ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਚੱਲੀ ਗੋਲੀ, ਵਾਲ – ਵਾਲ ਬਚੇ ਸੁਖਬੀਰ ਬਾਦਲ; ਨਰਾਇਣ ਸਿੰਘ ਚੌੜਾ ਗ੍ਰਿਫਤਾਰ
ਅੰਮ੍ਰਿਤਸਰ, 4 ਦਸੰਬਰ 2024 – ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਗੋਲ਼ੀ ਚੱਲਣ ਦੀ ਖਬਰ ਹੈ। ਇਹ ਘਟਨਾ ਸਵੇਰੇ ਸਾਢੇ 9 ਵਜੇ ਦੀ ਹੈ।ਆਖਿਆ ਜਾ ਰਿਹਾ ਹੈ ਕਿ ਇਹ ਗੋਲ਼ੀ ਸੁਖਬੀਰ ਬਾਦਲ ਨੂੰ ਮਾਰਨ ਲਈ ਚਲਾਈ ਗਈ ਸੀ ਹਾਲਾਂਕਿ ਉਹ ਬਿਲਕੁਲ ਸੁਰੱਖਿਅਤ ਹਨ। ਪੁਲਿਸ ਨੇ ਮੁਲਜ਼ਮ ਨਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਏਡੀਸੀਪੀ ਹਰਪਾਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਸ਼ਖ਼ਸ ਦਲ ਖਾਲਸਾ ਨਾਲ ਸੰਬੰਧਤ ਹੈ ਤੇ ਪੁਲਿਸ ਨੂੰ ਇਸ ਉੱਪਰ ਪਹਿਲਾਂ ਹੀ ਸ਼ੱਕ ਸੀ ਕਿ ਉਹ ਅਜਿਹੀ ਕਿਸੇ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਇਸ ਲਈ ਪੁਲਿਸ ਦੀ ਉੱਪਰ ਲਗਾਤਾਰ ਨਜ਼ਰ ਸੀ।
ਘਟਨਾ ਵੇਲੇ ਸੁਖਬੀਰ ਬਾਦਲ ਸੇਵਾ ‘ਤੇ ਤਾਇਨਾਤ ਸਨ। ਅਚਾਨਕ ਨਰਾਇਣ ਸਿੰਘ ਬਾਦਲ ਦੇ ਬਿਲਕੁਲ ਨੇੜੇ ਆਇਆ, ਜਿਵੇਂ ਹੀ ਦੂਰੀ ਕੁਝ ਮੀਟਰ ਰਹਿ ਗਈ, ਉਸ ਨੇ ਆਪਣੀ ਪਿਸਤੌਲ ਕੱਢ ਕੇ ਸੁਖਬੀਰ ਵੱਲ ਨਿਸ਼ਾਨਾ ਸਾਧਿਆ। ਇੱਕ ਸੁਰੱਖਿਆ ਕਰਮਚਾਰੀ ਤੁਰੰਤ ਨਰਾਇਣ ਸਿੰਘ ਵੱਲ ਵਧਿਆ ਤੇ ਪਿਸਤੌਲ ਦੇ ਮੁੰਹ ਨੂੰ ਉੱਪਰ ਅਸਮਾਨ ਵੱਲ ਕੀਤਾ ਜਿਸ ਕਾਰਨ ਇਹ ਹਵਾਈ ਫਾਇਰ ਹੋ ਗਿਆ ਤੇ ਨਿਸ਼ਾਨਾ ਖੁੰਝ ਗਿਆ। ਸਾਦੀ ਵਰਦੀ ‘ਚ ਮੌਜੂਦ ਸੁਰੱਖਿਆ ਕਰਮੀਆਂ ਨੇ ਤੁਰੰਤ ਘੇਰਾਬੰਦੀ ਕਰ ਕੇ ਬਾਦਲ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ।
ਜ਼ਿਕਰਯੋਗ ਹੈ ਕਿ ਨਰਾਇਣ ਸਿੰਘ ਚੌੜਾ ਨੂੰ 4 ਅਗਸਤ 2018 ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਉਸ ਨੂੰ ਸਾਲ 2013 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਜੇਲ੍ਹ ‘ਚ ਬੰਦ ਸੀ। ਚਾਰ ਲੰਬਿਤ ਕੇਸਾਂ ‘ਚ ਜ਼ਮਾਨਤ ਮਿਲਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ। ਨਰਾਇਣ ਸਿੰਘ ਬੁੜੈਲ ਜੇਲ੍ਹ ਬ੍ਰੇਕ ਕੇਸ ਸਮੇਤ 2013 ਤੋਂ ਬਾਅਦ ਕੁਝ ਕੇਸਾਂ ‘ਚ ਬਰੀ ਹੋ ਗਿਆ ਸੀ।
2 thoughts on “ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਚੱਲੀ ਗੋਲੀ, ਵਾਲ – ਵਾਲ ਬਚੇ ਸੁਖਬੀਰ ਬਾਦਲ; ਨਰਾਇਣ ਸਿੰਘ ਚੌੜਾ ਗ੍ਰਿਫਤਾਰ”