BCCI ਨੇ ਲਿਆ ਵੱਡਾ ਫੈਸਲਾ, IPL 2025 ਮੁਲਤਵੀ

ਨਵੀਂ ਦਿੱਲੀ : 9 ਮਈ 2025 – ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸ਼ੁੱਕਰਵਾਰ ਨੂੰ IPL 2025 ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ। ਬੀਸੀਸੀਆਈ ਨੇ ਇਸ ਮਾਮਲੇ ‘ਤੇ ਕੇਂਦਰ ਸਰਕਾਰ ਨਾਲ ਵੀ ਚਰਚਾ ਕੀਤੀ ਅਤੇ ਫਿਰ ਇਹ ਮਹੱਤਵਪੂਰਨ ਫੈਸਲਾ ਲਿਆ।
ਹਾਲਾਂਕਿ ਉਨ੍ਹਾਂ ਵਲੋਂ ਨਵੀਆਂ ਤਾਰੀਖ਼ਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਦੇ 12 ਲੀਗ ਮੈਚ ਹੋਣੇ ਅਜੇ ਬਾਕੀ ਹਨ। ਟੂਰਨਾਮੈਂਟ ਦਾ ਫਾਈਨਲ ਮੈਚ 25 ਮਈ ਨੂੰ ਹੋਣਾ ਸੀ।
ਵੀਰਵਾਰ ਨੂੰ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਆਈਪੀਐਲ 2025 ਦਾ 58ਵਾਂ ਮੈਚ ਰੱਦ ਕਰ ਦਿੱਤਾ ਗਿਆ ਸੀ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਤਣਾਅ ਦੇ ਕਾਰਨ, ਮੈਚ ਨੂੰ ਵਿਚਕਾਰ ਹੀ ਰੱਦ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 10.1 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ‘ਤੇ 122 ਦੌੜਾਂ ਬਣਾਈਆਂ। ਫਿਰ ਮੈਦਾਨ ਦੀ ਇੱਕ ਫਲੱਡ ਲਾਈਟ ਬੰਦ ਕਰ ਦਿੱਤੀ ਗਈ ਅਤੇ ਹੌਲੀ-ਹੌਲੀ ਸਾਰੀਆਂ ਫਲੱਡ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਦਰਸ਼ਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।