ਕੀ ਹੈ ਵਾਤ ਪਿਤ ਕਫ ? ਇਨ੍ਹਾਂ ਦੇ ਖਰਾਬ ਹੋਣ ਨਾਲ ਹੁੰਦੇ ਹਨ ਸਾਰੇ ਰੋਗ, ਜਾਣੋ ਕਿਵੇਂ ?

ਇਹ ਤਾਂ ਤੁਸੀਂ ਸਭ ਜਾਣਦੇ ਹੀ ਹੋ ਕਿ ਇਹ ਪੰਜ ਭੂਤਕ ਸਰੀਰ ਪੰਜ ਧਾਤਾਂ – ਜਲ ਵਾਯੂ ਮਿਟੀ ਅਗਨੀ ਅਕਾਸ਼ ਤੋਂ ਬਣਿਆ ਹੈ । ਜਦੋਂ ਤੱਕ ਇਹ ਧਾਤਾਂ ਆਪਣੀ ਜਗ੍ਹਾ ਬਰਾਬਰ ਸਥਿਤੀ ਵਿੱਚ ਰਹਿੰਦੀਆਂ ਹਨ, ਸਰੀਰ ਤੰਦਰੁਸਤ ਰਹਿੰਦਾ ਹੈ। ਭੋਜਨ, ਵਿਹਾਰ ਜਾਂ ਹੋਰ ਕਾਰਨਾਂ ਕਰ ਕੇ ਜਦ ਇਹ ਧਾਤਾਂ ਵਿਚ ਅਸੰਤੁਲਨ ਆਉਂਦਾ ਹੈ ਤਾਂ ਇਹਨਾਂ ਨਾਲ ਸੰਬੰਧਿਤ ਦੋਸ਼ਾਂ (ਵਾਤ ਪਿਤ ਕਫ) ਤੋਂ ਕਈ ਪ੍ਰਕਾਰ ਦੇ ਰੋਗਾਂ ਦਾ ਜਨਮ ਹੁੰਦਾ ਹੈ । ਆਯੁਰਵੇਦ ਵਿਚ ਰੋਗਾਂ ਦੀ ਜਾਂਚ ਲਈ ਮੁਢਲਾ ਵਿਸ਼ਲੇਸ਼ਣ ਇਹਨਾਂ ਤਿੰਨ ਦੋਸ਼ਾਂ ਦਾ ਹੀ ਚਲਦਾ ਹੈ ।
ਆਯੁਰਵੇਦ ਦੇ ਅਨੁਸਾਰ, ਸਾਡੇ ਸਰੀਰ ਵਿੱਚ ਹੋਣ ਵਾਲੇ ਸਾਰੇ ਰੋਗ ਤਿੰਨ ਦੋਸ਼ਾਂ ਦੇ ਵਿਗਾੜ ਕਾਰਨ ਹੁੰਦੇ ਹਨ: ਵਾਤ, ਪਿੱਤ, ਕਫ। ਸਿਰ ਤੋਂ ਲੈ ਕੇ ਛਾਤੀ ਦੇ ਅੱਧ ਤੱਕ ਹੋਣ ਵਾਲੀਆਂ ਜ਼ਿਆਦਾਤਰ ਬਿਮਾਰੀਆਂ ਕਫ਼ ਦੇ ਖ਼ਰਾਬ ਹੋਣ ਕਾਰਨ ਹੁੰਦੀਆਂ ਹਨ ਅਤੇ ਛਾਤੀ ਦੇ ਅੱਧ ਤੋਂ ਲੈ ਕੇ ਪੇਟ ਤੱਕ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਪਿੱਤੇ ਦੇ ਖ਼ਰਾਬ ਹੋਣ ਕਾਰਨ ਹੁੰਦੀਆਂ ਹਨ, ਜਦਕਿ ਸਰੀਰ ਦੇ ਹੇਠਲੇ ਹਿੱਸੇ ਵਿੱਚ ਪੇਡੂ ਤੱਕ ਸਾਰੀਆਂ ਬਿਮਾਰੀਆਂ ਵਾਤ (ਹਵਾ) ਦੇ ਖ਼ਰਾਬ ਹੋਣ ਕਾਰਨ ਹੁੰਦੀਆਂ ਹਨ। ਪਰ ਕਈ ਵਾਰ ਗੈਸ ਸਿਰਦਰਦ ਦਾ ਕਾਰਨ ਬਣ ਜਾਂਦੀ ਹੈ ਤਾਂ ਇਸ ਨੂੰ ਵਿਗੜਨ ਵਾਲਾ ਵਾਤ ਮੰਨਿਆ ਜਾਵੇਗਾ। ਜਿਵੇਂ ਜ਼ੁਕਾਮ, ਛਿੱਕ, ਖੰਘ।
