ਬਠਿੰਡਾ ਹਵਾਈ ਅੱਡੇ ’ਤੇ ਦੋ ਯਾਤਰੀ ਖਾਲੀ ਤੇ ਜ਼ਿੰਦਾ ਕਾਰਤੂਸ ਸਮੇਤ ਗ੍ਰਿਫਤਾਰ
ਬਠਿੰਡਾ, 27 ਨਵੰਬਰ 2024 – ਬਠਿੰਡਾ ਦੇ ਵਿਰਕ ਕਲਾਂ ਸਥਿਤ ਹਵਾਈ ਅੱਡੇ ’ਤੇ ਦੋ ਯਾਤਰੀਆਂ ਨੂੰ ਖਾਲੀ ਅਤੇ ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਵਿਰੁੱਧ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਦੋਸ਼ੀਆਂ ਤੋਂ ਪੁੱਛਗਿੱਛ ਕਰਨ ’ਚ ਲੱਗੀ ਹੋਈ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਵਿਖੇ ਸਥਿਤ ਸਿਵਲ ਏਅਰਪੋਰਟ ’ਤੇ ਦੋ ਯਾਤਰੀਆਂ ਦੀ ਸਕਰੀਨਿੰਗ ਦੌਰਾਨ ਉਨ੍ਹਾਂ ਦੇ ਹੈਂਡਬੈਗ ’ਚੋਂ 32 ਬੋਰ ਦੇ ਦੋ ਖਾਲੀ ਕਾਰਤੂਸ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ। ਏਅਰਪੋਰਟ ਅਥਾਰਟੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਵਿਕਰਮ ਸਿੰਘ ਵਾਸੀ ਗੁੜਗਾਓਂ ਅਤੇ ਗੁਰਵਿੰਦਰ ਸਿੰਘ ਵਾਸੀ ਫਾਜ਼ਿਲਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਨੌਜਵਾਨਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਥਾਣਾ ਸਦਰ ਵਿਖੇ ਕੇਸ ਦਰਜ ਕਰ ਰਹੇ ਤਫਤੀਸ਼ੀ ਅਫ਼ਸਰ ਮੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ, ਜਿਸ ’ਤੇ ਸਾਡੇ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਕਾਰਤੂਸ ਕਿੱਥੋਂ ਲੈ ਕੇ ਆਏ ਸਨ ਅਤੇ ਕਿੱਥੇ ਲੈ ਕੇ ਜਾਣ ਵਾਲੇ ਸਨ ਜਾਂ ਉਹ ਕਿਹੜਾ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ ਹੈ।