ਭਰਾ ਹੀ ਨਿਕਲਿਆ ਭੈਣ ਦਾ ਕਾਤਲ, ਸਾਥੀ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਪਿਛਲੇ ਦਿਨੀਂ ਮੋਟਰਸਾਈਕਲ ‘ਤੇ ਜਾ ਰਹੇ ਭੈਣ ਭਰਾ ‘ਤੇ ਲੁੱਟ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਹੋਏ ਹਮਲੇ ‘ਚ ਭੈਣ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਤੇ ਭਰਾ ਜ਼ਖ਼ਮੀ ਹੋ ਗਿਆ ਸੀ। ਉਕਤ ਮਾਮਲੇ ਨੇ ਨਵਾਂ ਮੋੜ ਲਿਆ ਹੈ, ਭੈਣ ਦਾ ਕਾਤਲ ਭਰਾ ਹੀ ਨਿਕਲਿਆ ਹੈ। ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਨੇ ਜਾਂਚ ‘ਚ ਇਹ ਪਾਇਆ ਕਿ ਭਰਾ ਨੇ ਹੀ ਸਾਜਿਸ਼ ਰਚ ਕੇ ਆਪਣੇ ਹੋਰ ਸਾਥੀਆਂ ਨਾਲ ਭੈਣ ਦੇ ਕਤਲ ਦਾ ਡਰਾਮਾ ਰਚਿਆ ਤੇ ਘਟਨਾ ਨੂੰ ਲੁੱਟ ਖੋਹ ਦੀ ਰੰਗਤ ਦੇ ਦਿੱਤੀ।
ਉਕਤ ਮਾਮਲੇ ਦੇ ਸਬੰਧ ‘ਚ ਪੁਲਿਸ ਨੇ ਮੁਲਜ਼ਮ ਹਰਪਿੰਦਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਭੰਗਾਲੀ ਖੁਰਦ ਤੇ ਉਸ ਦੇ ਸਾਥੀ ਮਨਜੋਤ ਸਿੰਘ ਉਰਫ ਲੱਕੜ ਪੁੱਤਰ ਮੇਜਰ ਸਿੰਘ ਵਾਸੀ ਗੁੱਜਰਪੁਰਾ ਥਾਣਾ ਮਜੀਠਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੇ ਸਬੰਧ ‘ਚ 11 ਸਤੰਬਰ ਨੂੰ ਐੱਫਆਈਆਰ ਨੰਬਰ 98 ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਜਾਂਚ ਦੌਰਾਨ ਸ਼ੱਕ ਦੀ ਸੂਈ ਜ਼ਖਮੀ ਹਰਪਿੰਦਰ ਸਿੰਘ ‘ਤੇ ਗਈ ਅਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਰਪਿੰਦਰ ਸਿੰਘ ਨੇ ਹੀ ਆਪਣੀ ਭੈਣ ਦੇ ਕਤਲ ਦੀ ਸਾਜਿਸ਼ ਰਚੀ ਸੀ ਤੇ ਆਪਣੇ ਸਾਥੀਆਂ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਹਰਪਿੰਦਰ ਸਿੰਘ ਆਪਣੀ ਭੈਣ ਮਨਦੀਪ ਕੌਰ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ, ਜਿਸ ਦੇ ਚਲਦਿਆਂ ਉਸ ਨੇ ਉਸਨੂੰ ਕਤਲ ਕਰਨ ਸਾਜਿਸ਼ ਰਚੀ। ਥਾਣਾ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਹਰਪਿੰਦਰ ਸਿੰਘ ਵਾਸੀ ਭੰਗਾਲੀ ਖੁਰਦ ਅਤੇ ਉਸ ਦੇ ਸਾਥੀ ਮਨਜੋਤ ਸਿੰਘ ਵਾਸੀ ਗੁਜਰਪੁਰਾ ਮਜੀਠਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।