1) ਵਾਤ ਵਿਚ ਮੁਢਲਾ ਤੱਤ ਵਾਯੂ ਹੁੰਦਾ ਹੈ, ਇਸਦੇ ਵਿਗਾੜ ਤੋਂ ਉਪਜਣ ਵਾਲੇ ਰੋਗਾਂ ਦਾ ਪ੍ਰਮੁੱਖ ਜਿਹਾ ਕਾਰਨ ਸਰੀਰ ਦੇ ਵਾਯੂ ਤੱਤ ਦੀ ਸਰਚਨਾ ਦਾ ਵਿਗੜ ਜਾਣਾ ਹੈ । ਵਾਤ ਰੋਗਾਂ ਦੇ ਮੁੱਢਲੇ ਜਿਹੇ ਲੱਛਣ ਇਸ ਪ੍ਰਕਾਰ ਨੇ :-
• ਸਰੀਰ ਨਾਜ਼ੁਕ ਤੇ ਠੰਡਾ ।
• ਪਸੀਨਾ ਘੱਟ, ਚਮੜੀ ਰੁੱਖੀ ਤੇ ਠੰਡੀ ।
• ਅੱਖਾਂ ਧੁੰਦਲੀਆਂ, ਅੰਦਰ ਨੂੰ ਧਸੀਆਂ, ਅੱਖਾਂ ਦੁਆਲੇ ਕਾਲੇ ਘੇਰੇ ।
• ਸਿਰ ਦੇ ਵਾਲ ਅਤੇ ਨਹੁੰ ਰੁੱਖੇ, ਸਖਤ ਤੇ ਕਰੜੇ ।
• ਗਲਾ ਸੁਕਦਾ, ਮੂੰਹ ਦਾ ਸਵਾਲ ਫਿੱਕਾ ਤੇ ਬਕਬਕਾ, ਅਵਾਜ ਭਾਰੀ ।
• ਜੀਭ ਮੈਲੀ, ਖੁਰਦਰੀ, ਸੁਕੀ ਤੇ ਫਟੀ ਹੋਈ ।
• ਨੀਂਦ ਘੱਟ ਅਤੇ ਸੁਭਾਅ ਗੁਸੇ ਭਰਿਆ ।
• ਪਿਸ਼ਾਬ ਪੀਲਾ ਅਤੇ ਮਲ ਸਖਤ, ਬਿਖਰਿਆ ਹੋਇਆ, ਝੱਗ ਵਾਲਾ ।
• ਨਬਜ਼ ਦੀ ਚਾਲ ਤੇਜ ਅਤੇ ਅਨਿਯਮਤ ।
ਵਾਤ ਦੇ ਵਿਗਾੜ ਕਰਕੇ ਹੋਣ ਵਾਲੇ ਰੋਗ :-
• ਅਫ਼ਾਰਾ, ਪੇਟ ਵਿੱਚ ਹਵਾ ਬਣਨਾ ।
• ਲੱਤਾਂ ਦਾ ਦੁਖਦੇ ਰਹਿਣਾ, ਜੋੜਾਂ ਵਿੱਚ ਦਰਦ ।
• ਲਕਵਾ (ਪਾਸਾ ਮਾਰਿਆ ਜਾਣਾ), ਸਰੀਰ ਦੇ ਅੰਗਾਂ ਦਾ ਸੁੰਨ ਹੋ ਜਾਣਾ ।
• ਪੇਸ਼ੀਆ ਦਾ ਕੰਬਣਾ, ਫਰਕਣਾ, ਟੇਢਾ ਹੋਣਾ, ਨਾੜੀਆਂ ਵਿੱਚ ਖਿਚਾਅ ।
• ਘੱਟ ਸੁਣਨਾ ਅਤੇ ਬੁਖਾਰ ਰਹਿਣਾ ।
2) ਪਿਤ ਦ੍ਰਵ ਹੈ ਜੋ ਪਿੱਤੇ ਵਿਚ ਬਣਦਾ ਹੈ ਅਤੇ ਸਰੀਰ ਦੇ ਹੋਰਾਂ ਦ੍ਰਵਾ ਤੇ ਰਸਾਂ ਨਾਲ ਮਿਲਕੇ ਕੰਮ ਕਰਦਾ ਹੈ । ਇਹ ਸਰੀਰ ਦੀ ਗਰਮੀ ਹੈ, ਖਾਣ ਪੀਣ ਦੀਆਂ ਵਸਤਾਂ ਦੀ ਤਾਸੀਰ ਦਾ ਇਸਤੇ ਸਿਧਾ ਅਸਰ ਹੁੰਦਾ ਹੈ । ਸੰਤੁਲਿਤ ਮਿਕਦਾਰ ਵਿਚ ਇਹ ਸਰੀਰ ਦੀ ਰਖਿਆ ਕਰਦਾ ਅਤੇ ਅਸੰਤੁਲਿਤ ਮਿਕਦਾਰ ਵਿਚ ਅਨੇਕਾਂ ਰੋਗ ਉਤਪੰਨ ਕਰਦਾ ਹੈ । ਪਿਤ ਹੋਣ ਦੇ ਕੁਝ ਕਾਰਨ ਇਸ ਪ੍ਰਕਾਰ ਹਨ :-
