25 ਕਰੋੜ ਦੀ ਲਾਗਤ ਨਾਲ ਖ਼ਾਲਸੇ ਦੀ ਜਨਮਭੂਮੀ ਬਣੇਗੀ ਵ੍ਹਾਈਟ ਸਿਟੀ, ਸ਼੍ਰੀ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਬਣੇਗੀ ਚਾਰਮਾਰਗੀ ਸੜਕ : ਹਰਜੋਤ ਬੈਂਸ

ਰੂਪਨਗਰ, 20 ਨਵੰਬਰ 2024 – ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਲਦ ਹੀ 25 ਕਰੋੜ ਰੁਪਏ ਦੀ ਲਾਗਤ ਵ੍ਹਾਈਟ ਸਿਟੀ ਬਣਾਈ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਥਾਨਿਕ ਪੁਲਿਸ ਲਾਈਨ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਪੰਚ ਸਹੁੰ ਚੁੱਕ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਚਾਰਮਾਰਗੀ ਸੜਕ ਬਣਾਉਣ ਲਈ ਜਲਦ ਹੀ ਟੈਂਡਰ ਲੱਗ ਰਹੇ ਹਨ ਕਿਉਂਕਿ ਇਸ ਸੜਕ ’ਤੇ ਲਗਾਤਾਰ ਸੜਕ ਹਾਦਸੇ ਵਧ ਰਹੇ ਹਨ ਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਮੰਤਰੀ ਬੈਂਸ ਨੇ ਪੰਜਾਬ ਸਰਕਾਰ ਟੂਰਿਜ਼ਮ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ ਕਈ ਕੰਮ ਕੇਂਦਰ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਰ ਕੇ ਅਟਕੇ ਹੋਏ ਹਨ। ਉਨ੍ਹਾਂ ਕਿਹਾ ਕਿ ਨੰਗਲ ਵਿਚ 100 ਕਰੋੜ ਦੀ ਲਾਗਤ ਨਾਲ ਵਰਲਡ ਸੈਂਚਰੀ ਸੈਂਟਰ ਤੇ ਨੈਚਰ ਪਾਰਕ ਬਣਾਏ ਗਏ ਅਤੇ ਜਲਦ ਹੀ ਟਰਬਨ ਮਿਊਜ਼ੀਅਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਰੂਪਨਗਰ ਵਿਚ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਿਰਾਸਤੀ ਚੌਕੀ ਨੂੰ ਵਿਧਾਇਕ ਦਿਨੇਸ਼ ਚੱਢਾ ਵੱਲੋਂ ਦੋ ਕਰੌੜ ਦੀ ਲਾਗਤ ਨਾਲ ਕੰਮ ਕੀਤਾ ਗਿਆ ਅਤੇ ਹੋਰ ਵੀ ਵਿਰਾਸਤੀ ਤੇ ਇਤਿਹਾਸਕ ਸਥਾਨਾਂ ’ਤੇ ਕੰਮ ਕੀਤਾ ਜਾ ਰਿਹਾ ਹੈ।
ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜ਼ਿਲ੍ਹੇ ਪੰਚਾਂ ਨੂੰ ਇਹੀ ਅਪੀਲ ਕੀਤੀ ਗਈ ਹੈ ਕਿ ਪੰਚਾਇਤ ਰਲ ਕੇ ਆਪੋ ਆਪਣੇ ਪਿੰਡਾਂ ਦੇ ਵਿਕਾਸ ਲਈ ਜਾਨੂੰਨੀ ਬਣ ਕੇ ਕੰਮ ਕਰਨ ਤਾਂ ਹੀ ਇੱਕ ਪੰਚਾਇਤ ਸਫ਼ਲ ਪੰਚਾਇਤ ਬਣ ਸਕਦੀ ਹੈ। ਉਨ੍ਹਾਂ ਕਿਹਾਕਿ ਪੰਚਾਇਤਾਂ ਕੋਲ ਕਾਫੀ ਅਧਿਕਾਰ ਹੁੰਦੇ ਹਨ ਜਿਸ ਦੇ ਲਈ ਸਰਪੰਚ ਤੇ ਪੰਚਾਂ ਨੂੰ ਜਲਦ ਹੀ ਉਨ੍ਹਾਂ ਦੀਆ ਸ਼ਕਤੀਆਂ ਤੇ ਕੰਮ ਬਾਰੇ ਟਰੇਨਿੰਗ ਦਿੱਤੀ ਜਾਵੇਗੀ, ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਬਲਾਕ ਵਿਚ ਇੱਕ ਪਾਇਲਟ ਪ੍ਰਾਜੈਕਟ ਤਹਿਤ ਟਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ,ਐਸਐਸਪੀ ਗੁਲਨੀਤ ਸਿੰਘ ਖੁਰਾਣਾ,ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ,ਮੰਤਰੀ ਬੈਂਸ ਦੇ ਮੀਡੀਆ ਕੌਆਰਡੀਨੇਟਰ ਦੀਪਕ ਸੋਨੀ ਤੇ ਹੋਰ ਆਗੂ ਤੇ ਅਧਿਕਾਰੀ ਹਾਜ਼ਰ ਸਨ।