ਸਰਦੀਆਂ ‘ਚ ਇਸ ਤਰ੍ਹਾਂ ਖਾਓ ਗੁੜ, ਰਹੋ ਸਿਹਤਮੰਦ

ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣਾ ਅਤੇ ਬਿਮਾਰੀਆਂ ਤੋਂ ਖੁਦ ਨੂੰ ਬਚਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਸ ਕਰਕੇ ਸਰਦੀਆਂ ਦੇ ਵਿੱਚ ਅਜਿਹੀਆਂ ਚੀਜ਼ਾਂ ਖਾਣ ਨੂੰ ਮਨ ਕਰਦਾ ਹੈ, ਜੋ ਸਰੀਰ ਨੂੰ ਤੁਰੰਤ ਗਰਮੀ ਦਿੰਦੀਆਂ ਹਨ। ਇਨ੍ਹਾਂ ਦਿਨਾਂ ਦੌਰਾਨ ਤੁਹਾਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਗੁੜ ਜੋ ਕਿ ਪਾਚਕ ਗੁਣਾਂ ਅਤੇ ਖਣਿਜ ਤੱਤਾਂ ਨਾਲ ਭਰਪੂਰ ਹੁੰਦਾ ਹੈ, ਸਰਦੀਆਂ ‘ਚ ਸਿਹਤ ਲਈ ਇੱਕ ਆਦਰਸ਼ ਭੋਜਨ ਹੈ। ਇਹ ਸਿਰਫ਼ ਮਿੱਠੇ ਦਾ ਸਵਾਦ ਹੀ ਨਹੀਂ ਵਧਾਉਂਦਾ ਸਗੋਂ ਸਰੀਰ ਨੂੰ ਗਰਮੀ, ਤਾਕਤ ਅਤੇ ਰੋਗ ਰੋਧਕ ਸ਼ਕਤੀ ਵੀ ਪ੍ਰਦਾਨ ਕਰਦਾ ਹੈ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਗੁੜ ਵਿੱਚ ਫਾਈਬਰ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਬੀ-6 ਵਰਗੇ ਪੋਸ਼ਕ ਤੱਤ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਗੁੜ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ। ਸਹੀ ਮਾਤਰਾ ਵਿੱਚ ਅਤੇ ਗੁੜ ਦਾ ਸਹੀ ਤਰੀਕੇ ਨਾਲ ਸੇਵਨ ਕਰਨ ਨਾਲ ਤੁਸੀਂ ਆਪਣੀ ਸਿਹਤ ਨੂੰ ਮਜ਼ਬੂਤ ਬਣਾ ਸਕਦੇ ਹੋ। ਗੁੜ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਵੀ ਮਦਦਗਾਰ ਸਾਬਤ ਹੋ ਸਕਦਾ ਹੈ।
ਸਿਹਤ ਲਈ ਵਰਦਾਨ
ਕੀ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ? ਜੇਕਰ ਹਾਂ, ਤਾਂ ਤੁਸੀਂ ਗੁੜ ਖਾਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ। ਕੈਲਸ਼ੀਅਮ ਭਰਪੂਰ ਗੁੜ ਤੁਹਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕਾਰਗਰ ਸਾਬਤ ਹੋ ਸਕਦਾ ਹੈ। ਇਸ ਤੋਂ ਇਲਾਵਾ ਗੁੜ ਵਿੱਚ ਪਾਏ ਜਾਣ ਵਾਲੇ ਹੋਰ ਤੱਤ ਅਨੀਮੀਆ ਦੇ ਜੋਖਮ ਨੂੰ ਘਟਾ ਸਕਦੇ ਹਨ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਵੀ ਰੋਜ਼ਾਨਾ ਡਾਈਟ ਪਲਾਨ ‘ਚ ਗੁੜ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਗੁੜ ਕਦੋਂ ਖਾਣਾ ਚਾਹੀਦਾ ਹੈ?
