ਥਾਰ ਨੇ ਮਾਰੀ ਬਾਈਕ ਨੂੰ ਟੱਕਰ, ਪੰਜਾਬ ਕਿਸਾਨ ਯੂਨੀਅਨ ਦੇ ਦੋ ਆਗੂਆਂ ਦੀ ਮੌਤ
ਕਲਾਨੌਰ, 22 ਨਵੰਬਰ 2024 – ਪਿੰਡ ਭਿੰਡੀਆਂ ਸੈਦਾਂ ਨੇੜੇ ਥਾਰ ਗੱਡੀ ਵੱਲੋਂ ਬਾਈਕ ਨੂੰ ਟੱਕਰ ਮਾਰੇ ਜਾਣ ਕਾਰਨ ਪੰਜਾਬ ਕਿਸਾਨ ਯੂਨੀਅਨ ਦੇ ਏਰੀਆ ਕਮੇਟੀ ਮੈਂਬਰ ਲੱਖਾ ਸਿੰਘ ਬਖਤਪੁਰ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਇਕਾਈ ਮੈਂਬਰ ਚੰਨਣ ਸਿੰਘ ਬਖਤਪੁਰ ਗੰਭੀਰ ਫੱਟੜ ਹੋ ਗਏ ਜਿਨ੍ਹਾਂ ਦੀ ਹਸਪਤਾਲ ਵਿਖੇ ਮੌਤ ਹੋ ਗਈ।
ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਸ਼ਵਨੀ ਕੁਮਾਰ ਲੱਖਣ ਕਲਾਂ ਨੇ ਦੱਸਿਆ ਕਿ ਪੰਜਾਬ ਕਿਸਾਨ ਯੂਨੀਅਨ ਦੇ ਏਰੀਆ ਕਮੇਟੀ ਮੈਂਬਰ ਲੱਖਾ ਸਿੰਘ ਬਖਤਪੁਰ ਅਤੇ ਚੰਨਣ ਸਿੰਘ ਇਕਾਈ ਮੈਂਬਰ ਵੀਰਵਾਰ ਨੂੰ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸਮੇਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦੇਣ ਉਪਰੰਤ ਲੱਖਾ ਸਿੰਘ ਅਤੇ ਚੰਨਣ ਸਿੰਘ ਦੋਵੇਂ ਮੋਟਰਸਾਈਕਲ ’ਤੇ ਕਲਾਨੌਰ ਵਿਚ ਆਪਣਾ ਕੰਮਕਾਜ ਕਰਵਾ ਕੇ ਜਦੋਂ ਵਾਪਸ ਆਪਣੇ ਪਿੰਡ ਪਰਤ ਰਹੇ ਸਨ ਤਾਂ ਪਿੰਡ ਪਿੰਡੀਆਂ ਸੈਦਾਂ ਦੇ ਚੌਕ ਵਿਚ ਪੰਨਵਾਂ ਵਾਲੇ ਪਾਸੇ ਤੋਂ ਆ ਰਹੀ ਤੇਜ਼ ਰਫਤਾਰ ਥਾਰ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਕਿਸਾਨ ਆਗੂ ਲੱਖਾ ਸਿੰਘ ਬਖਤਪੁਰ ਅਤੇ ਉਸ ਦਾ ਸਾਥੀ ਚੰਨਣ ਸਿੰਘ ਗੰਭੀਰ ਫੱਟੜ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਜਗਦੀਸ਼ ਸਿੰਘ ਪੁਲਿਸ ਟੀਮ ਸਮੇਤ ਘਟਨਾ ਸਥਾਨ ’ਤੇ ਪੁੱਜੇ ਤੇ ਦੋਵਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਪਹੁੰਚਾਇਆ। ਐੱਸਐੱਚਓ ਜਗਦੀਸ਼ ਸਿੰਘ ਨੇ ਕਿਹਾ ਕਿ ਪਰਿਵਾਰਕ ਜੀਆਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਲੱਖਾ ਸਿੰਘ ਅਤੇ ਚੰਨਣ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਅਸ਼ਵਨੀ ਕੁਮਾਰ ਲੱਖਣ ਕਲਾਂ, ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਸੁਖਦੇਵ ਸਿੰਘ ਭਾਗੋਕਾਵਾਂ, ਵਿਜੇ ਸੋਹਲ ਮੁਕਤੀ ਮੋਰਚਾ, ਬਲਵੰਤ ਸਿੰਘ, ਪਲਵਿੰਦਰ ਸਿੰਘ,ਬਲਬੀਰ ਸਿੰਘ ਉੱਚਾ ਧਕਾਲਾ,ਹਰਜੀਤ ਸਿੰਘ ਕਾਹਲੋਂ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ, ਗੁਰਜੀਤ ਸਿੰਘ ਬੁਲਾਰੀਆ, ਕਾਮਰੇਡ ਬਸ਼ੀਰ ਮਸੀਹ ਗਿੱਲ ਵੱਲੋਂ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।