਵ੍ਹਟਸਅਪ ‘ਤੇ ਅਸਤੀਫ਼ਾ ਭੇਜਿਆ ਸੀ ਤਾਂ ਅੱਗਿਓਂ ਸੁਖਬੀਰ ਬਾਦਲ ਨੇ ਹੱਥ ਜੋੜ੍ਹ ਦਿੱਤੇ ਪਰ ਪਾਰਟੀ ‘ਚ ਚੌਧਰੀ ਬਣੇ ਇਕ ਨੇਤਾ ਜਿਹੜਾ ਉਸ ਵਕਤ ਜੰਮਿਆ ਵੀ ਨਹੀਂ ਸੀ, ਜਦੋਂ ਤੋਂ ਉਨ੍ਹਾਂ ਦਾ ਪਰਿਵਾਰ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ, ਨੇ ਪਾਰਟੀ ਵਿਚੋਂ ਬਾਹਰ ਕੱਢਣ ਦਾ ਫੁਰਮਾਨ ਸੁਣਾ ਦਿੱਤਾ। ਚੀਮਾ ਨੇ ਕਿਹਾ ਕਿ ਅਕਾਲੀ ਦਲ ਵਿਚ ਗੈਰ-ਪੰਥਕ ਲੋਕ ਚੌਧਰੀ ਬਣੇ ਬੈਠੇ ਹਨ, ਜਿਸ ਕਰ ਕੇ ਅਕਾਲੀ ਦਲ ਦੀ ਇਹ ਸਥਿਤੀ ਬਣੀ ਹੈ।
ਇੱਥੇ ਪ੍ਰੈੱਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਦੱਸਿਆ ਕਿ 1920 ‘ਚ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ ਤਾਂ ਉਸ ਦੇ ਦਾਦਾ ਕੇਹਰ ਸਿੰਘ ਤੇ ਸ਼ਮਸ਼ੇਰ ਸਿੰਘ ਪਾਰਟੀ ਨਾਲ ਜੁੜੇ ਸਨ। ਪਹਿਲੀ ਵਾਰ 1925 ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਤਾਂ ਉਸ ਦੇ ਦਾਦਾ ਜੀ ਮੈਂਬਰ ਬਣੇ ਸਨ ਅਤੇ ਕਰੀਬ 50 ਸਾਲ ਉਨ੍ਹਾਂ ਦਾ ਪਰਿਵਾਰ ਸ੍ਰੋਮਣੀ ਕਮੇਟੀ ਦਾ ਮੈਂਬਰ ਰਿਹਾ ਹੈ। ਜਸਟਿਸ ਗੁਰਨਾਮ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਿਚ ਉਨ੍ਹਾਂ ਦੇ ਪਿਤਾ ਰਣਧੀਰ ਸਿੰਘ ਚੀਮਾ ਕੈਬਨਿਟ ਮੰਤਰੀ ਰਹੇ ਹਨ, ਜਦਕਿ ਉਹ ਪਾਰਟੀ ਦੇ ਕਈ ਸੀਨੀਅਰ ਅਹੁਦਿਆਂ ‘ਤੇ ਕੰਮ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਮੰਨਿਆਂ ਹੁੰਦਾ ਤਾਂ ਪਾਰਟੀ ਦੀ ਇਹ ਸਥਿਤੀ ਨਹੀਂ ਹੋਣੀ ਸੀ। ਲੋਕ ਸਭਾ ਚੋਣਾਂ, ਵਿਧਾਨ ਸਭਾ ਚੋਣਾਂ ਤੇ ਜ਼ਿਮਨੀ ਚੋਣਾਂ ਵਿਚ ਪਾਰਟੀ ਦੇ ਕਈ ਸੀਨੀਅਰ ਆਗੂਆਂ ਤੱਕ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਪੰਥਕ ਆਗੂਆਂ ਦੀ ਕੋਈ ਸੁਣਵਾਈ ਨਹੀਂ ਹੈ ਅਤੇ ਕੁਝ ਚਾਪਲੂਸ, ਚੁਗਲਖੋਰ ਲੋਕ ਪਾਰਟੀ ‘ਚ ਚੌਧਰੀ ਬਣ ਕੇ ਬੈਠ ਗਏ ਹਨ।
ਅਗਲਾ ਫੈਸਲਾ ਲੈਣ ਬਾਰੇ ਚੀਮਾ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਸਮੱਰਥਕਾਂ ਨਾਲ ਅਗਲੇ ਦਿਨਾਂ ਵਿਚ ਮੀਟਿੰਗ ਕਰਨਗੇ ਜੋ ਸਮੱਰਥਕ ਫੈਸਲਾ ਲੈਣਗੇ, ਉਸ ਮੁਤਾਬਕ ਅਗਲੀ ਰਣਨੀਤੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਮੁੜ ਅਕਾਲੀ ਦਲ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਦੱਸਿਆ ਕਿ ਉਸ ਨੂੰ ਮਨਾਉਣ ਦਾ ਯਤਨ ਤੱਕ ਨਹੀਂ ਕੀਤਾ ਗਿਆ ਪਰ ਅਨੁਸ਼ਾਸਨ ਤੋੜਨ ਦੀ ਗੱਲ ਕਹਿ ਕੇ ਪਾਰਟੀ ਵਿਚ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਉਨ੍ਹਾਂ ਡਾ. ਦਲਜੀਤ ਸਿੰਘ ਚੀਮਾ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਉਸ ਨੇ ਕਿਹੜਾ ਅਨੁਸ਼ਾਸਨ ਤੋੜਿਆ ਜਾਂ ਪਾਰਟੀ ਵਿਰੋਧੀ ਕੰਮ ਕੀਤਾ ਹੈ?
ਪਾਰਟੀ ਨੂੰ ਦੋਹਰਾ ਝਟਕਾ
ਮੰਗਲਵਾਰ ਨੂੰ ਅਕਾਲੀ ਦਲ ਨੂੰ ਦੋਹਰਾ ਝਟਕਾ ਲੱਗਿਆ ਹੈ। ਜਿੱਥੇ ਟਕਸਾਲੀ ਅਕਾਲੀ ਪਰਿਵਾਰ ਦੇ ਆਗੂ ਜਗਦੀਪ ਸਿੰਘ ਚੀਮਾ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ, ਉਥੇ ਮਾਝੇ ਦੇ ਨੇਤਾ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਵੀ ਅਕਾਲੀ ਦਲ ਨੂੰ ਛੱਡ ਕਾਂਗਰਸ ਵਿਚ ਸ਼ਾਮਲ ਹੋ ਗਏ। ਹਾਲਾਂਕਿ ਜੋਸ਼ੀ ਪਹਿਲਾਂ ਭਾਜਪਾ ਛੱਡ ਅਕਾਲੀ ਦਲ ਵਿਚ ਸ਼ਾਮਲ ਹੋਏ ਸਨ ਪਰ ਅੱਜ ਉਨ੍ਹਾਂ ਅਕਾਲੀ ਦਲ ਦਾ ਸਾਥ ਵੀ ਛੱਡ ਦਿੱਤਾ। ਜੋਸ਼ੀ ਦਾ ਅਕਾਲੀ ਦਲ ਨੂੰ ਛੱਡਣਾ ਇਕ ਵੱਡਾ ਝਟਕਾ ਹੈ।