ਵਿਆਹ ਸਮਾਗਮ ਦੀ ਫ਼ੋਟੋਗਰਾਫ਼ੀ ਕਰਦੇ ਨੌਜਵਾਨ ਦੀ ਹਾਈ ਵੋਲਟੇਜ਼ ਤਾਰਾਂ ਦੀ ਚਪੇਟ ‘ਚ ਆਉਣ ਕਾਰਨ ਮੌਤ
ਮੁਹਾਲੀ , 18 ਨਵੰਬਰ 2024 – ਨਿਆ ਗਾਓਂ ਨੇੜੇ ਪਿੰਡ ਸਿੰਘਾ ਦੇਵੀ ਵਿਖੇ ਵਿਆਹ ਦੇ ਲੇਡੀ ਸੰਗੀਤ ਦੇ ਚਲਦੇ ਪ੍ਰੋਗਰਾਮ ’ਚ ਫ਼ੋਟੋਗ੍ਰਾਫ਼ਰ ਜਤਿੰਦਰ ਜੈਨ ਦੀ ਮੌਤ ਹੋ ਜਾਣ ਨਾਲ਼ ਮਾਤਮ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ 16 ਨਵੰਬਰ ਦੀ ਰਾਤ ਨੂੰ ਸਿੰਘਾ ਦੇਵੀ ਦੀ ਤੁਬੇਕਾ ਵਾਲੀ ਗਲੀ ਵਿਚ ਵਿਆਹ ਦਾ ਲੇਡੀ ਸੰਗੀਤ ਚੱਲ ਰਿਹਾ ਸੀ।
ਇਸ ਵਿਆਹ ’ਚ ਫ਼ੋਟੋਗ੍ਰਾਫ਼ੀ ਕਰਨ ਆਏ ਫੋਟੋਗ੍ਰਾਫਰ ਪ੍ਰੋਗਰਾਮ ਦੌਰਾਨ ਘਰ ਦੀ ਦੂਜੀ ਮੰਜ਼ਿਲ ’ਤੇ ਚਲੇ ਗਏ ਅਤੇ ਉਥੋਂ ਹੀ ਹੇਠਾਂ ਫੋਟੋਗ੍ਰਾਫੀ ਕਰਨੀ ਸ਼ੁਰੂ ਕਰ ਦਿਤੀ। ਪਰ ਇਸ ਦੌਰਾਨ ਗਲੀ ਵਿਚੋਂ ਲੰਘਦੀ 11 ਕੇਵੀ ਲਾਈਨ ਨੇ ਉਸ ਨੂੰ ਅਪਣੇ ਵਲ ਖਿੱਚ ਲਿਆ ਅਤੇ ਉਹ ਤਾਰਾਂ ਦੇ ਸੰਪਰਕ ਵਿਚ ਆ ਗਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਫੋਟੋਗ੍ਰਾਫਰ ਦੀ ਗਰਦਨ ਕੱਟ ਕੇ ਜ਼ਮੀਨ ’ਤੇ ਡਿੱਗ ਗਈ ਅਤੇ ਉਸ ਦੀ ਲਾਸ਼ ਬਾਲਕੋਨੀ ’ਚ ਲਟਕਦੀ ਰਹੀ। ਮਿ੍ਰਤਕ ਫੋਟੋਗ੍ਰਾਫਰ ਦੀ ਪਛਾਣ 32 ਸਾਲਾ ਜਤਿੰਦਰ ਜੈਨ ਉਰਫ਼ ਜਤਿਨ ਵਜੋਂ ਹੋਈ ਹੈ ਜੋ ਬਲੌਂਗੀ ਵਿਚ ਐਮ.ਕੇ ਸਟੂਡੀਓਜ਼ ਦੇ ਨਾਂ ਨਾਲ ਅਪਣੀ ਦੁਕਾਨ ਚਲਾਉਂਦਾ ਸੀ ਅਤੇ ਫੇਜ਼-9 ਵਿਚ ਪਰਿਵਾਰ ਸਮੇਤ ਰਹਿੰਦਾ ਸੀ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਫੋਟੋਗ੍ਰਾਫਰ ਦੀ ਲਾਸ਼ ਤਿੰਨ ਘੰਟੇ ਤਕ ਬਾਲਕੋਨੀ ’ਚ ਲਟਕਦੀ ਰਹੀ। ਮਿ੍ਰਤਕ ਦੀ ਕਮਰ ਦਾ ਹੇਠਲਾ ਹਿੱਸਾ ਘਰ ਦੇ ਅੰਦਰ ਸੀ ਜਦਕਿ ਕਮਰ ਦਾ ਉਪਰਲਾ ਹਿੱਸਾ ਬਾਹਰ ਹਵਾ ਵਿਚ ਲਟਕਿਆ ਹੋਇਆ ਸੀ ਅਤੇ ਉਪਰਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ ਸੀ। ਇਸ ਤੋਂ ਇਲਾਵਾ ਉਸ ਦੀ ਗਰਦਨ ਕੱਟ ਕੇ ਜ਼ਮੀਨ ’ਤੇ ਡਿੱਗ ਗਈ। ਹਾਦਸੇ ਤੋਂ ਬਾਅਦ ਬਿਜਲੀ ਕਰਮਚਾਰੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਪੂਰੀ ਲਾਈਨ ਬੰਦ ਕਰਕੇ ਤਿੰਨ ਘੰਟੇ ਬਾਅਦ ਬੜੀ ਮੁਸ਼ੱਕਤ ਨਾਲ ਲਾਸ਼ ਨੂੰ ਬਾਲਕੋਨੀ ’ਚੋਂ ਬਾਹਰ ਕੱਢਿਆ।
ਪਤਾ ਲੱਗਾ ਹੈ ਕਿ ਜਤਿਨ ਕਰੀਬ ਇਕ ਸਾਲ ਪਹਿਲਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਦੌਰਾਨ ਉਸ ਦੀ ਬਾਂਹ ਟੁੱਟ ਗਈ ਅਤੇ ਉਸ ਦਾ ਆਪਰੇਸ਼ਨ ਕੀਤਾ ਗਿਆ। ਆਪਰੇਸ਼ਨ ਦੌਰਾਨ ਡਾਕਟਰਾਂ ਨੂੰ ਉਸ ਦੀ ਬਾਂਹ ’ਚ ਰਾਡ ਪਾਉਣੀ ਪਈ। ਇਸ ਲਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਜਤਿਨ ਸ਼ੂਟਿੰਗ ਕਰਨ ਲਈ ਬਾਲਕੋਨੀ ਵਿਚ ਗਿਆ ਤਾਂ ਜਿਵੇਂ ਹੀ ਉਹ ਤਾਰਾਂ ਦੇ ਨੇੜੇ ਗਿਆ ਤਾਂ ਤਾਰਾਂ ਨੇ ਉਸ ਨੂੰ ਅਪਣੇ ਵਲ ਖਿੱਚ ਲਿਆ। ਤਾਰਾਂ ਨੇ ਉਸ ਨੂੰ ਇੰਨੇ ਜ਼ੋਰ ਨਾਲ ਅਪਣੇ ਵਲ ਖਿੱਚਿਆ ਕਿ ਉਸ ਦੀ ਗਰਦਨ ਤਾਰਾਂ ਨਾਲ ਟਕਰਾ ਗਈ ਅਤੇ ਇਸ ਦੇ ਨਾਲ ਹੀ ਉਸ ਦੀ ਗਰਦਨ ਧੜ ਤੋਂ ਵੱਖ ਹੋ ਗਈ।