Mahakumbh 2025: ਇਨ੍ਹਾਂ ਸੰਨਿਆਸੀਆਂ ਦੇ ਦਰਸ਼ਨਾਂ ਬਿਨਾਂ ਅਧੂਰਾ ਹੈ ਕੁੰਭ !

ਸੰਗਮ ਤੱਟ ਤੇ ਚੱਲ ਰਹੇ ਮਹਾਂਕੁੰਭ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਾਧੂ ਸੰਤਾਂ ਦਾ ਜਮਾਵੜਾ ਲੱਗਿਆ ਹੋਇਆ ਹੈ। ਇਹ ਸੰਤ-ਮਹਾਂਪੁਰਸ਼ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੇ ਹਨ। ਇਨ੍ਹਾਂ ਵਿੱਚ ਨਾਗਾ ਸਾਧੂ, ਅਘੋਰੀ, ਸਾਧੂ, ਸੰਤ ਸ਼ਾਮਲ ਹਨ। ਇਨ੍ਹਾਂ ਸੰਤਾਂ ਵਿੱਚ ਕਈ ਤਰ੍ਹਾਂ ਦੇ ਸੰਨਿਆਸੀ ਹਨ, ਜਿਨ੍ਹਾਂ ਬਾਰੇ ਕਈ ਤਰ੍ਹਾਂ ਦੇ ਭੇਤ ਜਾਂ ਰਹੱਸ ਬਣੇ ਹੋਏ ਹਨ। ਜਿਵੇਂ ਨਾਗਾ, ਅਘੋਰੀ ਆਦਿ। ਅਜਿਹੇ ਹੀ ਇੱਕ ਸੰਨਿਆਸੀ ਹਨ ਜਿਨ੍ਹਾਂ ਨੂੰ ਦੰਡੀ ਸਵਾਮੀ ਕਿਹਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਕੁੰਭ ਦੌਰਾਨ ਇਨ੍ਹਾਂ ਦੇ ਦਰਸ਼ਨ ਨਹੀਂ ਕਰਦਾ ਤਾਂ ਤੀਰਥ ਯਾਤਰਾ ਦਾ ਕੋਈ ਅਰਥ ਨਹੀਂ ਰਹਿੰਦਾ। ਇਨ੍ਹਾਂ ਸੰਨਿਆਸੀਆਂ ਦਾ ਜੀਵਨ ਬਹੁਤ ਔਖਾ ਹੁੰਦਾ ਹੈ। ਇਹਨਾਂ ਦੀ ਇਜ਼ਾਜ਼ਤ ਤੋਂ ਬਿਨਾਂ ਇਨ੍ਹਾਂ ਨੂੰ ਕੋਈ ਛੂਹ ਵੀ ਨਹੀਂ ਸਕਦਾ।
ਕੋਈ ਛੂਹ ਨਹੀਂ ਸਕਦਾ
ਮਹਾਕੁੰਭ ਵਿੱਚ ਦੰਡੀ ਸੰਨਿਆਸੀਆਂ ਦਾ ਅਖਾੜਾ ਸੈਕਟਰ 19 ਵਿੱਚ ਸਥਿਤ ਹੈ। ਕਿਸੇ ਨੂੰ ਵੀ ਇਹਨਾਂ ਸੰਨਿਆਸੀਆਂ ਨੂੰ ਛੂਹਣ ਦਾ ਅਧਿਕਾਰ ਨਹੀਂ ਹੈ ਅਤੇ ਨਾ ਹੀ ਉਹ ਖੁਦ ਕਿਸੇ ਨੂੰ ਛੂਹ ਸਕਦੇ ਹਨ। ਇਨ੍ਹਾਂ ਸੰਨਿਆਸੀਆਂ ਦੀ ਸਭ ਤੋਂ ਵੱਡੀ ਪਛਾਣ ਇਨ੍ਹਾਂ ਦਾ ਦੰਡ (ਡੰਡਾ) ਹੈ। ਸੰਨਿਆਸੀ ਇਸ ਦੰਡ ਨੂੰ ਆਪਣੇ ਅਤੇ ਭਗਵਾਨ ਵਿਚਕਾਰ ਇੱਕ ਕੜੀ ਮੰਨਦੇ ਹਨ, ਇਸ ਦੰਡ ਨੂੰ ਕਾਫ਼ੀ ਪਵਿੱਤਰ ਮੰਨਿਆ ਜਾਂਦਾ ਹੈ। ਦੰਡੀ (ਡੰਡੀ) ਸ਼ਬਦ ਦਾ ਅਰਥ ਹੈ ਜੰਗਲ ਵਿੱਚ ਬਣਿਆ ਪਤਲਾ ਰਸਤਾ ਜਾਂ ਸਰਪੀਲਾ ਮਾਰਗ । ਇਸ ਲਈ, ਜੋ ਸੰਨਿਆਸੀ ਹਮੇਸ਼ਾ ਡੰਡਾ ਲੈ ਕੇ ਤੁਰਦਾ ਹੈ ਜਾਂ ਯਾਤਰਾ ਕਰਦਾ ਹੈ, ਨੂੰ ਦੰਡੀ ਸਵਾਮੀ ਕਿਹਾ ਜਾਂਦਾ ਹੈ। ਸ਼ਾਸਤਰਾਂ ਵਿਚ ਇਸ ਡੰਡੇ(ਦੰਡ) ਨੂੰ ਭਗਵਾਨ ਵਿਸ਼ਨੂੰ ਦਾ ਪ੍ਰਤੀਕ ਮੰਨਿਆ ਗਿਆ ਹੈ, ਇਸ ਨੂੰ ਬ੍ਰਹਮਾ ਦੰਡ ਵੀ ਕਿਹਾ ਜਾਂਦਾ ਹੈ। ਇਸ ਦੰਡ (ਡੰਡਾ) ਨੂੰ ਹਰ ਕੋਈ ਧਾਰਨ ਨਹੀਂ ਕਰ ਸਕਦਾ। ਇਸ ਨੂੰ ਕੇਵਲ ਬ੍ਰਾਹਮਣ ਹੀ ਧਾਰਨ ਕਰਦੇ ਹਨ, ਸ਼ਾਸਤਰਾਂ ਅਨੁਸਾਰ ਇਸ ਦੇ ਆਪਣੇ ਨਿਯਮ ਹਨ, ਜਿਨ੍ਹਾਂ ਦੀ ਪਾਲਣਾ ਕਰਨ ‘ਤੇ ਹੀ ਦੰਡ ਧਾਰਨ ਕੀਤਾ ਜਾ ਸਕਦਾ ਹੈ ।
ਬਣ ਜਾਂਦਾ ਹੈ ਪਰਮਹੰਸ
ਇਹ ਮੰਨਿਆ ਜਾਂਦਾ ਹੈ ਕਿ ਸੰਨਿਆਸ ਦਾ ਟੀਚਾ ਮੁਕਤੀ ਹੈ ਭਾਵ ਆਤਮਿਕ ਮੁਕਤੀ ਪ੍ਰਾਪਤ ਕਰਨ ਲਈ ਸੰਸਾਰਿਕ ਮੁਕਤੀ ਜ਼ਰੂਰੀ ਹੈ। ਜੋ ਸੰਨਿਆਸੀ ਇਨ੍ਹਾਂ ਨਿਯਮਾਂ ਦੀ ਪੂਰੇ 12 ਸਾਲ ਪਾਲਣਾ ਕਰ ਲੈਂਦਾ ਹੈ, ਫਿਰ ਆਪਣਾ ਦੰਡ (ਡੰਡੀ) ਗੰਗਾ ਵਿੱਚ ਸੁੱਟ ਦਿੰਦਾ ਹੈ ਅਤੇ ਪਰਮਹੰਸ ਬਣ ਜਾਂਦਾ ਹੈ।
