ਘਰ ਦੇ ਗੇਟ ’ਤੇ ਮਾਰੀਆਂ ਗੋਲ਼ੀਆਂ, 50 ਲੱਖ ਦੀ ਮੰਗੀ ਫਿਰੌਤੀ ; ਚਾਰ ਖ਼ਿਲਾਫ਼ ਕੇਸ ਦਰਜ
ਨੌਸ਼ਹਿਰਾ ਪੰਨੂੰਆਂ, 23 ਨਵੰਬਰ 2024 – ਸਥਾਨਕ ਪਿੰਡ ਚੌਧਰੀਵਾਲਾ ਵਾਸੀ ਵਿਅਕਤੀ ਕੋਲੋਂ 50 ਲੱਖ ਦੀ ਫਿਰੋਤੀ ਮੰਗਣ ਅਤੇ ਉਸਦੇ ਘਰ ਦੇ ਗੇਟ ਉੱਪਰ ਗੋਲੀਆਂ ਚਲਵਾਉਣ ਦੇ ਦੋਸ਼ ਹੇਠ ਥਾਣਾ ਸਰਹਾਲੀ ਦੀ ਪੁਲਿਸ ਨੇ ਜੇਲ੍ਹ ਵਿਚ ਬੰਦ ਦੋ ਗੈਂਗਸਟਰਾਂ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਚੌਧਰੀਵਾਲਾ ਵਾਸੀ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਲੰਘੀ ਰਾਤ ਕਰੀਬ ਸਾਢੇ 10 ਵਜੇ ਉਹ ਆਪਣੇ ਘਰ ਦੀ ਛੱਤ ’ਤੇ ਸੈਰ ਕਰ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਆ ਕੇ ਉਸਦੇ ਘਰ ਅੱਗੇ ਆ ਕੇ ਖੜ੍ਹ ਗਏ। ਜਿਨ੍ਹਾਂ ਨੇ ਪਿਸਟਲ ਨਾਲ ਉਸ ਦੇ ਘਰ ਵੱਲ ਫਾਇਰ ਕੀਤੇ ਤੇ ਇਕ ਗੋਲ਼ੀ ਉਸਦੇ ਗੇਟ ’ਤੇ ਲੱਗੀ। ਉਸਦਾ ਪਰਿਵਾਰ ਘਬਰਾ ਗਿਆ।\
ਢਾਈ ਵਜੇ ਦੇ ਕਰੀਬ ਵਿਦੇਸ਼ੀ ਨੰਬਰ ਤੋਂ ਵਾਟਸਐੱਪ ’ਤੇ ਇਕ ਰਿਕਾਰਡਿੰਗ ਆਈ ਜਿਸ ਵਿਚ ਕਿਹਾ ਗਿਆ ਕਿ ਉਨ੍ਹਾਂ ਨੂੰ 50 ਲੱਖ ਰੁਪਏ ਚਾਹੀਦੇ ਹਨ ਅਤੇ ਜੇ ਨਾ ਦਿੱਤੇ ਤਾਂ ਉਨ੍ਹਾਂ ਦੇ ਘਰ ਦੇ ਕਿਸੇ ਜੀਅ ਦਾ ਜਾਨੀ ਨੁਕਸਾਨ ਹੋਵੇਗਾ। ਇਲਾਕੇ ਨਾਲ ਸਬੰਧਤ ਚੌਕੀ ਨੌਸ਼ਹਿਰਾ ਪਨੂੰਆਂ ਦੇ ਇੰਚਾਰਜ ਏਐੱਸਆਈ ਗੱਜਣ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਅਧਾਰ ’ਤੇ ਗੁਰਪ੍ਰੀਤ ਸਿੰਘ ਗੋਪੀ ਨੰਬਰਦਾਰ ਵਾਸੀ ਨੌਸ਼ਹਿਰਾ ਪਨੂੰਆਂ ਅਤੇ ਮੋਹਪ੍ਰੀਤ ਸਿੰਘ ਮੋਹ ਵਾਸੀ ਠੱਠੀਆਂ ਮਹੰਤਾਂ ਜੋ ਜੇਲ੍ਹ ਵਿਚ ਬੰਦ ਤੋਂ ਇਲਾਵਾ ਦੋ ਅਣਪਛਾਤਿਆਂ ਵਿਰੁੱਧ ਥਾਣਾ ਸਰਹਾਲੀ ਵਿਚ ਕਾਰਵਾਈ ਕਰ ਦਿੱਤੀ ਗਈ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।