ਪੰਜਾਬ ਦੇ 14 ਜ਼ਿਲ੍ਹਿਆਂ ਵਿਚ ਧੁੰਦ ਦਾ ਯੈਲੋ ਅਲਰਟ ਜਾਰੀ
ਚੰਡੀਗੜ੍ਹ, 18 ਨਵੰਬਰ 2024 – ਜੰਮੂ-ਕਸ਼ਮੀਰ ’ਚ ਬਰਫ਼ਬਾਰੀ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ’ਚ ਮੌਸਮ ਠੰਢਾ ਹੋਣ ਲੱਗਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 5 ਦਿਨਾਂ ’ਚ ਤਾਪਮਾਨ 2 ਤੋਂ 5 ਡਿਗਰੀ ਤੱਕ ਡਿੱਗ ਜਾਵੇਗਾ। ਪੰਜਾਬ ’ਚ ਅੱਜ ਵੀ ਧੂੰਏਂ ਨੂੰ ਲੈ ਕੇ ਅਲਰਟ ਜਾਰੀ ਹੈ। ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਰਹੀ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਦੇ 14 ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ ਮਾਨਸਾ ਅਤੇ ਸੰਗਰੂਰ ਵਿਚ ਧੁੰਦ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ। ਇੱਥੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ ਮੰਗਲਵਾਰ ਤੋਂ ਸਥਿਤੀ ਆਮ ਵਾਂਗ ਹੋਣ ਦੀ ਉਮੀਦ ਹੈ।