ਖਾਣਾ ਖਾਣ ਤੋਂ ਬਾਅਦ ਗੁੜ ਦਾ ਸੇਵਨ ਕਰਨਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ।ਹਾਲਾਂਕਿ ਰਾਤ ਨੂੰ ਸੌਣ ਤੋਂ ਪਹਿਲਾਂ ਗੁੜ ਨਹੀਂ ਖਾਣਾ ਚਾਹੀਦਾ। ਇਸ ਦੇ ਨਾਲ ਹੀ ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਗੁੜ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਬਲੋਟਿੰਗ, ਗੈਸ ਅਤੇ ਐਸੀਡਿਟੀ ਦੇ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ। ਗੁੜ ਖਾਣਾ ਤੁਹਾਡੀ ਅੰਤੜੀਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਸਰਦੀਆਂ ਵਿੱਚ ਗੁੜ ਖਾਣ ਦੇ ਫਾਇਦੇ
ਸਰਦੀਆਂ ਵਿੱਚ ਮਹਿਸੂਸ ਹੋਣ ਵਾਲੀ ਥਕਾਵਟ, ਕਮਜ਼ੋਰੀ ਅਤੇ ਆਲਸ ਤੋਂ ਛੁਟਕਾਰਾ ਪਾਉਣ ਲਈ ਗੁੜ ਦਾ ਸੇਵਨ ਕੀਤਾ ਜਾ ਸਕਦਾ ਹੈ। ਗੁੜ ਖਾਣ ਨਾਲ ਤੁਸੀਂ ਆਪਣੇ ਸਰੀਰ ਦੇ ਊਰਜਾ ਪੱਧਰ ਨੂੰ ਵਧਾ ਸਕਦੇ ਹੋ। ਜੇਕਰ ਤੁਸੀਂ ਆਪਣੇ ਸਰੀਰ ਦੇ ਮੈਟਾਬੋਲਿਜ਼ਮ ਵਿੱਚ ਸੁਧਾਰ ਕਰਕੇ ਆਪਣਾ ਭਾਰ ਘਟਾਉਣ ਦਾ ਸਫਰ ਆਸਾਨ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਹਰ ਰੋਜ਼ ਗੁੜ ਖਾਣਾ ਸ਼ੁਰੂ ਕਰ ਸਕਦੇ ਹੋ। ਇਸ ਤੋਂ ਇਲਾਵਾ ਗੁੜ ਤੁਹਾਡੇ ਸਰੀਰ ਨੂੰ ਡੀਟੌਕਸੀਫਾਈ ਕਰਨ ਵਿੱਚ ਵੀ ਕਾਰਗਰ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ…ਫ਼ੋਨ ਦੀ ਘੰਟੀ ਵੱਜਦੇ ਹੀ ਤੇਜ਼ ਹੋ ਜਾਂਦੀ ਹੈ ਦਿਲ ਦੀ ਧੜਕਣ, ਕਿਤੇ ਤੁਸੀਂ ਵੀ ਤਾਂ ਨਹੀਂ ਟੈਲੀਫੋਬੀਆ ਦੇ ਸ਼ਿਕਾਰ…!
ਇਨ੍ਹਾਂ ਤਰੀਕਿਆਂ ਨਾਲ ਕਰੋ ਗੁੜ ਦਾ ਸੇਵਨ–
ਸਵੇਰੇ ਖਾਲੀ ਪੇਟ ਗਰਮ ਪਾਣੀ ਨਾਲ – ਸਵੇਰੇ ਖਾਲੀ ਪੇਟ ਗੁੜ ਦਾ ਇੱਕ ਛੋਟਾ ਟੁਕੜਾ ਗਰਮ ਪਾਣੀ ਵਿੱਚ ਘੋਲ ਕੇ ਪੀਣ ਨਾਲ ਸਰੀਰ ਡਿਟੌਕਸ ਹੁੰਦਾ ਹੈ । ਇਹ ਪਾਚਨ ਸ਼ਕਤੀ ਨੂੰ ਸੁਧਾਰਦਾ ਹੈ ਅਤੇ ਸਰੀਰ ਨੂੰ ਤਾਜ਼ਗੀ ਮਹਿਸੂਸ ਕਰਾਉਂਦਾ ਹੈ।
ਭੋਜਨ ਤੋਂ ਬਾਅਦ – ਖਾਣਾ ਖਾਣ ਤੋਂ ਤੁਰੰਤ ਬਾਅਦ ਗੁੜ ਦਾ ਇੱਕ ਛੋਟਾ ਟੁਕੜਾ ਖਾਣ ਨਾਲ ਭੋਜਨ ਪਚਾਉਣ ਵਿੱਚ ਆਸਾਨੀ ਰਹਿੰਦੀ ਹੈ। ਇਹ ਪੇਟ ਵਿੱਚ ਅਮਲ ਦੇ ਪੱਧਰ ਨੂੰ ਵਧਾਉਂਦਾ ਹੈ ਜਿਸ ਨਾਲ ਭਾਰੀ ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਭਾਰੀਪਣ ਮਹਿਸੂਸ ਨਹੀਂ ਹੁੰਦਾ।
