ਦੁਨੀਆਂ ਦੇ ਸਭ ਤੋਂ ਬਜ਼ੁਰਗ ਇਨਸਾਨ ਦਾ 112 ਸਾਲ ਦੀ ਉਮਰ ‘ਚ ਦੇਹਾਂਤ
ਲੰਡਨ, 27 ਨਵੰਬਰ 2024 – ਦੁਨੀਆਂ ਦੇ ਸਭ ਤੋਂ ਬਜ਼ੁਰਗ ਇਨਸਾਨ ਜੌਨ ਅਲਫਰੈਡ ਟਿਨਿਸਵੁੱਡ ਦਾ 112 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਨਾਮ ਲਗਭਗ ਨੌਂ ਮਹੀਨਿਆਂ ਲਈ ਸਭ ਤੋਂ ਬਜ਼ੁਰਗ ਮਰਦ ਹੋਣ ਦਾ ਰਿਕਾਰਡ ਦਰਜ ਸੀ।
ਟਿਨੀਸਵੁੱਡ ਦੇ ਪਰਿਵਾਰ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਦਾ ਸੋਮਵਾਰ ਨੂੰ ਉੱਤਰ-ਪਛਮੀ ਇੰਗਲੈਂਡ ਵਿਚ ਲਿਵਰਪੂਲ ਨੇੜੇ ਇਕ ਕੇਅਰ ਹੋਮ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 26 ਅਗਸਤ 1912 ਨੂੰ ਹੋਇਆ ਸੀ।
ਟਿਨਿਸਵੁੱਡ ਨੇ ਅਪਣੀ ਲੰਮੀ ਉਮਰ ਦਾ ਕਾਰਨ ‘ਪੂਰੀ ਤਰ੍ਹਾਂ ਅਪਣੀ ਕਿਸਮਤ’ ਨੂੰ ਦਸਿਆ। ਰਿਟਾਇਰਡ ਅਕਾਊਂਟੈਂਟ ਅਤੇ ਪਰਦਾਦਾ ਟਿਨਿਸਵੁੱਡ ਨੇ ਅਪ੍ਰੈਲ ’ਚ ਗਿਨੀਜ਼ ਵਰਲਡ ਰਿਕਾਰਡਜ਼ ਵਲੋਂ ਸਭ ਤੋਂ ਬਜ਼ੁਰਗ ਵਿਅਕਤੀ ਐਲਾਨੇ ਜਾਣ ’ਤੇ ਕਿਹਾ ਸੀ, ‘‘ਤੁਸੀਂ ਲੰਮੇ ਸਮੇਂ ਤਕ ਜੀਉਂਦੇ ਹੋ ਜਾਂ ਘੱਟ ਸਮੇਂ ਤਕ ਅਤੇ ਇਸ ਬਾਰੇ ਤੁਸੀਂ ਬਹੁਤ ਕੁਝ ਨਹੀਂ ਕਰ ਸਕਦੇ।’’
ਜੇ ਇਸ ਦਾ ਕੋਈ ਰਾਜ਼ ਸੀ, ਤਾਂ ਉਹ ਇਹ ਸੀ ਕਿ ਸੰਜਮ ਹੀ ਇਕ ਸਿਹਤਮੰਦ ਜੀਵਨ ਦੀ ਕੁੰਜੀ ਹੈ। ਉਨ੍ਹਾਂ ਨੇ ਕਦੇ ਸਿਗਰਟ ਨਹੀਂ ਪੀਤੀ, ਸ਼ਾਇਦ ਹੀ ਸ਼ਰਾਬ ਪੀਤੀ ਅਤੇ ਹਰ ਸ਼ੁਕਰਵਾਰ ਮੱਛੀ ਅਤੇ ਚਿਪਸ ਖਾਣ ਤੋਂ ਇਲਾਵਾ ਕੋਈ ਵਿਸ਼ੇਸ਼ ਖੁਰਾਕ ਨਹੀਂ ਖਾਧੀ ਸੀ।
ਉਹ ਟਾਈਟੈਨਿਕ ਦੇ ਡੁੱਬਣ ਤੋਂ ਕੁੱਝ ਮਹੀਨਿਆਂ ਬਾਅਦ ਪੈਦਾ ਹੋਏ ਸਨ। ਉਨ੍ਹਾਂ ਨੇ ਦੋ ਵਿਸ਼ਵ ਜੰਗ ਵੇਖੇ ਸਨ ਅਤੇ ਦੂਜੇ ਵਿਸ਼ਵ ਜੰਗ ’ਚ ‘ਬ੍ਰਿਟਿਸ਼ ਆਰਮੀ ਪੇ ਕੋਰ’ ’ਚ ਸੇਵਾ ਨਿਭਾਈ ਸੀ।


Really enjoyed this article, can you make it so I get an email when there is a new article?