Mahakumbh 2025 : ਕਰੋੜਾਂ ਲੋਕ ਲਾਉਣਗੇ ਆਸਥਾ ਦੀ ਡੁਬਕੀ, ਜਾਣੋ ਕਿਵੇਂ ਹੁੰਦੀ ਹੈ ਕੁੰਭ ਮੇਲੇ ‘ਚ ਸ਼ਰਧਾਲੂਆਂ ਦੀ ਗਿਣਤੀ…?

ਕੁੰਭ ਮੇਲਾ ਇਸ ਸਾਲ 13 ਜਨਵਰੀ ਤੋਂ ਪ੍ਰਯਾਗਰਾਜ ਵਿੱਚ ਸ਼ੁਰੂ ਹੋਇਆ ਹੈ ਅਤੇ 26 ਫਰਵਰੀ ਤੱਕ ਚੱਲੇਗਾ। ਇਸ ਦੇ ਨਾਲ ਹੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਪਹਿਲੇ ਸ਼ਾਹੀ ਸ਼ਤਾਬਦੀ ਵਾਲੇ ਦਿਨ (14 ਜਨਵਰੀ) ਨੂੰ 3.5 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ‘ਚ ਇਸ਼ਨਾਨ ਕੀਤਾ। ਪਿਛਲੇ ਤਿੰਨ ਦਿਨਾਂ ਵਿੱਚ 6 ਕਰੋੜ ਸ਼ਰਧਾਲੂਆਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਹੈ। ਇਨ੍ਹਾਂ 45 ਦਿਨਾਂ ਦੌਰਾਨ 45 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਇਸ ਅੰਕੜੇ ਨੂੰ ਟਵਿੱਟਰ ‘ਤੇ ਸਾਂਝਾ ਕੀਤਾ ਸੀ, ਪਰ ਸਵਾਲ ਇਹ ਉੱਠਦਾ ਹੈ ਕਿ ਇੰਨੀ ਵੱਡੀ ਭੀੜ ਦੀ ਸਹੀ ਗਿਣਤੀ ਕਿਵੇਂ ਹੁੰਦੀ ਹੈ? ਤਾਂ ਆਓ ਜਾਣਦੇ ਹਾਂ ਕੁੰਭ ‘ਚ ਆਉਣ ਵਾਲੇ ਲੋਕਾਂ ਦੀ ਗਿਣਤੀ ਕਿਵੇਂ ਕੀਤੀ ਜਾਂਦੀ ਹੈ…
ਕਦੋਂ ਸ਼ੁਰੂ ਹੋਈ ਸ਼ਰਧਾਲੂਆਂ ਦੀ ਗਿਣਤੀ ?
ਕੁੰਭ ਮੇਲੇ ਵਿੱਚ ਸ਼ਰਧਾਲੂਆਂ ਦੀ ਗਿਣਤੀ ਕਰਨ ਦੀ ਪ੍ਰਕਿਰਿਆ 19ਵੀਂ ਸਦੀ ਵਿੱਚ ਸ਼ੁਰੂ ਹੋਈ ਸੀ। 1882 ਦੇ ਕੁੰਭ ਵਿਚ ਅੰਗਰੇਜ਼ਾਂ ਨੇ ਵੱਡੀਆਂ ਸੜਕਾਂ ‘ਤੇ ਬੈਰੀਅਰ ਲਗਾ ਕੇ ਗਿਣਤੀ ਕੀਤੀ ਸੀ। ਮੇਲੇ ਵਿੱਚ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਦਾ ਅੰਦਾਜ਼ਾ ਰੇਲਵੇ ਟਿਕਟਾਂ ਦੀ ਵਿਕਰੀ ਦੇ ਅੰਕੜਿਆਂ ਤੋਂ ਵੀ ਲਗਾਇਆ ਗਿਆ। ਉਸ ਸਮੇਂ ਸੰਗਮ ਵਿੱਚ ਲਗਪਗ 10 ਲੱਖ ਦੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦਾ ਅਨੁਮਾਨ ਸੀ। 1906 ਦੇ ਕੁੰਭ ਵਿੱਚ ਲਗਭਗ 25 ਲੱਖ ਲੋਕਾਂ ਨੇ ਭਾਗ ਲਿਆ ਸੀ। ਇਸੇ ਤਰ੍ਹਾਂ 1918 ਦੇ ਮਹਾਕੁੰਭ ਵਿੱਚ 30 ਲੱਖ ਦੇ ਕਰੀਬ ਲੋਕਾਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਸੀ।
