ਪ੍ਰਸਿੱਧ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਦਿਹਾਂਤ
ਨਵੀਂ ਦਿੱਲੀ, 16 ਦਸੰਬਰ 2024 – ਪਦਮ ਵਿਭੂਸ਼ਣ ਨਾਲ ਸਨਮਾਨਿਤ ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਨਹੀਂ ਰਹੇ। ਉਨ੍ਹਾਂ ਨੇ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਦੋ ਹਫਤੇ ਪਹਿਲਾਂ ਦਿਲ ਨਾਲ ਜੁੜੀ ਸਮੱਸਿਆ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।ਉਨ੍ਹਾਂ ਦੇ ਦੋਸਤ ਅਤੇ ਬੰਸਰੀ ਵਾਦਕ ਰਾਕੇਸ਼ ਚੌਰਸੀਆ ਨੇ ਐਤਵਾਰ ਨੂੰ ਦੱਸਿਆ ਸੀ ਕਿ ਜ਼ਾਕਿਰ ਨੂੰ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਦੀ ਖ਼ਬਰ ਆਈ। ਜ਼ਾਕਿਰ ਦੇ ਪਰਿਵਾਰ ਅਤੇ ਦੁਨੀਆ ਭਰ ਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਵੱਡਾ ਸਦਮਾ ਹੈ।
ਤਬਲੇ ਨੂੰ ਵਿਸ਼ਵ ਮੰਚ ‘ਤੇ ਪਹੁੰਚਾਉਣ ਵਾਲੇ ਉਸਤਾਦ ਜ਼ਾਕਿਰ ਹੁਸੈਨ 73 ਸਾਲ ਦੇ ਸਨ। ਦਿਲ ਦੀ ਤਕਲੀਫ਼ ਕਾਰਨ ਉਹ ਪਿਛਲੇ ਦੋ ਹਫ਼ਤਿਆਂ ਤੋਂ ਸੈਨ ਫਰਾਂਸਿਸਕੋ ਦੇ ਹਸਪਤਾਲ ਵਿਚ ਦਾਖ਼ਲ ਸਨ। ਉਹ ਤਬਲਾ ਵਾਦਕ ਵਜੋਂ ਦੁਨੀਆਂ ਭਰ ਵਿੱਚ ਮਸ਼ਹੂਰ ਸਨ ਅਤੇ ਦੇਸ਼-ਵਿਦੇਸ਼ ਵਿੱਚ ਕਈ ਵੱਡੇ ਸਨਮਾਨਾਂ ਨਾਲ ਨਿਵਾਜ ਚੁੱਕੇ ਹਨ।
1951 ਵਿੱਚ ਮੁੰਬਈ ਵਿੱਚ ਜਨਮੇ ਜ਼ਾਕਿਰ, ਉਸਤਾਦ ਅੱਲ੍ਹਾ ਰਾਖਾ ਦੇ ਪੁੱਤਰ ਹਨ। ਉਸਨੇ ਆਪਣੇ ਪਿਤਾ ਦੀ ਅਗਵਾਈ ਵਿੱਚ ਤਿੰਨ ਸਾਲ ਦੀ ਉਮਰ ਵਿੱਚ ਤਬਲਾ ਵਜਾਉਣਾ ਸਿੱਖਣਾ ਸ਼ੁਰੂ ਕਰ ਦਿੱਤਾ। ਹੁਸੈਨ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਲ-ਸਟਾਰ ਗਲੋਬਲ ਕੰਸਰਟ ਵਿੱਚ ਹਿੱਸਾ ਲੈਣ ਲਈ ਵ੍ਹਾਈਟ ਹਾਊਸ ਵਿੱਚ ਸੱਦਾ ਦਿੱਤਾ ਸੀ। ਉਹ ਪਹਿਲੇ ਭਾਰਤੀ ਸੰਗੀਤਕਾਰ ਹਨ ਜਿਨ੍ਹਾਂ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਸੰਗੀਤ ਸਮਾਰੋਹ ਵਿੱਚ ਸੱਦਾ ਦਿੱਤਾ ਗਿਆ ਸੀ। 1999 ਵਿੱਚ ਉਸਨੂੰ ਨੈਸ਼ਨਲ ਹੈਰੀਟੇਜ ਫੈਲੋਸ਼ਿਪ ਦਾ ਸਨਮਾਨ ਮਿਲਿਆ। ਇਹ ਅਮਰੀਕਾ ਵਿੱਚ ਲੋਕ ਅਤੇ ਪਰੰਪਰਾਗਤ ਕਲਾਵਾਂ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਉੱਚਾ ਸਨਮਾਨ ਹੈ।