187 ਲੋਕਾਂ ਨੂੰ ਮੌਤ ਦੀ ਨੀਂਦ ਸੁਲਾਉਣ ਵਾਲੇ ਮੁੰਬਈ ਟ੍ਰੇਨ ਧਮਾਕਿਆਂ ਦੇ 12 ਦੋਸ਼ੀ ਬਰੀ, ਬੰਬੇ HC ਦੇ ਫੈਸਲੇ ਨੂੰ ਮਹਾਰਾਸ਼ਟਰ ਸਰਕਾਰ SC ’ਚ ਦੇਵੇਗੀ ਚੁਣੌਤੀ

ਮੁੰਬਈ, 22 ਜੁਲਾਈ 2025 – ਬੰਬੇ ਹਾਈ ਕੋਰਟ ਨੇ 2006 ਵਿਚ ਮੁੰਬਈ ਦੀਆਂ ਲੋਕਲ ਟ੍ਰੇਨਾਂ ਵਿਚ ਹੋਏ ਸਿਲਸਿਲੇਵਾਰ ਧਮਾਕਿਆਂ ਦੇ 12 ਮੁਲਜ਼ਮਾਂ ਨੂੰ ਘਟਨਾ ਦੇ 19 ਸਾਲ ਬਾਅਦ ਸੋਮਵਾਰ ਨੂੰ ਬਰੀ ਕਰ ਦਿੱਤਾ। ਕੋਰਟ ਨੇ ਇਸਤੇਗਾਸਾ ਦੇ ਸਾਰੇ ਦਾਅਵਿਆਂ ਦੀਆਂ ਧੱਜੀਆਂ ਉੜਾ ਦਿੱਤੀਆਂ ਅਤੇ ਕਿਹਾ ਕਿ ਉਹ ਮਾਮਲੇ ਨੂੰ ਸਾਬਤ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਿਹਾ ਅਤੇ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਮੁਲਜ਼ਮਾਂ ਨੇ ਕੋਈ ਅਪਰਾਧ ਕੀਤਾ ਹੈ। ਨਾਲ ਹੀ ਕਿਹਾ ਕਿ ਜੇਕਰ ਮੁਲਜ਼ਮ ਕਿਸੇ ਹੋਰ ਮਾਮਲੇ ਵਿਚ ਲੋੜੀਂਦੇ ਨਹੀਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਏ। ਇਸ ਤੋਂ ਬਾਅਦ ਦੋ ਮੁਲਜ਼ਮਾਂ ਨੂੰ ਪੁਣੇ ਜੇਲ੍ਹ ਤੋਂ ਰਿਹਾਅ ਵੀ ਕਰ ਦਿੱਤਾ ਗਿਆ। ਵਿਸ਼ੇਸ਼ ਅਦਾਲਤ ਨੇ 201 ਵਿਚ ਇਨ੍ਹਾਂ ’ਚੋਂ ਪੰਜ ਨੂੰ ਮੌਤ ਦੀ ਸਜ਼ਾ ਅਤੇ ਸੱਤ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ। ਮੌਤ ਦੀ ਸਜ਼ਾ ਹਾਸਲ ਇਕ ਵਿਅਕਤੀ ਦੀ 2021 ਵਿਚ ਮੌਤ ਹੋ ਗਈ ਸੀ। ਮੁਲਜ਼ਮਾਂ ਨੇ ਵਿਸ਼ੇਸ਼ ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਤੇ ਦੋਸ਼ਸਿੱਧੀ ਨੂੰ ਚੁਣੌਤੀ ਦਿੱਤੀ ਸੀ। ਹਾਈ ਕੋਰਟ ਦਾ ਫ਼ੈਸਲਾ ਇਸ ਮਾਮਲੇ ਦੀ ਜਾਂਚ ਕਰਨ ਵਾਲੀ ਏਜੰਸੀ ਮਹਾਰਾਸ਼ਟਰ ਏਟੀਐੱਸ ਲਈ ਵੱਡਾ ਝਟਕਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਹੈ ਕਿ ਪ੍ਰਦੇਸ਼ ਸਰਕਾਰ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਵੇਗੀ। ਜ਼ਿਕਰਯੋਗ ਹੈ ਕਿ 11 ਜੁਲਾਈ 2006 ਦੀ ਸ਼ਾਮ ਨੂੰ ਮੁੰਬਈ ਦੀਆਂ ਸੱਤ ਲੋਕਲ ਟ੍ਰੇਨਾਂ ਵਿਚ 11 ਮਿੰਟ ਦੇ ਅੰਦਰ ਹੋਏ ਸੱਤ ਧਮਾਕਿਆਂ ਵਿਚ 187 ਲੋਕਾਂ ਦੀ ਮੌਤ ਹੋ ਗਈ ਸੀ ਅਤੇ 829 ਲੋਕ ਜ਼ਖ਼ਮੀ ਹੋਏ ਸਨ।
ਹਾਈ ਕੋਰਟ ਵਿਚ ਜਸਟਿਸ ਅਨਿਲ ਕਿਲੋਰ ਤੇ ਜਸਟਿਸ ਸ਼ਿਆਮ ਚਾਂਡਕ ਦੇ ਵਿਸ਼ੇਸ਼ ਬੈਂਚ ਨੇ ਇਹ ਫ਼ੈਸਲਾ ਸੁਣਾਇਆ। ਬੈਂਚ ਵਿਚ ਸ਼ਾਮਲ ਜਸਟਿਸ ਕਿਲੋਰ ਨੇ ਸਾਫ਼ ਕਿਹਾ ਕਿ ਕਿਸੇ ਅਪਰਾਧ ਦੇ ਅਸਲ ਅਪਰਾਧੀ ਨੂੰ ਸਜ਼ਾ ਦੇਣੀ ਅਪਰਾਧਿਕ ਸਰਗਰਮੀਆਂ ’ਤੇ ਰੋਕ ਲਾਉਣ, ਕਾਨੂੰਨ ਦੇ ਸ਼ਾਸਨ ਨੂੰ ਬਣਾ ਕੇ ਰੱਖਣ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਦਿਸ਼ਾ ਵਿਚ ਇਕ ਠੋਸ ਤੇ ਜ਼ਰੂਰੀ ਕਦਮ ਹੈ ਪਰ ਇਹ ਦਿਖਾਵਾ ਕਰ ਕੇ ਕਿ ਮੁਲਜ਼ਮਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਗਿਆ ਹੈ ਅਤੇ ਮਾਮਲੇ ਨੂੰ ਸੁਲਝਾਉਣ ਦਾ ਝੂਠਾ ਦਿਖਾਵਾ ਕਰਨਾ, ਹੱਲ ਦਾ ਇਕ ਧੋਖੇ ਦਾ ਆਭਾਸ ਦਿੰਦਾ ਹੈ। ਇਹ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਦਾ ਹੈ ਅਤੇ ਸਮਾਜ ਨੂੰ ਝੂਠਾ ਭਰੋਸਾ ਦਿੰਦਾ ਹੈ ਜਦਕਿ ਅਸਲ ਵਿਚ ਅਸਲੀ ਖ਼ਤਰਾ ਬਣਿਆ ਹੋਇਆ ਹੈ। ਇਹ ਮਾਮਲਾ ਅਸਲ ਵਿਚ ਇਹੀ ਦੱਸਦਾ ਹੈ।
ਇਕਬਾਲੀਆ ਬਿਆਨ ਨਾ-ਮਨਜ਼ੂਰ ਕੀਤਾ
ਬੈਂਚ ਨੇ ਆਪਣੇ 671 ਪੰਨਿਆਂ ਦੇ ਫ਼ੈਸਲੇ ਵਿਚ ਸਾਰੇ ਮੁਲਜ਼ਮਾਂ ਦੇ ਇਕਬਾਲੀਆ ਬਿਆਨਾਂ ਨੂੰ ਨਾ-ਮਨਜ਼ੂਰ ਕਰਦੇ ਹੋਏ ਕਿਹਾ ਕਿ ਮੁਲਜ਼ਮਾਂ ਨੇ ਸਫਲਤਾਪੂਰਵਕ ਇਹ ਸਥਾਪਤ ਕੀਤਾ ਹੈ ਕਿ ਇਹ ਇਕਬਾਲੀਆ ਬਿਆਨ ਦਿਵਾਉਣ ਲਈ ਉਨ੍ਹਾਂ ’ਤੇ ਤਸ਼ੱਦਦ ਕੀਤਾ ਗਿਆ। ਨਾਲ ਹੀ ਕਿਹਾ ਕਿ ਇਕਬਾਲੀਆ ਬਿਆਨਾਂ ਦੀ ਨਕਲ ਕੀਤੀ ਗਈ ਹੈ। ਹਾਈ ਕੋਰਟ ਨੇ ਕਿਹਾ, ਇਹ ਸਾਰਿਆਂ ਨੂੰ ਪਤਾ ਹੈ ਕਿ ਜ਼ਿਆਦਾਤਰ ਮਾਮਲਿਆਂ ਵਿਚ ਪੁਲਿਸ ਨਾਜਾਇਜ਼ ਤੇ ਗ਼ੈਰ-ਵਾਜਬ ਤਰੀਕਿਆਂ ਨਾਲ, ਜਿਸ ਵਿਚ ਤਸ਼ੱਦਦ ਵੀ ਸ਼ਾਮਲ ਹੈ, ਜਬਰੀ ਅਪਰਾਧ ਸਵੀਕਾਰ ਕਰਵਾ ਲੈਂਦੀ ਹੈ।
ਇਸਤੇਗਾਸਾ ਬੰਬਾਂ ਦੀ ਕਿਸਮ ਵੀ ਨਹੀਂ ਦੱਸ ਸਕਿਆ
ਲੋਕਲ ਟ੍ਰੇਨਾਂ ਦੀ ਪਹਿਲੀ ਸ਼੍ਰੇਣੀ ਡੱਬਿਆਂ ਵਿਚ ਹੋਏ ਇਨ੍ਹਾਂ ਧਮਾਕਿਆਂ ਤੋਂ ਬਾਅਦ ਏਟੀਐੱਸ ਨੇ ਇਹ ਧਮਾਕੇ ਪ੍ਰੈਸ਼ਰ ਕੁੱਕਰ ਬੰਬ ਨਾਲ ਕਰਵਾਏ ਜਾਣ ਦੀ ਗੱਲ ਕਹੀ ਸੀ ਪਰ ਹਾਈ ਕੋਰਟ ਨੇ ਕਿਹਾ ਕਿ ਇਸਤੇਗਾਸਾ ਧਮਾਕੇ ਵਿਚ ਇਸਤੇਮਾਲ ਬੰਬਾਂ ਦੀ ਕਿਸਮ ਨੂੰ ਦੱਸਣ ਵਿਚ ਵੀ ਅਸਫਲ ਰਿਹਾ। ਜਿਨ੍ਹਾਂ ਸਬੂਤਾਂ ’ਤੇ ਉਸ ਨੇ ਭਰੋਸਾ ਕੀਤਾ, ਉਹ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਣ ਲਈ ਫ਼ੈਸਲਾਕੁੰਨ ਨਹੀਂ ਹਨ। ਬੈਂਚ ਨੇ ਕਿਹਾ ਕਿ ਇਕਬਾਲੀਆ ਬਿਆਨ ਕਈ ਪਹਿਲੂਆਂ ’ਤੇ ਅਸਪੱਸ਼ਟ ਹਨ। ਜਿਵੇਂ ਸਾਜ਼ਿਸ਼ ਦੀ ਯੋਜਨਾ, ਬੰਬ ਕਿਸ ਕੰਟੇਨਰ ਵਿਚ ਭਰੇ ਗਏ ਸਨ, ਉਨ੍ਹਾਂ ਵਿਚ ਕਿਵੇਂ ਧਮਾਕਾ ਕੀਤਾ ਗਿਆ, ਬੰਬਾਂ ਨੂੰ ਟ੍ਰਿਗਰ ਕਰਨ ਲਈ ਕਿਸ ਉਪਕਰਣ ਦਾ ਇਸਤੇਮਾਲ ਕੀਤਾ ਗਿਆ ਆਦਿ।
ਇਹ ਹਨ 12 ਮੁਲਜ਼ਮ
ਵਿਸ਼ੇਸ਼ ਅਦਾਲਤ ਤੋਂ ਇਨ੍ਹਾਂ ਨੂੰ ਮਿਲੀ ਸੀ ਮੌਤ ਦੀ ਸਜ਼ਾ : ਕਮਾਲ ਅੰਸਾਰੀ (ਹੁਣ ਮ੍ਰਿਤਕ), ਮੁਹੰਮਦ ਫ਼ੈਸਲ ਅਤਾਉਰ ਰਹਿਮਾਨ ਸ਼ੇਖ਼, ਅਹਿਤੇਸ਼ਾਮ ਕੁਤੁਬਦੀਨ ਸਿੱਦੀਕੀ, ਨਵੀਦ ਹੁਸੈਨ ਖ਼ਾਨ ਅਤੇ ਆਸਿਫ਼ ਖਾਨ।
ਵਿਸ਼ੇਸ਼ ਅਦਾਲਤ ਤੋਂ ਇਨ੍ਹਾਂ ਨੂੰ ਮਿਲੀ ਸੀ ਉਮਰਕੈਦ : ਤਨਵੀਰ ਅਹਿਮਦ ਮੁਹੰਮਦ ਇਬਰਾਹਿਮ ਅੰਸਾਰੀ, ਮੁਹੰਮਦ ਮਾਜਿਦ ਮੁਹੰਮਦ ਸ਼ਫੀ, ਸ਼ੇਖ਼ ਮੁਹੰਮਦ ਅਲੀ ਆਲਮ ਸ਼ੇਖ਼, ਮੁਹੰਮਦ ਸਾਜਿਦ ਮਰਗੂਬ ਅੰਸਾਰੀ, ਮੁਜਮਿੱਲ ਅਤਾਉਰ ਰਹਿਮਾਨ ਸ਼ੇਖ਼, ਸੁਹੈਲ ਮਹਿਮੂਦ ਸ਼ੇਖ਼ ਅਤੇ ਜ਼ਮੀਰ ਅਹਿਮਦ ਰਹਿਮਾਨ ਸ਼ੇਖ਼।