AI ਅਤੇ CCTV ਦੀ ਮਦਦ ਨਾਲ ਗਿਣਤੀ
ਇਸ ਵਾਰ ਕੁੰਭ ਮੇਲੇ ਵਿੱਚ ਸ਼ਰਧਾਲੂਆਂ ਦਾ ਮੁਲਾਂਕਣ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਕੀਤੀ ਜਾ ਰਹੀ ਹੈ। ਮੇਲੇ ਵਿੱਚ 200 ਥਾਵਾਂ ’ਤੇ ਆਰਜ਼ੀ ਸੀਸੀਟੀਵੀ ਕੈਮਰੇ ਲਾਏ ਗਏ ਹਨ। ਇਸ ਤੋਂ ਇਲਾਵਾ ਪੂਰੇ ਪ੍ਰਯਾਗਰਾਜ ਸ਼ਹਿਰ ‘ਚ 268 ਥਾਵਾਂ ‘ਤੇ 1107 ਅਸਥਾਈ ਕੈਮਰੇ ਲਗਾਏ ਗਏ ਹਨ।100 ਤੋਂ ਵੱਧ ਪਾਰਕਿੰਗ ਥਾਵਾਂ ‘ਤੇ 700 ਤੋਂ ਵੱਧ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ, ਜੋ ਵਾਹਨਾਂ ਅਤੇ ਸ਼ਰਧਾਲੂਆਂ ਦੀ ਗਿਣਤੀ ਕਰਨ ਵਿੱਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ…ਫ਼ੋਨ ਦੀ ਘੰਟੀ ਵੱਜਦੇ ਹੀ ਤੇਜ਼ ਹੋ ਜਾਂਦੀ ਹੈ ਦਿਲ ਦੀ ਧੜਕਣ, ਕਿਤੇ ਤੁਸੀਂ ਵੀ ਤਾਂ ਨਹੀਂ ਟੈਲੀਫੋਬੀਆ ਦੇ ਸ਼ਿਕਾਰ…!
ਕਿਸ਼ਤੀਆਂ, ਗੱਡੀਆਂ ਅਤੇ ਸਾਧੂਆਂ ਦੇ ਡੇਰੇ ਦਾ ਯੋਗਦਾਨ
ਕਿਸ਼ਤੀਆਂ, ਰੇਲਾਂ, ਬੱਸਾਂ ਅਤੇ ਨਿੱਜੀ ਵਾਹਨਾਂ ਰਾਹੀਂ ਆਉਣ ਵਾਲੇ ਲੋਕਾਂ ਦੀ ਗਿਣਤੀ ਕਰਕੇ ਵੀ ਸ਼ਰਧਾਲੂਆਂ ਦੀ ਗਿਣਤੀ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੇ ਲਈ ਰੇਲਵੇ ਕੁੱਲ 992 ਸਪੈਸ਼ਲ ਟਰੇਨਾਂ ਚਲਾਏਗਾ ਤੇ ਕੁੱਲ ਰੇਲ ਗੱਡੀਆਂ ਅਤੇ ਯਾਤਰੀਆਂ ਦੀਆਂ ਸਹੂਲਤਾਂ ਲਈ 933 ਕਰੋੜ ਰੁਪਏ ਖਰਚ ਕੀਤੇ ਜਾਣਗੇ। ਅਖਾੜਿਆਂ ਵਿੱਚ ਆਉਣ ਵਾਲੇ ਸੰਤਾਂ ਅਤੇ ਸ਼ਰਧਾਲੂਆਂ ਦੀ ਗਿਣਤੀ ਵੀ ਕੁੱਲ ਅੰਕੜਿਆਂ ਵਿੱਚ ਜੋੜ ਦਿੱਤੀ ਜਾਂਦੀ ਹੈ। ਹਾਲਾਂਕਿ, ਇੱਕੋ ਵਿਅਕਤੀ ਨੂੰ ਕਈ ਵਾਰ ਗਿਣਿਆ ਜਾ ਸਕਦਾ ਹੈ, ਕਿਉਂਕਿ ਬਹੁਤ ਸਾਰੇ ਲੋਕ ਵੱਖ-ਵੱਖ ਘਾਟਾਂ ‘ਤੇ ਇਸ਼ਨਾਨ ਕਰਦੇ ਹਨ ਜਾਂ ਮੇਲੇ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਦੇ ਹਨ।
ਪਹਿਲਾਂ ਗਿਣਤੀ ਕਿਵੇਂ ਕੀਤੀ ਜਾਂਦੀ ਸੀ ?
