ਕੇਂਦਰ ਸਰਕਾਰ ਪ੍ਰਤੀ CM ਭਗਵੰਤ ਮਾਨ ਦੇ ਸੁਰ ਹੋਏ ਨਰਮ, ਜਲਦ PM ਮੋਦੀ ਨੂੰ ਮਿਲਣ ਜਾਣਗੇ ਦਿੱਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ‘ਚ ਹੜ੍ਹ ਰਾਹਤ ਲਈ ਦਿੱਤੇ ਗਏ 1600 ਕਰੋੜ ਰੁਪਏ ਦੇ ਪੈਕੇਜ ਨੂੰ ਆਮ ਆਦਮੀ ਪਾਰਟੀ ਦੇ ਮੰਤਰੀ ਨਾਕਾਫੀ ਦੱਸ ਕੇ ਇਸ ਦੀ ਨਿੰਦਾ ਕਰ ਰਹੇ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ। ਮੁੱਖ ਮੰਤਰੀ ਦੇ ਕੇਂਦਰ ਸਰਕਾਰ ਪ੍ਰਤੀ ਸੁਰਾਂ ‘ਚ ਵੀ ਨਰਮੀ ਆਈ ਹੈ।
20 ਦਿਨ ਪਹਿਲਾਂ ਜਿੱਥੇ ਮੁੱਖ ਮੰਤਰੀ ਕਹਿ ਰਹੇ ਸਨ ਕਿ ਕੇਂਦਰ ਕੋਲ ਕਿਉਂ ਜਾਣਾ, ਹੁਣ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਜਲਦੀ ਹੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਮਿਲਣ ਦਿੱਲੀ ਜਾਣਗੇ। ਇਸ ਦੀ ਪੁਸ਼ਟੀ ਖ਼ੁਦ ਭਗਵੰਤ ਮਾਨ ਨੇ ਕੀਤੀ ਹੈ।
ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਹੜ੍ਹ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਤੇ ਉਸ ਤੋਂ ਬਾਅਦ ਲਗਪਗ 40 ਮਿੰਟ ਤਕ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਪ੍ਰਦੇਸ਼ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤਕ ‘ਤੇ ਸਿਆਸੀ ਹਮਲੇ ਕੀਤੇ, ਪਰ ਕੇਂਦਰ ਜਾਂ ਪ੍ਰਧਾਨ ਮੰਤਰੀ ਖ਼ਿਲਾਫ਼ ਕੋਈ ਟਿੱਪਣੀ ਨਹੀਂ ਕੀਤੀ। ਯਾਦ ਰਹੇ ਕਿ ਪ੍ਰਧਾਨ ਮੰਤਰੀ 9 ਸਤੰਬਰ ਨੂੰ ਪੰਜਾਬ ਦੌਰੇ ‘ਤੇ ਆਏ ਸਨ। ਇਸ ਦੌਰਾਨ ਮੁੱਖ ਮੰਤਰੀ ਹਸਪਤਾਲ ‘ਚ ਦਾਖ਼ਲ ਸਨ। ਪ੍ਰਧਾਨ ਮੰਤਰੀ ਨੇ ਹੜ੍ਹ ਰਾਹਤ ਲਈ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ 12,000 ਕਰੋੜ ਰੁਪਏ ਦਾ ਆਫ਼ਤ ਮੈਨੇਜਮੈਂਟ ਕੋਸ਼ ਮੌਜੂਦ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਤੋਂ ਲੈ ਕੇ ਹੋਰ ਕੈਬਨਿਟ ਮੰਤਰੀਆਂ ਨੇ ਰਾਹਤ ਪੈਕੇਜ ਨੂੰ ਨਾਕਾਫੀ ਦੱਸ ਕੇ ਪ੍ਰਧਾਨ ਮੰਤਰੀ ਨੂੰ ਕਾਫੀ ਆਲੋਚਨਾ ਕੀਤੀ। ਮੰਤਰੀਆਂ ਨੇ ਇੱਥੇ ਤਕ ਕਿਹਾ ਕਿ ਉਹ ਫੋਟੋ ਸ਼ੂਟ ਲਈ ਪੰਜਾਬ ਆਏ ਸਨ। ਐਕਸ ਅਕਾਉਂਟ ‘ਤੇ ਹਮੇਸ਼ਾ ਸਰਗਰਮ ਰਹਿਣ ਵਾਲੇ ਮੁੱਖ ਮੰਤਰੀ ਨੇ ਇਸ ‘ਤੇ ਨਾ ਤਾਂ ਪਹਿਲਾਂ ਕੋਈ ਟਿੱਪਣੀ ਕੀਤੀ ਤੇ ਨਾ ਹੀ ਅੱਜ।
ਜਦੋਂ ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਕਹਿ ਰਹੇ ਹਨ ਕਿ 16,000 ਕਰੋੜ ਰੁਪਏ ਫੌਰੀ ਰਾਹਤ ਦੇ ਤੌਰ ‘ਤੇ ਮਿਲੇ ਹਨ ਤਾਂ ਉਨ੍ਹਾਂ ਕਿਹਾ, ‘ਚੰਗੀ ਗੱਲ ਹੈ। ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ। ਭਗਵਾਨ ਉਨ੍ਹਾਂ ਨੂੰ ਸਦਬੁੱਧੀ ਦੇਵੇ।’ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਕੇਂਦਰ ਸਰਕਾਰ ਤੋਂ ਸਮਾਂ ਲੈ ਰਹੇ ਹਨ। ਜਲਦੀ ਹੀ ਉਹ ਸਾਰੀ ਰਿਪੋਰਟ ਲੈ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਮਿਲਣ ਦਿੱਲੀ ਜਾਣਗੇ।