ਐਂਬੂਲੈਂਸ ਨਾਲ ਵਾਪਰਿਆ ਹਾਦਸਾ, ਮਰੀਜ਼ ਨੂੰ ਛੱਡ ਕੇ ਚਾਰ ਲੋਕਾਂ ਦੀ ਹੋ ਗਈ ਮੌਤ
ਜੈਪੁਰ, 20 ਨਵੰਬਰ 2024 – ਰਾਜਸਥਾਨ ਦੇ ਪਾਲੀ ਜ਼ਿਲੇ ‘ਚ ਬੁੱਧਵਾਰ ਨੂੰ ਇਕ ਡੰਪਰ ਨੇ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀ ਨਿਰੰਜਨ ਸਿੰਘ ਨੇ ਦੱਸਿਆ ਕਿ ਇੱਕ ਮਰੀਜ਼ ਅਸ਼ੋਕ ਨੂੰ ਇੱਕ ਐਂਬੂਲੈਂਸ ਵਿੱਚ ਅਹਿਮਦਾਬਾਦ ਤੋਂ ਜੋਧਪੁਰ ਲਿਆਂਦਾ ਜਾ ਰਿਹਾ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ।
ਸਿੰਘ ਅਨੁਸਾਰ ਗੱਜਣਗੜ੍ਹ ਨੇੜੇ ਅਚਾਨਕ ਪਸ਼ੂ ਸੜਕ ’ਤੇ ਆ ਗਏ ਅਤੇ ਐਂਬੂਲੈਂਸ ਨਾਲ ਟਕਰਾ ਗਏ। ਹਾਦਸੇ ਵਿੱਚ ਐਂਬੂਲੈਂਸ ਨੂੰ ਨੁਕਸਾਨ ਪਹੁੰਚਿਆ ਅਤੇ ਜੋਧਪੁਰ ਤੋਂ ਦੂਜੀ ਐਂਬੂਲੈਂਸ ਮੰਗਵਾਈ ਗਈ।
ਜਦੋਂ ਮਰੀਜ਼ ਨੂੰ ਕਿਸੇ ਹੋਰ ਐਂਬੂਲੈਂਸ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਡੰਪਰ ਨੇ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਹਿਨੀ ਦੇਵੀ ਅਤੇ ਫਗਲੀ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਦੋ ਹੋਰ ਹਰੀਰਾਮ ਅਤੇ ਸੁਨੀਲ ਦੀ ਜੋਧਪੁਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਸੁਨੀਲ ਐਂਬੂਲੈਂਸ ਦਾ ਡਰਾਈਵਰ ਸੀ। ਇਸ ਹਾਦਸੇ ‘ਚ ਅਸ਼ੋਕ ਜ਼ਖਮੀ ਹੋ ਗਿਆ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।