2013 ਤੋਂ ਪਹਿਲਾਂ ਡੀਐਮ ਅਤੇ ਐਸਐਸਪੀ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਮੇਲੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ। ਇਸ ਵਿੱਚ ਬੱਸਾਂ, ਰੇਲ ਗੱਡੀਆਂ ਅਤੇ ਨਿੱਜੀ ਵਾਹਨਾਂ ਦਾ ਡੇਟਾ ਸ਼ਾਮਲ ਸੀ। ਅਖਾੜਿਆਂ ਤੋਂ ਉਨ੍ਹਾਂ ਦੇ ਸ਼ਰਧਾਲੂਆਂ ਬਾਰੇ ਵੀ ਜਾਣਕਾਰੀ ਲਈ ਜਾਂਦੀ ਸੀ। ਪਹਿਲਾਂ ਗਿਣਤੀ ਕਰਨਾ ਆਸਾਨ ਹੁੰਦਾ ਸੀ ਪਰ ਹੁਣ ਸ਼ਹਿਰ ਵਿੱਚ ਵਧਦੀ ਭੀੜ ਅਤੇ ਟ੍ਰੈਫਿਕ ਪ੍ਰਬੰਧਾਂ ਕਾਰਨ ਇਹ ਕੰਮ ਕਾਫੀ ਪੇਚੀਦਾ ਹੋ ਗਿਆ ਹੈ।
2013 ਵਿੱਚ ਕਿਹੜਾ ਤਰੀਕਾ ਅਪਣਾਇਆ ਗਿਆ ਸੀ ?
ਡੀਡਬਲਯੂ ਦੀ ਇੱਕ ਰਿਪੋਰਟ ਦੇ ਅਨੁਸਾਰ, 2013 ਦੇ ਕੁੰਭ ਵਿੱਚ ਪਹਿਲੀ ਵਾਰ ਅੰਕੜਾ ਵਿਧੀਆਂ ਦੀ ਵਰਤੋਂ ਕੀਤੀ ਗਈ ਸੀ। ਇਸ ਵਿੱਚ ਨਹਾਉਣ ਲਈ ਜ਼ਰੂਰੀ ਸਥਾਨ ਅਤੇ ਸਮੇਂ ਨੂੰ ਆਧਾਰ ਮੰਨਿਆ ਜਾਂਦਾ ਸੀ। ਅੰਕੜਿਆਂ ਅਨੁਸਾਰ, ਇੱਕ ਵਿਅਕਤੀ ਨੂੰ ਨਹਾਉਣ ਲਈ 0.25 ਮੀਟਰ ਥਾਂ ਅਤੇ 15 ਮਿੰਟ ਦਾ ਸਮਾਂ ਚਾਹੀਦਾ ਹੈ। ਇਸ ਤਰ੍ਹਾਂ ਇਕ ਘੰਟੇ ‘ਚ ਕਰੀਬ 12,500 ਲੋਕ ਇਕ ਘਾਟ ‘ਤੇ ਇਸ਼ਨਾਨ ਕਰ ਸਕਦੇ ਹਨ। ਇਸ ਸਾਲ ਪ੍ਰਯਾਗਰਾਜ ਵਿੱਚ ਇਸ਼ਨਾਨ ਲਈ 44 ਘਾਟਾਂ ਨੂੰ ਤਿਆਰ ਕੀਤਾ ਗਿਆ ਹੈ। ਜੇਕਰ ਇਨ੍ਹਾਂ ਸਾਰੇ ਘਾਟਾਂ ‘ਤੇ ਲਗਾਤਾਰ 18 ਘੰਟੇ ਇਸ਼ਨਾਨ ਕੀਤਾ ਜਾਂਦਾ ਹੈ ਤਾਂ ਵੀ ਇਹ ਗਿਣਤੀ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਅੰਕੜਿਆਂ ਤੋਂ ਬਹੁਤ ਘੱਟ ਹੈ।
2 thoughts on “Mahakumbh 2025 : ਕਰੋੜਾਂ ਲੋਕ ਲਾਉਣਗੇ ਆਸਥਾ ਦੀ ਡੁਬਕੀ, ਜਾਣੋ ਕਿਵੇਂ ਹੁੰਦੀ ਹੈ ਕੁੰਭ ਮੇਲੇ ‘ਚ ਸ਼ਰਧਾਲੂਆਂ ਦੀ ਗਿਣਤੀ…?”