ਮਨੁਸਮ੍ਰਿਤੀ ਅਤੇ ਮਹਾਭਾਰਤ ਵਰਗੇ ਧਾਰਮਿਕ ਗ੍ਰੰਥਾਂ ਵਿਚ ਦੰਡੀ ਧਾਰਨ ਕਰਨ ਵਾਲਿਆਂ ਦੇ ਲੱਛਣ ਅਤੇ ਨਿਯਮਾਂ ਦਾ ਵਰਣਨ ਕੀਤਾ ਗਿਆ ਹੈ। ਦੰਡੀ ਸੰਨਿਆਸੀ ਬਣਨ ਲਈ ਸੰਨਿਆਸੀ ਨੂੰ ਦੰਡ ਧਾਰਨ ਕਰਨਾ ਪਵੇਗਾ, ਸਿਰ ਦੇ ਵਾਲਾਂ ਨੂੰ ਬੰਨ੍ਹ ਕੇ ਰੱਖਣਾ ਹੋਵੇਗਾ, ਕੁਸ਼ ਦੇ ਆਸਨ ‘ਤੇ ਬੈਠਣਾ ਹੋਵੇਗਾ, ਚਿਰਵਾਸਨ ਅਤੇ ਮੇਖਲਾ ਪਹਿਨਣਾ ਹੋਵੇਗਾ। ਤੁਸੀਂ ਸ਼ੰਕਰਾਚਾਰੀਆ ਨੂੰ ਬਾਂਸ ਦੀ ਸੋਟੀ ਜਾਂ ਕੱਪੜੇ ਨਾਲ ਢਕਿਆ ਹੋਇਆ ਡੰਡਾ ਫੜਿਆ ਹੋਇਆ ਦੇਖਿਆ ਹੋਵੇਗਾ। ਦੰਡ ਨੂੰ ਇਸ ਕਰਕੇ ਢਕ ਕੇ ਰੱਖਿਆ ਜਾਂਦਾ ਹੈ ਤਾਂ ਜੋ ਇਸ ਨਾਲ ਕੋਈ ਛੂਹ ਨਾ ਜਾਵੇ। ਮੰਨਿਆ ਜਾਂਦਾ ਹੈ ਕਿ ਇਹੀ ਸੰਨਿਆਸੀ ਅੱਗੇ ਚੱਲ ਕੇ ਸ਼ੰਕਰਾਚੀਆ ਬਣਦੇ ਹਨ।
ਡੰਡੇ ਤੋਂ ਬਿਨਾਂ ਨਹੀਂ ਚੱਲ ਸਕਦਾ
ਇਹ ਸੰਨਿਆਸੀ ਡੰਡ ਨੂੰ ਢੱਕ ਕੇ ਰੱਖਦੇ ਹਨ, ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਡੰਡ ਦੀ ਪਵਿੱਤਰਤਾ ਅਤੇ ਸਾਤਵਿਕਤਾ ਬਰਕਰਾਰ ਰਹਿੰਦੀ ਹੈ। ਨਿਯਮ ਇਹ ਹੈ ਕਿ ਗਾਂ ਦੀ ਅਵਾਜ਼ ਜਿੰਨੀ ਦੂਰ ਤੱਕ ਜਾਂਦੀ ਹੈ ਓਨੀ ਦੂਰੀ ਤੋਂ ਵੱਧ ਦੰਡੀ ਸਵਾਮੀ ਬਿਨਾਂ ਡੰਡ ਤੋਂ ਨਹੀਂ ਜਾ ਸਕਦਾ। ਦੰਡੀ ਸਵਾਮੀ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਸਮਾਧੀ ਦਿੱਤੀ ਜਾਂਦੀ ਹੈ ਕਿਉਂਕਿ ਸੰਨਿਆਸ ਧਾਰਨ ਕਰਵਾਉਂਦੇ ਸਮੇਂ ਉਨ੍ਹਾਂ ਦਾ ਪਿੰਡਦਾਨ ਕਰਵਾ ਦਿੱਤਾ ਜਾਂਦਾ ਹੈ।