ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ, ਲਗਾਤਾਰ ਵਿਗੜ ਰਹੀ ਸਿਹਤ

ਸੰਗਰੂਰ, 2 ਦਸੰਬਰ 2024 – ਖਨੌਰੀ-ਢਾਬੀ ਗੁੱਜਰਾਂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਦੇ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਨੂੰ 6 ਦਿਨ ਹੋ ਚੁੱਕੇ ਹਨ। ਉਨ੍ਹਾਂ ਦਾ ਭਾਰ ਅੱਗੇ ਨਾਲੋਂ ਲਗਭਗ 7 ਕਿਲੋ ਘਟ ਗਿਆ ਹੈ। ਜਦੋਂ ਉਹ ਤੁਰਦੇ ਹਨ ਤਾਂ ਉਨ੍ਹਾਂ ਨੂੰ ਸਾਹ ਚੜ੍ਹਦਾ ਮਹਿਸੂਸ ਹੁੰਦਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਕੈਂਸਰ ਤੋਂ ਪੀੜਤ ਹੋਣ ਦੇ ਬਾਵਜੂਦ ਵੀ ਉਹ ਦਵਾਈ ਨਹੀਂ ਲੈ ਰਹੇ। ਉਹ ਸਿਰਫ ਇਕੱਲੇ ਨਹੀਂ ਹਨ, 6 ਦਸੰਬਰ ਨੂੰ ਮਰਜੀਵੜੇ ਜੱਥਾ ਦਿੱਲੀ ਵੱਲ ਮਾਰਚ ਕਰੇਗਾ। ਇਹ ਉਹ ਸਮੂਹ ਹੈ ਜੋ ਜੀਵਨ ਜਾਂ ਮੌਤ ਦੀ ਚਿੰਤਾ ਕੀਤੇ ਬਿਨਾਂ ਅੱਗੇ ਵਧੇਗਾ।
ਸਰਵਣ ਸਿੰਘ ਪੰਧੇਰ ਨੇ ਐਤਵਾਰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ ਹੈ। ਕੇਂਦਰ ਨੇ 18 ਜਨਵਰੀ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਬੰਦ ਕਰ ਦਿੱਤੀ ਹੈ। ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ’ਤੇ ਦੋਸ਼ ਲਾਇਆ ਗਿਆ ਕਿ ਉਹ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਜਾਂਦੇ ਹਨ। ਇਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜ ਜਾਵੇਗੀ। ਪਰ ਹੁਣ 6 ਦਸੰਬਰ ਨੂੰ ਕਿਸਾਨ ਪੈਦਲ ਹੀ ਦਿੱਲੀ ਜਾਣਗੇ। ਹਰਿਆਣਾ ਵਿੱਚ ਮਰਜੀਵੜੇ ਜਥੇ ਦੇ ਚਾਰ ਸਟਾਪ ਨਿਰਧਾਰਤ ਕੀਤੇ ਗਏ ਹਨ, ਪੰਜਵਾਂ ਸਟਾਪ ਦਿੱਲੀ ਵਿੱਚ ਹੋਵੇਗਾ।
ਇਹ ਵੀ ਪੜ੍ਹੋ…PM ਮੋਦੀ ਦੀ ਚੰਡੀਗੜ੍ਹ ਫੇਰੀ ਸੰਬੰਧੀ ਪੁਲਿਸ ਵੱਲੋਂ ਟ੍ਰੈਫਿਕ ਐਡਵਾਇਜ਼ਰੀ ਜਾਰੀ
ਕਿਸਾਨ ਦਿੱਲੀ ਜਾਣ ਲਈ ਪੂਰੀ ਵਿਉਂਤਬੰਦੀ ਨਾਲ ਅੱਗੇ ਵਧਣਗੇ। ਇਹ ਗਰੁੱਪ ਸਭ ਤੋਂ ਪਹਿਲਾਂ ਜੱਗੀ ਸਿਟੀ, ਅੰਬਾਲਾ ਵਿਖੇ ਰੁਕੇਗਾ। ਫਿਰ ਇਹ ਜਥਾ ਮੋਹੜਾ ਮੰਡੀ, ਖਾਨਪੁਰ, ਜੱਟਾਂ ਅਤੇ ਪਿੱਪਲੀ ਪਹੁੰਚੇਗਾ। ਗਰੁੱਪ ਦੇ ਅੱਗੇ ਵਧਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਕਿਸਾਨ ਸੜਕਾਂ ‘ਤੇ ਰਾਤ ਕੱਟਣਗੇ।
ਮੋਰਚੇ ਵੱਲੋਂ 6 ਫਰਵਰੀ ਨੂੰ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਦਿੱਲੀ ਦੇ ਦੋ ਥਾਵਾਂ ਰਾਮਲੀਲ੍ਹਾ ਮੈਦਾਨ ਅਤੇ ਜੰਤਰ ਮੰਤਰ ’ਤੇ ਕਿਸਾਨਾਂ ਦੇ ਧਰਨੇ ਲਈ ਜਗਾ ਦੇਣ ਲਈ ਕਿਹਾ ਸੀ ਪਰ ਅਜੇ ਤੱਕ ਪੱਤਰ ਦਾ ਜਵਾਬ ਨਹੀਂ ਮਿਲਿਆ। ਡਾਕਟਰਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਚੈੱਕਅਪ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ 151/105, ਸ਼ੂਗਰ 74, ਪਲਸ 94, ਤਾਪਮਾਨ 96.9 ਹੈ। ਇਸ ਮੌਕੇ ਅੱਜ ਮਾਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਇੱਕ ਵਫ਼ਦ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਕਰਨ ਲਈ ਖਨੌਰੀ ਬਾਰਡਰ ਉੱਪਰ ਪੁੱਜਾ। ਕਰਨਾਟਕ ਦੇ ਕਿਸਾਨ ਆਗੂ ਕੁਰਬਰੂ ਸ਼ਾਂਤਾ ਕੁਮਾਰ ਨੇ ਅੱਜ ਬੈਂਗਲੁਰੂ ’ਚ ਐਲਾਨ ਕੀਤਾ ਕਿ 6 ਦਸੰਬਰ ਤੋਂ ਉਨ੍ਹਾਂ ਦੀ ਜਥੇਬੰਦੀ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ’ਚ ਬੈਂਗਲੁਰੂ ’ਚ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਅਤੇ ਹਰ ਰੋਜ਼ 50 ਕਿਸਾਨ ਮਰਨ ਵਰਤ ’ਤੇ ਬੈਠਣਗੇ। ਤਾਮਿਲਨਾਡੂ ਦੇ ਕਿਸਾਨ ਆਗੂ ਪੀਆਰ ਪੰਡਯਾਨ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਗੱਲ ਨਾਂ ਸੁਣੀ ਤਾਂ ਉਨ੍ਹਾਂ ਵੱਲੋ 14 ਦਸੰਬਰ ਤੋਂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ’ਚ ਤਾਮਿਲਨਾਡੂ ’ਚ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।