ਗੁੜ ਅਤੇ ਤਿਲ – ਤਿਲ ਅਤੇ ਗੁੜ ਨੂੰ ਮਿਲਾ ਕੇ ਖਾਣਾ ਸਰਦੀਆਂ ਵਿੱਚ ਬਹੁਤ ਲਾਭਕਾਰੀ ਹੁੰਦਾ ਹੈ। ਇਨ੍ਹਾਂ ਦੋਵਾਂ ਦਾ ਮਿਸ਼ਰਣ ਸਰੀਰ ਨੂੰ ਗਰਮੀ ਪ੍ਰਦਾਨ ਕਰਦਾ ਹੈ ਅਤੇ ਜੋੜਾਂ ਦੇ ਦਰਦ ਨੂੰ ਰੋਕਦਾ ਹੈ। ਤਿਲ ਅਤੇ ਗੁੜ ਦਾ ਮਿਸ਼ਰਣ ਕੈਲਸ਼ੀਅਮ ਅਤੇ ਆਇਰਨ ਦਾਵਧੀਆ ਸਰੋਤ ਹੈ।
ਗੁੜ ਵਾਲੀ ਚਾਹ – ਚਾਹ ਵਿੱਚ ਖੰਡ ਦੀ ਥਾਂ ਗੁੜ ਦਾ ਇਸਤੇਮਾਲ ਕਰੋ। ਤੁਸੀਂ ਗੁੜ ਦੇ ਨਾਲ ਅਦਰਕ ਅਤੇ ਦਾਲਚੀਨੀ ਦਾ ਕਾੜ੍ਹਾ ਵੀ ਤਿਆਰ ਕਰ ਸਕਦੇ ਹੋ। ਇਹ ਠੰਢ ਅਤੇ ਖੰਘ ਤੋਂ ਬਚਾਅ ਵਿੱਚ ਮਦਦਗਾਰ ਹੁੰਦਾ ਹੈ।
ਜਿਮ ਅਤੇ ਕਸਰਤ ਤੋਂ ਬਾਅਦ – ਜੇਕਰ ਤੁਸੀਂ ਸਰੀਰਕ ਕਸਰਤ ਕਰਦੇ ਹੋ ਤਾਂ ਕਸਰਤ ਕਰਨ ਤੋਂ ਬਾਅਦ ਇੱਕ ਛੋਟਾ ਟੁਕੜਾ ਗੁੜ ਦਾ ਖਾਓ। ਇਹ ਊਰਜਾ ਮੁਹੱਈਆ ਕਰਦਾ ਹੈ ਅਤੇ ਸਰੀਰ ਦੇ ਖਣਿਜ ਪੂਰਕਾਂ ਨੂੰ ਬਹਾਲ ਕਰਦਾ ਹੈ।
ਖਾਣੇ ਦੇ ਨਾਲ – ਖਾਣੇ ‘ਚ ਇੱਕ ਛੋਟਾ ਟੁਕੜਾ ਦਾਲ ਜਾਂ ਰੋਟੀ ਦੇ ਨਾਲ ਖਾਣਾ ਲਾਜਵਾਬ ਸਵਾਦ ਦੇ ਨਾਲ ਸਰੀਰ ਲਈ ਵੀ ਫਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ…ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਜ਼ਹਿਰੀਲੇ ਬਦਾਮ…! ਇਨ੍ਹਾਂ ਤਰੀਕਿਆਂ ਨਾਲ ਕਰੋ ਜਾਂਚ
ਧਿਆਨ ਰੱਖਣ ਯੋਗ ਗੱਲਾਂ –
ਮਾਤਰਾ ਸਹੀ ਰੱਖੋ – ਗੁੜ ਜਿਆਦਾ ਮਿੱਠਾ ਹੁੰਦਾ ਹੈ । ਇਸ ਲਈ ਇੱਕ ਦਿਨ ਵਿੱਚ ਮਾਤਰਾ 20-30 ਗ੍ਰਾਮ ਤੋਂ ਜਿਆਦਾ ਨਾ ਖਾਓ।
ਸ਼ੂਗਰ ਦੇ ਮਰੀਜ਼ਾਂ ਲਈ ਸਾਵਧਾਨੀ – ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਡਾਕਟਰ ਦੀ ਸਲਾਹ ਤੋਂ ਬਿਨਾਂ ਗੁੜ ਦਾ ਸੇਵਨ ਨਾ ਕਰੋ ।
ਤਾਜ਼ੇ ਅਤੇ ਸ਼ੁੱਧ ਗੁੜ ਦੀ ਵਰਤੋਂ ਕਰੋ – ਪੈਕੇਟ ਵਾਲੇ ਜਾਂ ਮਸ਼ੀਨ ਨਾਲ ਬਣੇ ਹੋਏ ਗੁੜ ਦੀ ਥਾਂ ਘਰੇਲੂ ਅਤੇ ਸ਼ੁੱਧ ਗੁੜ ਦੀ ਵਰਤੋਂ ਕਰੋੋ।
(Disclaimer – ਇਹ ਸੁਝਾਅ ਆਮ ਜਾਣਕਾਰੀ ਤੇ ਆਧਾਰਿਤ ਹਨ। ਅਮਲ ਕਰਨ ਤੋਂ ਪਹਿਲਾਂ ਡਾਕਟਰ ਜਾਂ ਸਿਹਤ ਮਾਹਿਰਾਂ ਨਾਲ ਸੰਪਰਕ ਕਰੋ।)
2 thoughts on “ਸਰਦੀਆਂ ‘ਚ ਇਸ ਤਰ੍ਹਾਂ ਖਾਓ ਗੁੜ, ਰਹੋ ਸਿਹਤਮੰਦ”