ਸੰਭਲ ਜਾਮਾ ਮਸਜਿਦ ਮਾਮਲੇ ਤੇ SC ‘ਚ ਅੱਜ ਹੋਵੇਗੀ ਸੁਣਵਾਈ
ਨਵੀਂ ਦਿੱਲੀ, 29 ਨਵੰਬਰ 2024 – ਸੰਭਲ, ਯੂ.ਪੀ. ਦੀ ਜਾਮਾ ਮਸਜਿਦ ਮੈਨੇਜਮੈਂਟ ਕਮੇਟੀ ਨੇ ਹੇਠਲੀ ਅਦਾਲਤ ਦੇ ਸਰਵੇਖਣ ਵਾਲੇ ਆਦੇਸ਼ ਦੇ ਖ਼ਿਲਾਫ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਚੀਫ਼ ਜਸਟਿਸ (ਸੀਜੇਆਈ) ਸੰਜੀਵ ਖੰਨਾ ਦੀ ਅਗਵਾਈ ਵਾਲਾ ਬੈਂਚ ਅੱਜ ਉਨ੍ਹਾਂ ਦੀ ਪਟੀਸ਼ਨ ’ਤੇ ਸੁਣਵਾਈ ਕਰੇਗਾ। ਇਸ ਪਟੀਸ਼ਨ ’ਚ ਸ਼ਾਹੀ ਜਾਮਾ ਮਸਜਿਦ ਦੀ ਦੇਖ-ਰੇਖ ਕਰਨ ਵਾਲੀ ਕਮੇਟੀ ਨੇ ਸਿਵਲ ਜੱਜ ਦੇ 19 ਨਵੰਬਰ ਦੇ ਇਕਪਾਸੜ ਹੁਕਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਮਸਜਿਦ ਕਮੇਟੀ ਨੇ ਆਪਣੀ ਪਟੀਸ਼ਨ ’ਚ ਕਿਹਾ ਹੈ ਕਿ 19 ਨਵੰਬਰ ਨੂੰ ਸੰਭਲ ਅਦਾਲਤ ’ਚ ਮਸਜਿਦ ਨੂੰ ਹਰੀਹਰ ਮੰਦਰ ਹੋਣ ਦਾ ਦਾਅਵਾ ਕਰਨ ਵਾਲੀ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਦਿਨ ਹੀ ਸੀਨੀਅਰ ਡਿਵੀਜ਼ਨ ਦੇ ਸਿਵਲ ਜੱਜ ਨੇ ਕੇਸ ਦੀ ਸੁਣਵਾਈ ਕਰਦਿਆਂ ਮਸਜਿਦ ਕਮੇਟੀ ਦਾ ਪੱਖ ਸੁਣੇ ਬਿਨਾਂ ਹੀ ਸਰਵੇ ਦਾ ਐਡਵੋਕੇਟ ਕਮਿਸ਼ਨਰ ਨਿਯੁਕਤ ਕਰ ਦਿੱਤਾ। ਐਡਵੋਕੇਟ ਕਮਿਸ਼ਨਰ ਵੀ 19 ਤਰੀਕ ਦੀ ਸ਼ਾਮ ਨੂੰ ਸਰਵੇ ਲਈ ਪਹੁੰਚੇ। 24 ਤਰੀਕ ਨੂੰ ਦੁਬਾਰਾ ਸਰਵੇਖਣ ਕੀਤਾ ਗਿਆ। ਜਿਸ ਰਫ਼ਤਾਰ ਨਾਲ ਸਾਰੀ ਕਾਰਵਾਈ ਹੋਈ, ਉਸ ਨਾਲ ਲੋਕਾਂ ਵਿਚ ਸ਼ੱਕ ਫੈਲ ਗਿਆ ਅਤੇ ਉਹ ਘਰਾਂ ਤੋਂ ਬਾਹਰ ਨਿਕਲ ਆਏ। ਭੀੜ ਦੇ ਭੜਕਣ ਤੋਂ ਬਾਅਦ, ਪੁਲਿਸ ਨੇ ਗੋਲੀ ਚਲਾ ਦਿੱਤੀ ਅਤੇ ਪੰਜ ਲੋਕਾਂ ਦੀ ਮੌਤ ਹੋ ਗਈ।