• ਭੋਜਨ ਵਿਚ ਚੀਨੀ, ਲੂਣ ਅਤੇ ਮਿਰਚ ਮਸਾਲਿਆਂ ਦੀ ਵੱਧ ਵਰਤੋਂ ।
• ਨਸ਼ੀਲਿਆਂ ਪਦਾਰਥਾਂ ਦਾ ਸੇਵਨ ਕਰਨਾ ।
• ਦਵਾਈਆਂ ਦਾ ਵਧੇਰੇ ਸੇਵਨ ਕਰਨਾ ।
• ਗਰਮ ਤਾਸੀਰ ਵਾਲੇ ਖਾਦ ਪਦਾਰਥਾਂ ਦੀ ਬਹੁਤੀ ਵਰਤੋਂ ।
• ਤੇਜਾਬੀ ਮਿਹਦਾ ਵੀ ਪਿਤ ਹੋਣ ਦਾ ਕਾਰਨ ਬਣਦਾ ਹੈ ਇਸ ਲਈ ਭੋਜਨ ਵਿਚ ਤੇਜਾਬੀ ਮਾਦਾ ਮਾਤਰਾ 20 ਤੋਂ 25 ਫੀਸਦੀ ਹੋਵੇ । ਬਜ਼ਾਰ ਦੇ ਖਾਣੇ ਵਿਚ ਤੇਜਾਬੀ ਮਾਦਾ ਬਹੁਤ ਜਿਆਦਾ ਹੁੰਦਾ ਹੈ ।
ਪਿਤ ਰੋਗ ਹੋਣ ਦੇ ਲੱਛਣ :-
• ਸਰੀਰ ਮੋਟਾ ਤੇ ਭਾਰਾ
• ਪਸੀਨਾ ਪੀਲਾ ਤੇ ਬਦਬੂਦਾਰ ।
• ਚਮੜੀ ਪੀਲੀ, ਨਰਮ ਤੇ ਉਪਰ ਫਿਨਸੀਆਂ ਜਾਂ ਤਿਲ ।
• ਅੱਖਾਂ ਪੀਲੀਆ, ਵਾਲ ਸਫੇਦ ਤੇ ਨਹੁੰ ਵੀ ਪੀਲੇ ।
• ਗਲਾ ਸੁਕਦਾ ਅਤੇ ਮੂੰਹ ਦਾ ਸਵਾਦ ਕੌੜਾ ਤੇ ਖੱਟਾ ।
• ਪਿਸ਼ਾਬ ਪੀਲਾ, ਮਲ ਵੀ ਪੀਲਾ ਤੇ ਪਤਲਾ, ਦਸਤ ।
• ਭੁੱਖ ਪਿਆਸ ਬਹੁਤ ਜਿਆਦਾ ਤੇ ਨੀਂਦ ਬਹੁਤ ਘੱਟ ।
• ਸੁਭਾਅ ਉਤੇਜਿਤ ਤੇ ਚਿੜਚਿੜਾ ।
• ਨਬਜ਼ ਤੇਜ ।
ਪਿਤ ਕਰਕੇ ਹੋਣ ਵਾਲੇ ਰੋਗ :-
• ਪੇਟ, ਛਾਤੀ, ਸਰੀਰ ਵਿੱਚ ਜਲਨ ਮਹਿਸੂਸ ਹੋਣਾ ।
• ਖੱਟੇ ਡਕਾਰ, ਉਲਟੀ ।
• ਖੂਨ ਦੀ ਕਮੀ ।
• ਚਮੜੀ ਰੋਗ (ਫੋੜੇ, ਫਿਨਸੀਆਂ) ।
• ਜਿਗਰ ਅਤੇ ਤਿੱਲੀ ਵਧਣਾ ।
• ਸਰੀਰ ਵਿੱਚ ਕਮਜੋਰੀ ਆਉਣਾ ।
• ਦਿਲ ਦੇ ਰੋਗ ।
ਇਹ ਵੀ ਪੜ੍ਹੋ…ਚਮੜੀ ਲਈ ਵਰਦਾਨ ਹੈ ਦਹੀਂ, ਚਿਹਰੇ ਦੀ ਹਰ ਸਮੱਸਿਆ ਨੂੰ ਕਰੇ ਜੜ੍ਹ ਤੋਂ ਖਤਮ
ਪਿਤ ਨੂੰ ਰੋਕਣ ਲਈ ਕੁਝ ਹੋਰ ਉਪਾਅ –
ਠੰਡੇ ਪਾਣੀ ਨਾਲ ਇਸ਼ਨਾਨ ਕਰੋ।
ਪਾਣੀ ‘ਚ ਜੀਰਾ ਮਿਲਾ ਕੇ ਪੀਓ।
