ਸਕੂਲ ਬੱਸ ਤੇ ਕਾਰ ਦੀ ਸਿੱਧੀ ਟੱਕਰ, ਬੱਚੇ ਤੇ ਡਰਾਈਵਰ ਗੰਭੀਰ ਜ਼ਖਮੀ
ਮਾਨਸਾ, 19 ਨਵੰਬਰ 2024 – ਅੱਜ ਬੁਢਲਾਡਾ ਦੇ ਕਸਬਾ ਬਰੇਟਾ ਦੇ ਨੈਸ਼ਨਲ ਹਾਈਵੇ ਬਰੇਟਾ ਜਾਖਲ ਸੜਕ ’ਤੇ ਇਕ ਨਿੱਜੀ ਸਕੂਲ ਦੀ ਬੱਸ ਤੇ ਇਕ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਤੇ ਇਹ ਹਾਦਸਾ ਕਾਰ ਸਵਾਰ ਡਰਾਈਵਰ ਵਲੋਂ ਬੱਸ ਨੂੰ ਸਿੱਧੀ ਟੱਕਰ ਮਾਰਨ ਕਾਰਨ ਵਾਪਰਿਆ। ਇਸ ਹਾਦਸੇ ਵਿਚ ਦਰਜਨ ਦੇ ਕਰੀਬ ਸਕੂਲੀ ਬੱਚਿਆਂ ਸਮੇਤ ਬੱਸ ਚਾਲਕ ਤੇ ਸਕੂਲ ਦੀ ਮਹਿਲਾ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਕਾਰ ਵਿਚ ਸਵਾਰ ਯੋਗੇਸ਼ ਸ਼ਰਮਾ ਤੇ ਉਸ ਦਾ ਪੁੱਤਰ ਵੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਨੇੜਲੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਹੈ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ।