ਜਣੇਪੇ ਦੌਰਾਨ ਮਾਵਾਂ ਦੀ ਮੌਤ ਦਰ ਘਟਾਉਣ ਲਈ ‘ਸਿਰਜਣ’ ਮੋਬਾਈਲ ਐਪ ਲਾਂਚ

Share:

ਐੱਸਏਐੱਸ ਨਗਰ, 27 ਨਵੰਬਰ 2024 – ਜਣੇਪੇ ਦੌਰਾਨ ਅਤੇ ਨਵਜੰਮੇ ਬੱਚਿਆਂ ਨੂੰ ਬਿਹਤਰ ਦੇਖਭਾਲ ਸੇਵਾਵਾਂ ਪ੍ਰਦਾਨ ਕਰਨ ਲਈ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੋਬਾਈਲ-ਐਪ “ਸਿਰਜਣ” ਲਾਂਚ ਕੀਤੀ, ਜੋ ਅਤਿ-ਆਧੁਨਿਕ ਡਿਜੀਟਲ ਪਲੇਟਫ਼ਾਰਮ ਹੈ ਅਤੇ ਜਿਸ ਦਾ ਉਦੇਸ਼ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਗਰਭ ਅਵਸਥਾ, ਜਣੇਪੇ ਦੌਰਾਨ ਅਤੇ ਜਨਮ ਤੋਂ ਬਾਅਦ ਵਿਆਪਕ ਦੇਖਭਾਲ ਪ੍ਰਦਾਨ ਕਰਨ ਲਈ ਸਮਰੱਥ ਬਣਾਉਣਾ ਹੈ। ਇਸ ਮੌਕੇ ਸਿਹਤ ਮੰਤਰੀ ਦੇ ਨਾਲ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ-ਕਮ-ਵਿਸ਼ੇਸ਼ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਘਨਸ਼ਿਆਮ ਥੋਰੀ ਅਤੇ ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ ਕੌਰ ਅਤੇ ਡਿਪਟੀ ਡਾਇਰੈਕਟਰ ਮਦਰ ਐਂਡ ਚਾਈਲਡ ਹੈਲਥ ਡਿਵੀਜ਼ਨ ਡਾ. ਨਵਜੋਤ ਵੀ ਮੌਜੂਦ ਸਨ। ਬੌਰਨ ਹੈਲਥੀ ਪ੍ਰੋਗਰਾਮ ਤਹਿਤ ਜਪਾਈਗੋ ਵੱਲੋਂ ਸਿਰਜਣ ਐਪ ਤਿਆਰ ਕਰਨ ਵਿਚ ਪੰਜਾਬ ਸਰਕਾਰ ਨੂੰ ਸਹਿਯੋਗ ਦਿੱਤਾ ਗਿਆ ਹੈ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਐਂਡਰੌਇਡ ਆਧਾਰਤ ਇਹ ਐਪਲੀਕੇਸ਼ਨ ਸਹਾਇਕ ਨਰਸ ਮਿਡਵਾਈਵਜ਼ (ਏਐੱਨਐੱਮ) ਅਤੇ ਮੈਡੀਕਲ ਅਫ਼ਸਰਾਂ ਲਈ ਉੱਚ ਜੋਖ਼ਮ ਵਾਲੀਆਂ ਗਰਭ-ਅਵਸਥਾਵਾਂ ਨੂੰ ਟਰੈਕ ਕਰਕੇ ਜਨਮ ਤੋਂ ਪਹਿਲਾਂ, ਜਨਮ ਦੌਰਾਨ ਅਤੇ ਜਨਮ ਤੋਂ ਬਾਅਦ ਦੀ ਦੇਖਭਾਲ ਲਈ ਅਹਿਮ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਉੱਚ-ਜੋਖਮ ਵਾਲੀਆਂ ਗਰਭ-ਅਵਸਥਾਵਾਂ ਦੀ ਪਛਾਣ, ਟਰੈਕਿੰਗ ਅਤੇ ਪ੍ਰਬੰਧਨ ਨੂੰ ਵੀ ਮਜ਼ਬੂਤ ਕਰੇਗੀ ਜਿਸ ਨਾਲ ਸਮੇਂ ਸਿਰ ਅਤੇ ਢੁਕਵੀਂ ਦੇਖਭਾਲ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਐਪ ਲਾਭਪਾਤਰੀ ਲਈ ਜਨਮ ਤੋਂ ਪਹਿਲਾਂ ਤੋਂ ਜਣੇਪੇ ਦੀ ਮਿਆਦ ਤੱਕ ਨਿਰੰਤਰ ਦੇਖਭਾਲ ਦੀ ਸਹੂਲਤ ਵੀ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਐਪਲੀਕੇਸ਼ਨ ਨੂੰ ਬਲੂਟੁੱਥ ਰਾਹੀਂ ਡਿਜੀਟਲ ਡਿਵਾਈਸਾਂ ਨਾਲ ਜੋੜਿਆ ਜਾ ਸਕਦਾ ਹੈ ਜੋ ਲਾਭਪਾਤਰੀ ਦੇ ਮਾਪਦੰਡਾਂ ਨੂੰ ਸਿੱਧੇ ਐਪਲੀਕੇਸ਼ਨ ‘ਤੇ ਟਰਾਂਸਫ਼ਰ ਕਰਦਾ ਹੈ ਅਤੇ ਕੋਈ ਵੀ ਐਂਟਰੀ ਖ਼ੁਦ ਕਰਨ ਦੀ ਲੋੜ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਹ ਐਪਲੀਕੇਸ਼ਨ ਐਪ ‘ਤੇ ਦਰਜ ਕੀਤੇ ਗਏ ਜ਼ਰੂਰੀ ਤੱਤਾਂ ਦੇ ਅਧਾਰ ‘ਤੇ ਉੱਚ-ਜੋਖਮ ਵਾਲੀਆਂ ਗਰਭ-ਅਵਸਥਾਵਾਂ ਦੀ ਪਛਾਣ ਕਰਕੇ ਉਚਿੱਤ ਫ਼ੈਸਲਾ ਲੈਣ ਵਿਚ ਮਦਦ ਕਰਦੀ ਹੈ ਅਤੇ ਏ.ਐਨ.ਐਮ. ਲਈ ਕਾਰਜ ਯੋਜਨਾ, ਐਮ,ਸੀ.ਪੀ. ਕਾਰਡ ਅਤੇ ਡੈਸ਼ ਬੋਰਡ ਤਿਆਰ ਕਰਨ ਵਿਚ ਵੀ ਮਦਦ ਕਰਦੀ ਹੈ। ਮੰਤਰੀ ਨੇ ਕਿਹਾ ਕਿ ਉੱਚ-ਜੋਖਮ ਵਾਲੀਆਂ ਗਰਭ-ਅਵਸਥਾਵਾਂ ਨੂੰ ਐਮ.ਓ. ਐਪ ਵਿਚ ਦੇਖ ਸਕਦੇ ਹਨ, ਜਿਸ ਨਾਲ ਮਰੀਜ਼ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ ਅਤੇ ਐਮ.ਓ. ਵੱਲੋਂ ਕੀਤੇ ਗਏ ਇਲਾਜ ਨੂੰ ਐਪ ‘ਤੇ ਅੱਪਲੋਡ ਕੀਤਾ ਜਾ ਸਕਦਾ ਹੈ, ਜੋ ਕਿ ਐਪਲੀਕੇਸ਼ਨ ਦੀ ਵਰਤੋਂ ਕਰਦੇ ਹੋਏ ਸਬੰਧਿਤ ਏ.ਐਨ.ਐਮ. ਕੋਲ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਲੇਬਰ ਰੂਮ ਵਿਚ ਐਪ ‘ਤੇ ਸਾਰੀਆਂ ਜ਼ਰੂਰੀ ਚੀਜ਼ਾਂ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ ਜਿਸ ਨਾਲ ਕਿਸੇ ਵੀ ਖ਼ਤਰੇ ਜਾਂ ਵੱਡੀ ਸਹੂਲਤ ਵਿਚ ਰੈਫ਼ਰ ਕਰਨ ਦੀ ਜ਼ਰੂਰਤ ਦਾ ਪਤਾ ਲਗਾਇਆ ਜਾ ਸਕਦਾ ਹੈ। ਸਿਹਤ ਮੰਤਰੀ ਨੇ ਪੰਜਾਬ ਵਿਚ ਜਣੇਪਾ ਦੌਰਾਨ ਹੋਣ ਵਾਲੀ ਉੱਚ ਮੌਤ ਦਰ ਨਾਲ ਨਜਿੱਠਣ ਦੀ ਗੰਭੀਰ ਲੋੜ ‘ਤੇ ਜ਼ੋਰ ਦਿੱਤਾ ਅਤੇ ਮਾਵਾਂ ਅਤੇ ਨਵਜੰਮੇ ਬੱਚਿਆਂ ਲਈ ਮਿਆਰੀ ਸਿਹਤ ਦੇਖਭਾਲ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਵਜੋਂ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਦੱਸਣਯੋਗ ਹੈ ਕਿ ਇਸ ਐਪ ਨੂੰ ਸ਼ੁਰੂਆਤੀ ਤੌਰ ‘ਤੇ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਦੇ ਨਤੀਜਿਆਂ ਦੇ ਅਧਾਰ ‘ਤੇ ਇਸ ਦਾ ਵਿਸਤਾਰ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦਾ ਉਦੇਸ਼ ਗਰਭਵਤੀ ਮਾਵਾਂ ਲਈ ਪ੍ਰਕਿਰਿਆਵਾਂ ਵਿਚ ਸੁਧਾਰ ਕਰਕੇ ਘੱਟ ਵਜ਼ਨ ਵਾਲੇ ਬੱਚਿਆਂ ਦੇ ਜਨਮ ਵਿਚ 10 ਫ਼ੀਸਦੀ ਤੱਕ ਕਮੀ ਲਿਆਉਣਾ ਹੈ।

Leave a Reply

Your email address will not be published. Required fields are marked *