ਸ੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਮਿਲ ਰਹੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ, SGPC ਨੂੰ ਹੁਣ ਤਕ ਮਿਲ ਚੁੱਕੀਆਂ ਨੇ 5 ਈਮੇਲਾਂ

ਅੰਮ੍ਰਿਤਸਰ, 16 ਜੁਲਾਈ 2025 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਿੰਨ ਦਿਨਾਂ ਤੋਂ ਲਗਾਤਾਰ ਧਮਕੀ ਭਰੀਆਂ ਈਮੇਲਾਂ ਸ਼੍ਰੋਮਣੀ ਕਮੇਟੀ ਨੂੰ ਮਿਲ ਰਹੀਆਂ ਹਨ। ਇਹਨਾਂ ਈਮੇਲਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਆਰਡੀਐਕਸ ਹਮਲੇ ਦੀ ਗੱਲ ਕੀਤੀ ਜਾ ਰਹੀ ਹੈ । 14 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਨੂੰ ਪਹਿਲੀ ਮੇਲ ਪੁੱਜਦੀ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਤੁਰੰਤ ਪੁਲਿਸ ਦੇ ਨਾਲ ਰਾਬਤਾ ਕਾਇਮ ਕਰਦਿਆਂ ਈਮੇਲ ਕਰਨ ਵਾਲੇ ‘ਤੇ ਕਾਰਵਾਈ ਦੀ ਮੰਗ ਕੀਤੀ ।
ਜਿਸ ਤੋਂ ਬਾਅਦ 15 ਜੁਲਾਈ ਨੂੰ ਇੱਕ ਵਾਰ ਫਿਰ ਮੇਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਜਾਂਦੀ ਹੈ। ਇਹ ਮੇਲ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਵੀ ਸੀਸੀ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਦ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਈਮੇਲ ਪਹੁੰਚੀ ਸੀ ਤਾਂ ਉਹ ਦੱਸਣ ਕਿ ਇਸ ਮੇਲ ਦੇ ਸੰਬੰਧ ਵਿੱਚ ਉਨ੍ਹਾਂ ਨੇ ਸਰਕਾਰ ਪਾਸ ਅਗਲੀ ਕਾਰਵਾਈ ਲਈ ਕਿਹੜੇ ਉਪਰਾਲੇ ਕੀਤੇ ਹਨ | ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਮੇਲ ਕਰਨ ਵਾਲੇ ਨੇ ਲਗਾਤਾਰ ਹੁਣ ਤੱਕ ਪੰਜ ਈਮੇਲਾ ਸ਼੍ਰੋਮਣੀ ਕਮੇਟੀ ਨੂੰ ਭੇਜੀਆਂ ਹਨ ਜਿਸ ਵਿੱਚ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਮੇਲ ਵਿੱਚ ਸੀਸੀ ਰੱਖਿਆ ਹੈ।
ਜਿਸ ਤਰ੍ਹਾਂ ਐਮਪੀ ਗੁਰਜੀਤ ਸਿੰਘ ਔਜਲਾ ਨੇ ਕੋਈ ਕਾਰਵਾਈ ਨਹੀਂ ਕੀਤੀ ਉਸੇ ਤਰ੍ਹਾਂ ਹੀ ਮੁੱਖ ਮੰਤਰੀ ਪੰਜਾਬ ਵੀ ਇਸ ਮਾਮਲੇ ਵਿੱਚ ਸ਼ਾਂਤ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਕਿ ਲਗਾਤਾਰ ਸੰਗਤਾਂ ਵਿੱਚ ਈਮੇਲਾਂ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਆਰਡੀਐਸਐਕਸ ਹਮਲੇ ਦੀ ਗੱਲ ਕਰਦਿਆਂ ਦਹਿਸ਼ਤ ਫੈਲਾਈ ਜਾ ਰਹੀ ਹੈ।