ਆਂਵਲੇ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਪਿਤ ਨੂੰ ਸ਼ਾਂਤ ਕਰਦੇ ਹਨ।
ਦਹੀਂ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ ਅਤੇ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ।
ਤੁਲਸੀ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਪੀਓ।
ਖੀਰਾ ਅਤੇ ਤਰਬੂਜ ਖਾਓ।
ਗੂੰਦ ਕਤੀਰਾ ਅਤੇ ਮਿੱਠਾ ਸ਼ਰਬਤ ਪੀਓ।
ਨਾਰੀਅਲ ਪਾਣੀ ਪੀਓ।
3) ਕਫ ਅਰਥਾਤ ਬਲਗਮ ਜਾਂ ਰੇਸ਼ਾ । ਤੇਲ, ਮੱਖਣ ਅਤੇ ਘਿਓ ਆਦਿ ਚਿਕਨਾਈ ਵਾਲੇ ਪਦਾਰਥਾਂ ਨੂੰ ਹਜ਼ਮ ਕਰਨ ਲਈ ਬਹੁਤ ਸਰੀਰਿਕ ਕੰਮ ਜਾਂ ਕਸਰਤ ਕਰਨ ਦੀ ਲੋੜ ਹੁੰਦੀ ਹੈ ਅਤੇ ਜਦੋਂ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਤਾਂ ਪਾਚਨ ਕਿਰਿਆ ਸਹੀ ਤਰ੍ਹਾਂ ਕੰਮ ਨਹੀਂ ਕਰ ਸਕਦੀ। ਇਸ ਨਾਲ ਕਫ ਦੋਸ਼ ਪੈਦਾ ਹੋ ਜਾਂਦੇ ਹਨ। ਰਾਤ ਨੂੰ ਸੌਣ ਸਮੇਂ ਦੁੱਧ ਜਾਂ ਦਹੀਂ ਲੈਣ ਨਾਲ ਵੀ ਕਫ ਦੋਸ਼ ਪੈਦਾ ਹੈ ਜਾਂਦੇ ਹਨ ।
ਕਫ ਰੋਗ ਦੇ ਲੱਛਣ :–
• ਸਰੀਰ ਸਧਾਰਨ, ਰੰਗ ਗੋਰਾ ।
• ਚਮੜੀ ਠੰਡੀ, ਨਰਮ ।
• ਮੂੰਹ ਵਿਚ ਮਿੱਠੀ ਮਿੱਠੀ ਲਾਰ ਆਉਣਾ ।
• ਸਾਹ ਰਗ ਵਿਚ ਬਲਗਮ ।
• ਜੀਭ ਚਿਪਚਿਪੀ, ਭੁੱਖ ਪਿਆਸ ਘੱਟ ।
• ਪਿਸ਼ਾਬ ਸਫੇਦ ਝੱਗ ਵਾਲਾ, ਮਲ ਲੇਸਦਾਰ ਠੋਸ ।
• ਸੁਭਾਅ ਸ਼ਾਂਤ, ਨੀਂਦ ਵਧੇਰੇ ਆਉਣੀ ।
• ਨਬਜ਼ ਧੀਮੀ ।
ਕਫ ਰੋਗ :-
• ਖੰਘ ਤੇ ਖੰਘ ਨਾਲ ਬਲਗਮ ਨਿਕਲਣਾ ।
• ਜ਼ੁਕਾਮ ਹੋਣਾ, ਠੰਡ ਲੱਗਣਾ ।
• ਸਰੀਰ ਦਾ ਫੁੱਲਣਾ, ਮੋਟਾਪਾ ਆਉਣਾ ।
• ਦਮਾ ਤੇ ਫੇਫੜਿਆਂ ਦਾ ਟੀ.ਬੀ. ।