ਖੇਤ ਵਿੱਚ ਮੋਟਰ ਦੇ ਕਮਰੇ ਦੀ ਛੱਤ ’ਤੇ ਮਿਲੀ 7 ਸਾਲਾ ਬੱਚੇ ਦੀ ਲਾਸ਼, 7 ਦਿਨਾਂ ਤੋਂ ਸੀ ਲਾਪਤਾ
ਕਪੂਰਥਲਾ, 28 ਨਵੰਬਰ 2024 – ਪਿਛਲੇ 7 ਦਿਨਾਂ ਤੋਂ ਲਾਪਤਾ 7 ਸਾਲਾ ਬੱਚੇ ਦੀ ਲਾਸ਼ ਕਪੂਰਥਲਾ ਦੇ ਭੁਲੱਥ ਦੇ ਇੱਕ ਖੇਤ ਵਿੱਚ ਮੋਟਰ ਦੇ ਇੱਕ ਕਮਰੇ ਦੀ ਛੱਤ ’ਤੇ ਮਿਲੀ। ਬੱਚੇ ਦੀ ਲਾਸ਼ ਦੀ ਹਾਲਤ ਨੂੰ ਦੇਖ ਕੇ ਹਰ ਕਿਸੇ ਦੇ ਰੂਹ ਕੰਬ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਭੁਲੱਥ ਕਰਨੈਲ ਸਿੰਘ ਅਤੇ ਐੱਸਐੱਚਓ ਹਰਜਿੰਦਰ ਸਿੰਘ ਆਪਣੀ ਪੁਲਿਸ ਟੀਮ ਨਾਲ ਮੌਕੇ ਉੱਤੇ ਪਹੁੰਚੇ ਤੇ ਬੱਚੇਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਬੱਚੇ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮਾਸੂਮ ਦੀ ਲਾਸ਼ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਐੱਸਐੱਚਓ ਨੇ ਦੱਸਿਆ ਕਿ ਜਿਸ ਹਾਲਤ ਵਿੱਚ ਬੱਚੇ ਦੀ ਲਾਸ਼ ਮਿਲੀ ਸੀ। ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਪੁਲਿਸ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਪੁੱਤਰ ਪੰਧਾਰੀ ਵਾਸੀ ਬਹਾਦਰਪੁਰ ਥਾਣਾ ਰੋਹਾਨੀਆ ਜ਼ਿਲ੍ਹਾ ਵਾਰਾਣਸੀ, ਯੂਪੀ ਹਾਲ ਵਾਸੀ ਮਹਾਰਾਜ ਪੈਲੇਸ ਨੇੜੇ ਭੁਲੱਥ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 20 ਨਵੰਬਰ ਨੂੰ ਉਸ ਦਾ ਪੁੱਤਰ ਗੋਲੂ ਸ਼ਾਮ 7 ਵਜੇ ਦੇ ਕਰੀਬ ਬਾਜ਼ਾਰ ਤੋਂ ਹਰੀ ਮਿਰਚ ਲੈਣ ਗਿਆ ਸੀ। ਪਰ ਉਹ ਵਾਪਸ ਨਹੀਂ ਆਇਆ। ਉਹ ਆਪਣੇ ਆਪ ਉਸ ਦੀ ਭਾਲ ਕਰਦਾ ਰਿਹਾ ਪਰ ਉਹ ਕਿਤੇ ਵੀ ਨਹੀਂ ਮਿਲਿਆ। ਕਿਸੇ ਨੇ ਦੱਸਿਆ ਕਿ ਭੁਲੱਥ ਦੇ ਸਰਕਾਰੀ ਕਾਲਜ ਦੇ ਬੈਂਕ ਲਾਗੇ ਖੇਤ ’ਚ ਸਥਿਤ ਮੋਟਰ ਦੀ ਛੱਤ ’ਤੇ ਕਿਸੇ ਦੀ ਲਾਸ਼ ਪਈ ਹੈ। ਜਦੋਂ ਉਹ ਆਪਣੀ ਪਤਨੀ ਪੂਜਾ ਨਾਲ ਉੱਥੇ ਪਹੁੰਚੇ ਤਾਂ ਉਨ੍ਹਾਂ ਦੇ ਬੇਟੇ ਗੋਲੂ ਦੀ ਲਾਸ਼ ਪਈ ਸੀ।